ਰੂਪਨਗਰ ਪ੍ਰੈਸ ਕਲੱਬ ਨੇ ਕਰਵਾਈ “ਮੋਬਾਇਲ ਜਰਨਲਿਜ਼ਮ” ਵਰਕਸ਼ਾਪ, ਪੀਟੀਸੀ ਚੈਨਲ ਦੇ ਡਿਜੀਟਲ ਮੁਖੀ ਦਲੀਪ ਸਿੰਘ ਨੇ ਦਿੱਤੀ ਜਾਣਕਾਰੀ
ਬਹਾਦਰਜੀਤ ਸਿੰਘ / ਰੋਯਾਲਪਟਿਆਲਾ.ਇਨ/ ਰੂਪਨਗਰ, 16 ਅਗਸਤ ,2025
ਰੂਪਨਗਰ ਪ੍ਰੈਸ ਕਲੱਬ ਵੱਲੋਂ ਅੱਜ ਪੱਤਰਕਾਰਾਂ ਲਈ “ਮੋਬਾਇਲ ਜਰਨਲਿਜ਼ਮ ਅਤੇ ਸੋਸ਼ਲ ਮੀਡੀਆ” ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦੇ ਮੁੱਖ ਵਕਤਾ ਪੀਟੀਸੀ ਚੈਨਲ ਦੇ ਡਿਜੀਟਲ ਮੁਖੀ ਦਲੀਪ ਸਿੰਘ ਸਨ, ਜੋ ਬੀਬੀਸੀ ਸਮੇਤ ਕਈ ਹੋਰ ਅੰਤਰਰਾਸ਼ਟਰੀ ਮੀਡੀਆ ਸੰਸਥਾਵਾਂ ਵਿੱਚ ਸੇਵਾ ਨਿਭਾ ਚੁੱਕੇ ਹਨ।
ਦਲੀਪ ਸਿੰਘ ਨੇ ਮੋਬਾਇਲ ਜਰਨਲਿਜ਼ਮ ਦੀਆਂ ਬਰੀਕੀਆਂ, ਇਸ ਦੇ ਫਾਇਦੇ ਅਤੇ ਨੈਤਿਕ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵੈਬ ਪੋਰਟਲਾਂ, ਵੈਬ ਚੈਨਲਾਂ ਅਤੇ ਨਿੱਜੀ ਤੌਰ ’ਤੇ ਸੋਸ਼ਲ ਮੀਡੀਆ ਪੱਤਰਕਾਰੀ ਕਰਨ ਲਈ ਮੋਬਾਇਲ ਸਭ ਤੋਂ ਉੱਤਮ ਸਰੋਤ ਹੈ ਜੋ ਅੱਜ ਰੁਜ਼ਗਾਰ ਦਾ ਮਹੱਤਵਪੂਰਨ ਸਾਧਨ ਵੀ ਬਣ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਵੀ ਖੁੱਲ੍ਹੇ ਦਿਲ ਨਾਲ ਜਵਾਬ ਦਿੱਤੇ।
ਵਰਕਸ਼ਾਪ ਦਾ ਰਸਮੀ ਆਰੰਭ ਪ੍ਰਸਿੱਧ ਸਮਾਜਸੇਵੀ ਅਤੇ ਪ੍ਰੈਸ ਕਲੱਬ ਦੇ ਆਨਰੇਰੀ ਮੈਂਬਰ ਡਾ. ਆਰ.ਐਸ. ਪਰਮਾਰ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ) ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਅਤੇ ਮੋਬਾਇਲ ਜਰਨਲਿਜ਼ਮ ਸੂਚਨਾ ਦੇ ਅਦਾਨ–ਪ੍ਰਦਾਨ ਦੇ ਸਭ ਤੋਂ ਤੇਜ਼ ਸਾਧਨ ਬਣ ਗਏ ਹਨ। ਅਜਿਹੀਆਂ ਵਰਕਸ਼ਾਪਾਂ ਪੱਤਰਕਾਰਾਂ ਨੂੰ ਨਵੀਂ ਤਕਨੀਕ ਸਿੱਖਣ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਇਹ ਰੂਪਨਗਰ ਪ੍ਰੈਸ ਕਲੱਬ ਦਾ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਜਦੋਂ ਕਿ ਜਨਰਲ ਸਕੱਤਰ ਤੇਜਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਵਰਕਸ਼ਾਪ ਵਿੱਚ ਰੂਪਨਗਰ ਤੋਂ ਇਲਾਵਾ ਨੰਗਲ, ਸ਼੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਆਏ ਪੱਤਰਕਾਰਾਂ ਨੇ ਵੀ ਭਾਗ ਲਿਆ। ਇਸ ਮੌਕੇ ਕਲੱਬ ਦੇ ਮੁੱਖ ਸਰਪਰਸਤ ਗੁਰਚਰਨ ਸਿੰਘ ਬਿੰਦਰਾ, ਆਨਰੇਰੀ ਮੈਂਬਰ ਰਾਜੇਸ਼ ਵਾਸੂਦੇਵਾ, ਸਰਪਰਸਤ ਬਹਾਦਰਜੀਤ ਸਿੰਘ, ਮੁੱਖ ਸਲਾਹਕਾਰ ਸਤੀਸ਼ ਜੁਗੋਤਾ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਮੀਤ ਪ੍ਰਧਾਨ ਕਮਲਦੀਪ ਸਿੰਘ ਭਾਰਜ, ਕੈਸ਼ੀਅਰ ਸੁਰਜੀਤ ਸਿੰਘ ਗਾਂਧੀ, ਅਮਰਪਾਲ ਬੈਂਸ,ਮਨਪ੍ਰੀਤ ਸਿੰਘ ਚਾਹਲ, ਸਰਬਜੀਤ ਸਿੰਘ ਕਾਕਾ, ਰਾਜਨ ਵੋਹਰਾ, ਅੰਮ੍ਰਿਤਪਾਲ ਸਿੰਘ ਬੰਟੀ, ਪ੍ਰਭਾਤ ਭੱਟੀ,ਸੁਮਿਤ ਪਸਰੀਚਾ, ਵਰੁਣ ਲਾਂਭਾ, ਗੁਰਪ੍ਰੀਤ ਸਿੰਘ ਹੁੰਦਲ ਸਮੇਤ ਵੱਖ–ਵੱਖ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ।