ਰੂਪਨਗਰ ‘ਚ ਪਹਿਲੀ ਤੇਜ ਵਰਖਾ ਨੇ ਵਿਧਾਇਕ ਅਤੇ ਨਗਰ ਕੌਂਸਲ ਵਲੋਂ ਕੀਤੇ ਵਿਕਾਸ ਦੇ ਦਾਅਵਿਆਂ ਦੀ ਖੋਲ੍ਹੀ ਪੋਲਃ ਅਜੈਵੀਰ ਸਿੰਘ ਲਾਲਪੁਰਾ
ਬਹਾਦਰਜੀਤ ਸਿੰਘ /ਰੂਪਨਗਰ, 28 ਜੁਲਾਈ 2025
ਰੂਪਨਗਰ ‘ਚ ਹੋਈ ਪਹਿਲੀ ਭਾਰੀ ਵਰਖਾ ਨੇ ਵਿਧਾਇਕ ਵਲੋਂ ਕੀਤੇ ਜਾਂਦੇ ਵਿਕਾਸ ਦਾਅਵਿਆਂ ਅਤੇ ਪਾਣੀ ਨਿਕਾਸੀ ਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਿੲਹ ਗੱਲ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਆਖੀ। ਉਨ੍ਹਾਂ ਵਿਧਾਇਕ ਅਤੇ ਨਗਰ ਕੌਂਸਲ ਦੀ ਕ ਿਥਤ ਨਕਾਰਾਤਮਕ ਕਾਰਗੁਜ਼ਾਰੀ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ। ਲਾਲਪੁਰਾ ਨੇ ਕਿਹਾ ਕਿ ਹਰ ਪੰਜ ਸਾਲ ਬਾਅਦ ਵਿਧਾਇਕ ਤੇ ਕੌਂਸਲਰ ਲੋਕਾਂ ਦੇ ਦਰਵਾਜੇ ‘ਤੇ ਵੋਟਾਂ ਮੰਗਣ ਆਉਂਦੇ ਹਨ, ਪਰ ਚੋਣਾਂ ਜਿੱਤਣ ਤੋਂ ਬਾਅਦ ਇਹ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਪਿੱਠ ਮੋੜ ਲੈਂਦੇ ਹਨ।”
ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਵਿਧਾਇਕ ਨੂੰ ਲੋਕਾਂ ਦੀ ਅਸਲ ਹਾਲਤ ਬਾਰੇ ਕੋਈ ਲੈਣਾ-ਦੇਣਾ ਨਹੀਂ ਅਤੇ ਨਗਰ ਕੌਂਸਲ ਦੀ ਲਾਪਰਵਾਹੀ ਕਰਕੇ ਹਰੇਕ ਸਾਲ ਮੀਂਹ ਆਉਣ ‘ਤੇ ਰੂਪਨਗਰ ਸ਼ਹਿਰ ਪਾਣੀ ‘ਚ ਡੁੱਬ ਜਾਂਦਾ ਹੈ।
ਲਾਲਪੁਰਾ ਨੇ ਜੈਲ ਸਿੰਘ ਨਗਰ, ਗਾਂਧੀ ਨਗਰ, ਬੇਲਾ ਚੌਂਕ, ਆਦਰਸ਼ ਨਗਰ, ਮਹਿੰਦਰਾ ਕਲੋਨੀ, ਸ਼ਾਮਪੁਰਾ ਅਤੇ ਮਾਧੋਦਾਸ ਕਾਲੋਨੀ ਆਦਿ ਇਲਾਕਿਆਂ ਦੀ ਵਿਸ਼ੇਸ਼ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਥਾਵਾਂ ‘ਚ ਮੀਂਹ ਤੋਂ ਬਾਅਦ ਨੱਕੋ ਨੱਕ ਪਾਣੀ ਭਰ ਜਾਂਦਾ ਹੈ।“ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ, ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲ ਰਹੀਆਂ ਹਨ, ਤੇ ਜਿੰਮੇਵਾਰ ਲੋਕ ਸਿਰਫ਼ ਬਿਆਨਬਾਜ਼ੀ ਕਰ ਰਹੇ ਹਨ,” ਲਾਲਪੁਰਾ ਨੇ ਆਖਿਆ।

ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਭਾਜਪਾ ਵੱਲੋਂ ਇਨ੍ਹਾਂ ਮਸਲਿਆਂ ‘ਤੇ ਵੱਡਾ ਜਨ ਆੰਦੋਲਨ ਸ਼ੁਰੂ ਕੀਤਾ ਜਾਵੇਗਾ।
ਲਾਲਪੁਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਿਸੇ ਵੀ ਉਮੀਦਵਾਰ ਦੀ ਨੀਤੀ ਅਤੇ ਨੀਅਤ ਦੇਖ ਕੇ ਹੀ ਵੋਟ ਪਾਈ ਜਾਵੇ। “ਜੋ ਚੋਣਾਂ ਜਿੱਤਣ ਤੋਂ ਬਾਅਦ ਪੰਜ ਸਾਲ ਤੱਕ ਮੁੜ ਲੋੜੀਂਦੇ ਵੇਲੇ ਵੀ ਨਹੀਂ ਆਉਂਦੇ, ਅਜਿਹੇ ਨੁਮਾਇੰਦਿਆਂ ਤੋਂ ਸਾਵਧਾਨ ਰਹੋ,” ਲਾਲਪੁਰਾ ਨੇ ਕਿਹਾ।