ਰੂਪਨਗਰ ਤੋਂ ਮੇਰੀ ਡੀਸੀਸ਼ਿਪ ਦਾ ਖੂਬਸੂਰਤ ਆਗਾਜ਼ ਹੋਇਆ : ਹਿਮਾਂਸ਼ੂ ਜੈਨ

149

ਰੂਪਨਗਰ ਤੋਂ ਮੇਰੀ  ਡੀਸੀਸ਼ਿਪ ਦਾ ਖੂਬਸੂਰਤ ਆਗਾਜ਼ ਹੋਇਆ : ਹਿਮਾਂਸ਼ੂ ਜੈਨ

ਬਹਾਦਰਜੀਤ   ਸਿੰਘ/ ਰੂਪਨਗਰ,11 ਅਪ੍ਰੈਲ,2025

ਰੂਪਨਗਰ ਤੋਂ ਬਦਲ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਬਣੇ  ਹਿਮਾਂਸ਼ੂ ਜੈਨ ਆਈਏਐਸ ਨੂੰ ਅੱਜ ਰੂਪਨਗਰ ਪ੍ਰੈਸ ਕਲੱਬ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ।

ਇਸ ਮੌਕੇ ਹਿਮਾਸ਼ੂ ਜੈਨ ਨੇ ਬਹੁਤ ਹੀ ਭਾਵੁਕ ਲਹਿਜੇ ਵਿੱਚ ਰੂਪਨਗਰ ਵਿਖੇ ਬਿਤਾਏ ਕਾਰਜਕਾਲ ਦਾ ਸਮਾਂ ਬਿਆਨ ਕੀਤਾ। ਉਨਾਂ ਕਿਹਾ ਕਿ ਰੂਪਨਗਰ ਤੋਂ ਮੇਰੀ ਡੀਸੀਸ਼ਿਪ ਦੀ ਬਹੁਤ ਹੀ ਖੂਬਸੂਰਤ ਸ਼ੁਰੂਆਤ ਹੋਈ ਹੈ ਇੱਥੇ ਮੈਂ ਬਹੁਤ ਕੁਝ ਕਰਨ ਦੇ ਸੁਪਨੇ ਸਜੋਏ ਸਨ ਜਿਨਾਂ ਦਾ ਆਰੰਭ ਹੋ ਚੁੱਕਾ ਸੀ।

ਉਹਨਾਂ ਦੱਸਿਆ ਕਿ ਜਦੋਂ ਹਾਲ ਹੀ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਨੰਗਲ ਨੂੰ ਟੂਰਿਜ਼ਮ ਲਈ 10 ਕਰੋੜ ਦਾ ਐਲਾਨ ਕੀਤਾ ਗਿਆ ਤਾਂ ਮੇਰੇ ਸੁਪਨਿਆਂ ਨੂੰ ਪਹਿਲਾ ਬੂਰ ਪਿਆ ਜਾਪਿਆ ਹਾਲਾਂਕਿ ਮੈਂ ਰੂਪਨਗਰ ਜਿਲੇ ਦੇ ਕੁਦਰਤੀ ਸੁਹੱਪਣ ਅਤੇ ਇੱਥੋਂ ਦੇ ਪ੍ਰਕਿਰਤਿਕ ਸੋਮਿਆਂ ਨੂੰ ਟੂਰਿਜ਼ਮ ਵਜੋਂ ਉਭਾਰਨ ਲਈ ਕਈ ਯੋਜਨਾਵਾਂ ਉਲੀਕੀਆਂ ਸਨ, ਇਸ ਤੋਂ ਇਲਾਵਾ ਹਸਪਤਾਲ, ਸ਼ਹਿਰ ਦੀਆਂ ਗਲੀਆਂ ਲਈ ਵੀ ਕੁਝ ਕਰਨ ਦੀ ਤਮੰਨਾ ਸੀ ਪਰ ਅਚਾਨਕ ਸੁਨੇਹਾ ਆ ਗਿਆ ਕਿ ਤੁਹਾਨੂੰ ਲੁਧਿਆਣਾ ਬਦਲ ਦਿੱਤਾ ਗਿਆ ਹੈ।

ਖੈਰ… ਬਦਲੀ ਵੀ ਸਰਵਿਸਮੈਨ ਦੇ  ਜੀਵਨ ਦਾ ਹਿੱਸਾ ਹੈ, ਸਾਡੀ ਸੇਵਾ ਹੀ ਲੋਕਾਂ ਲਈ ਹੈ ਭਾਵੇਂ ਉਹ ਕਿਸੇ ਵੀ ਸਥਾਨ ਤੇ ਹੋਣ।ਉਹਨਾਂ ਰੂਪਨਗਰ ਪ੍ਰੈਸ ਦੀ ਸ਼ਲਾਘਾ  ਕਰਦਿਆਂ ਕਿਹਾ ਕਿ ਇਥੋਂ ਦੀ ਪ੍ਰੈਸ ਦਾ ਬਹੁਤ ਹੀ ਭਰਵਾਂ ਸਹਿਯੋਗ ਮਿਲਿਆ ਹੈ ਅਤੇ ਇਥੋਂ ਦੀ ਪ੍ਰੈਸ ਪ੍ਰਸ਼ਾਸਨ ਨੂੰ ਚੰਗੇ ਕੰਮਾਂ ਲਈ ਸਾਕਾਰਾਤਮਕ ਸਹਿਯੋਗ ਦਿੰਦੀ ਹੈ। ਉਹਨਾਂ ਦੱਸਿਆ ਕਿ ਜਦੋਂ ਮੈਂ ਇਸ ਜਿਲ੍ਹੇ ਵਿੱਚ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਣਾ ਸੀ ਤਾਂ ਮੈਨੂੰ ਕਿਸੇ ਨੇ ਦੱਸਿਆ ਕਿ ਪੰਜਾਬ ਦੇ ਕੁੱਝ ਹੋਰ ਜਿਲਿਆਂ ਵਾਂਗ ਇੱਥੇ 302 ਧਾਰਾ ਨਹੀਂ ਲੱਗਦੀ ਇੱਥੇ ਤਾਂ ਜੁਰਮ ਦੀ ਵੱਧ ਤੋਂ ਵੱਧ ਧਾਰਾ  107- 51 ਲੱਗਦੀ ਹੈ।

ਜਿਸ ਦਾ ਅੰਦਾਜ਼ਾ ਮੈਨੂੰ ਇੱਥੇ ਆ ਕੇ ਕੁਝ ਮਹੀਨਿਆਂ ਵਿੱਚ ਹੀ ਲੱਗ ਗਿਆ ਕਿ ਇਥੋਂ ਦੇ ਲੋਕ ਤਾਂ ਵਾਕਈ  ਬਹੁਤ ਹੀ ਸ਼ਾਂਤ ਸੁਭਾਅ ਅਤੇ ਨਿਮਰਤਾ ਵਾਲੇ ਹਨ, ਜਿਸ ਨੇ ਮੈਨੂੰ ਬਹੁਤ ਕਾਇਲ ਕੀਤਾ। ਇਸ ਮੌਕੇ ਉਨਾਂ ਇਸ ਜ਼ਿਲ੍ਹੇ ਵਿੱਚ ਪਹਿਲੀ ਵਾਰ ਡਿਪਟੀ ਕਮਿਸ਼ਨਰ ਬਣਨ ਤੋਂ ਲੈ ਕੇ ਚੀਫ ਸੈਕਟਰੀ ਤੱਕ ਆਪਣਾ ਸਫ਼ਰ ਤੈਅ ਕਰਨ ਵਾਲੇ  ਵਿਨੀ ਮਹਾਜਨ ਨੂੰ ਵੀ ਯਾਦ ਕੀਤਾ ਜੋ ਹੁਣ ਆਪਣੀਆਂ ਸੇਵਾਵਾਂ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਉਹਨਾਂ ਇੱਛਾ ਜਾਹਰ ਕੀਤੀ ਕਿ ਉਨ੍ਹਾਂ ਨੂੰ  ਰੂਪਨਗਰ ਪ੍ਰੈਸ ਕਲੱਬ ਦਾ ਹਿੱਸਾ ਹੀ ਬਣਾ ਲਿਆ ਜਾਵੇ ਜਿਸ ਤੋਂ ਬਾਅਦ ਰੂਪਨਗਰ ਪ੍ਰੈਸ ਕਲੱਬ ਨੇ ਉਹਨਾਂ ਨੂੰ ਰੂਪਨਗਰ ਪ੍ਰੈਸ ਕਲੱਬ ਦਾ ਅਨਰੇਰੀ ਮੈਂਬਰ ਮਨੋਨੀਤ ਕਰਨ ਦਾ ਫੈਸਲਾ ਕੀਤਾ। ਹਿਮਾਂਸ਼ੂ ਜੈਨ ਨੇ ਕਿਹਾ ਕਿ ਉਹ ਰੂਪਨਗਰ ਪ੍ਰੈਸ ਕਲੱਬ ਦੀ ਹਰ ਸੰਭਵ ਮਦਦ ਕਰਨਗੇ ਅਤੇ ਜਦੋਂ ਵੀ ਉਹ ਮੈਨੂੰ ਯਾਦ ਕਰਨਗੇ ਤਾਂ ਮੈਨੂੰ ਆਪਣਾ ਛੋਟਾ ਭਰਾ ਸਮਝ ਕੇ ਯਾਦ ਕਰ ਲੈਣ।

ਰੂਪਨਗਰ ਤੋਂ ਮੇਰੀ  ਡੀਸੀਸ਼ਿਪ ਦਾ ਖੂਬਸੂਰਤ ਆਗਾਜ਼ ਹੋਇਆ : ਹਿਮਾਂਸ਼ੂ ਜੈਨ

ਇਸ ਤੋਂ ਪਹਿਲਾਂ ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਨੇ  ਹਿਮਾਂਸ਼ੂ ਜੈਨ ਦਾ ਭਰਵਾਂ ਸਵਾਗਤ ਕੀਤਾ ਅਤੇ ਉਹਨਾਂ ਦੀ  ਸ਼ਖਸ਼ੀਅਤ ਅਤੇ ਕਾਰਜ ਸ਼ੈਲੀ ਦੀ ਸਲਾਘਾ ਕੀਤੀ।

ਇਸ ਮੌਕੇ ਕਲੱਬ ਦੇ ਮੁੱਖ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ, ਰਜਿੰਦਰ ਸੈਣੀ,ਸਤੀਸ਼ ਜਗੋਤਾ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ ਨੇ  ਹਿਮਾਂਸ਼ੂ ਜੈਨ ਆਈ ਏ ਐਸ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਬਹਾਦਰਜੀਤ ਸਿੰਘ, ਸਾਬਕਾ ਪ੍ਰਧਾਨ ਵਿਜੇ ਸ਼ਰਮਾ, ਸਾਬਕਾ ਪ੍ਰਧਾਨ ਅਜੇ ਅਗਨੀਹੋਤਰੀ, ਮੀਤ ਪ੍ਰਧਾਨ ਕਮਲਦੀਪ ਸਿੰਘ ਭਾਰਜ, ਸੰਯੁਕਤ ਸਕੱਤਰ ਰਾਜਨ ਵੋਹਰਾ, ਕੈਸ਼ੀਅਰ ਸੁਰਜੀਤ ਸਿੰਘ ਗਾਂਧੀ ਸਮੇਤ ਕਾਰਜਕਾਰਨੀ ਕਮੇਟੀ ਮੈਂਬਰਾਂ ਕੈਲਾਸ਼ ਅਹੂਜਾ, ਲਖਬੀਰ ਸਿੰਘ ਖਾਬੜਾ, ਸਰਬਜੀਤ ਸਿੰਘ ਕਾਕਾ, ਸ਼ਾਮ ਲਾਲ ਬੈਂਸ, ਵਰੁਣ ਲਾਂਬਾ, ਸੁਮਿਤ ਪਸਰੀਚਾ, ,ਮੂਨਪ੍ਰੀਤ ਸਿੰਘ ਅਤੇ ਪ੍ਰਿੰਸ ਆਦਿ ਨੇ  ਹਿਮਾਂਸ਼ੂ ਜੈਨ ਨੂੰ ਇੱਕ ਯਾਦਗਾਰੀ ਚਿੰਨ ਭੇਂਟ ਕੀਤਾ।