ਪੰਜਾਬ ਸਰਕਾਰ ਨੇ ਜ਼ਬਰਨ ਭਾਜਪਾ ਦਾ ਲੋਕ ਸਹਾਇਤਾ ਕੈਂਪ ਕਰਵਾਇਆ ਬੰਦ-ਲਾਲਪੁਰਾ

55

ਪੰਜਾਬ ਸਰਕਾਰ ਨੇ ਜ਼ਬਰਨ ਭਾਜਪਾ ਦਾ ਲੋਕ ਸਹਾਇਤਾ ਕੈਂਪ ਕਰਵਾਇਆ ਬੰਦ-ਲਾਲਪੁਰਾ

ਬਹਾਦਰਜੀਤ ਸਿੰਘ /ਰੂਪਨਗਰ, 21 ਅਗਸਤ,2025    

ਭਾਰਤੀ ਜਨਤਾ ਪਾਰਟੀ (ਭਾਜਪਾ) ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੀ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਅਤੇ ਇਸਨੂੰ ਪੰਜਾਬ ਦੀ ਜਨਤਾ ਦੇ ਵਿਰੁੱਧ ਕੰਮ ਕਰਨ ਵਾਲੀ “ਤਾਨਾਸ਼ਾਹੀ ਸਰਕਾਰ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲੋਕਤੰਤਰ ਦੀ ਪੂਰੀ ਤਰ੍ਹਾਂ ਹੱਤਿਆ ਹੋ ਚੁੱਕੀ ਹੈ ਅਤੇ ਰਾਜ ‘ਚ ਗੁੰਡਾਗਰਦੀ ਆਮ ਆਦਮੀ ਪਾਰਟੀ ਦੀ ਸ਼ਹ ‘ਤੇ ਵੱਧ ਰਹੀ ਹੈ। ਭਾਜਪਾ ਰੂਪਨਗਰ ਮੰਡਲ ਟੀਮ ਵੱਲੋਂ ਕੇਂਦਰ ਸਰਕਾਰ ਦੀਆਂ ਜਨਕਲਿਆਣਕਾਰੀ ਯੋਜਨਾਵਾਂ ਨਾਲ ਲੋਕਾਂ ਨੂੰ ਜੋੜਨ ਲਈ ਲਗਾਏ ਗਏ ਕੈਂਪ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਆਪ ਸਰਕਾਰ ਜਨਤਾ ਦੇ ਹਿਤਾਂ ਦੇ ਵਿਰੁੱਧ ਕੰਮ ਕਰ ਰਹੀ ਹੈ।

ਅਜੈਵੀਰ ਲਾਲਪੁਰਾ ਨੇ ਕਿਹਾ ਕਿ ਭਾਜਪਾ ਵੱਲੋਂ ਲਗਾਏ ਗਏ ਇਹ ਕੈਂਪ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਨ। ਇਨ੍ਹਾਂ ਯੋਜਨਾਵਾਂ ‘ਚ ਆਯੁਸ਼ਮਾਨ ਭਾਰਤ ਹੈਲਥ ਕਾਰਡ, ਕਿਸਾਨ ਸਨਮਾਨ ਨਿਧੀ, ਵਿਦਿਆਰਥੀ ਸਕਾਲਰਸ਼ਿਪ, ਮਹਿਲਾ ਸਹਾਇਤਾ ਯੋਜਨਾਵਾਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਸਹੂਲਤਾਂ ਸ਼ਾਮਲ ਹਨ। ਭਾਜਪਾ ਇਨ੍ਹਾਂ ਕੈਂਪਾਂ ਰਾਹੀਂ ਜਨਤਾ ਨੂੰ ਰਜਿਸਟਰ ਕਰਕੇ ਸਿੱਧਾ ਯੋਜਨਾਵਾਂ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਦੇ ਕਿਸੇ ਤੋਂ ਨਹੀਂ ਪੁੱਛਦੀ ਕਿ ਉਸਨੇ ਕਿਸਨੂੰ ਵੋਟ ਦਿੱਤਾ, ਭਾਜਪਾ ਦਾ ਸਿਰਫ਼ ਇੱਕ ਮਕਸਦ ਹੈ ਕਿ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਪੰਜਾਬ ਦੇ ਹਰ ਨਾਗਰਿਕ ਤੱਕ ਪਹੁੰਚੇ। ਪਰ ਆਪ ਦੀ ਭਗਵੰਤ ਮਾਨ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਨਾ ਸਿਰਫ਼ ਇਨ੍ਹਾਂ ਕੈਂਪਾਂ ਨੂੰ ਰੋਕ ਰਹੀ ਹੈ, ਬਲਕਿ ਭਾਜਪਾ ਵਰਕਰਾਂ ‘ਤੇ ਝੂਠੇ ਕੇਸ ਦਰਜ ਕਰਵਾ ਕੇ, ਗ੍ਰਿਫ਼ਤਾਰੀਆਂ ਕਰਵਾ ਕੇ ਅਤੇ ਧਮਕੀਆਂ ਦੇ ਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ।

ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਰਵੱਈਆ ਬਹੁਤ ਹੀ ਨਿੰਦਣਯੋਗ ਹੈ। ਜਿਸ ਤਰ੍ਹਾਂ ਕੇਂਦਰ ਦੀਆਂ ਯੋਜਨਾਵਾਂ ਨੂੰ ਪੰਜਾਬ ‘ਚ ਲਾਗੂ ਹੋਣ ਤੋਂ ਰੋਕਿਆ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਜਨਵਿਰੋਧੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ “ਜਨਤਾ ਦੀ ਸਰਕਾਰ” ਕਹਿੰਦੀ ਹੈ, ਪਰ ਅਸਲ ਵਿੱਚ ਇਹ ਸਰਕਾਰ ਜਨਤਾ ਦੇ ਅਧਿਕਾਰਾਂ ਨੂੰ ਖੋਹਣ ‘ਚ ਲੱਗੀ ਹੋਈ ਹੈ। ਅਜੈਵੀਰ ਲਾਲਪੁਰਾ ਨੇ ਦੋਸ਼ ਲਗਾਇਆ ਕਿ ਰਾਜ ਸਰਕਾਰ ਲੋਕਾਂ ਨੂੰ ਹੈਲਥ ਕਾਰਡ ਨਹੀਂ ਬਣਾਉਣ ਦੇ ਰਹੀ, ਕਿਸਾਨਾਂ ਦੀ ਸਹਾਇਤਾ ਰੋਕ ਰਹੀ ਹੈ, ਵਿਦਿਆਰਥੀਆਂ ਦੀ ਸਕਾਲਰਸ਼ਿਪ ਅਟਕਾ ਰਹੀ ਹੈ ਅਤੇ ਮਹਿਲਾਵਾਂ ਲਈ ਜਾਰੀ ਕੇਂਦਰ ਦੀਆਂ ਸਹਾਇਤਾ ਯੋਜਨਾਵਾਂ ਨੂੰ ਵੀ ਰੋਕ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਨੂੰ ਉਸਦਾ ਹੱਕ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਭਗਵੰਤ ਮਾਨ ਸਰਕਾਰ ਗੁੰਡਾਗਰਦੀ ਅਤੇ ਪ੍ਰਸ਼ਾਸਨਿਕ ਤਾਕਤ ਦੀ ਵਰਤੋਂ ਕਰਕੇ ਇਨ੍ਹਾਂ ਯਤਨਾਂ ਨੂੰ ਨਾਕਾਮ ਕਰਨਾ ਚਾਹੁੰਦੀ ਹੈ।

ਅਜੈਵੀਰ ਲਾਲਪੁਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ‘ਤੇ ਵੀ ਕਰਾਰਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਸਲ ‘ਚ “ਕੇਜਰੀਵਾਲ-ਸਿਸੋਦੀਆ ਦੀ ਕਠਪੁਤਲੀ” ਹੈ, ਜਿਸਦਾ ਮਕਸਦ ਸਿਰਫ਼ ਰਾਜਨੀਤਿਕ ਲਾਭ ਹਾਸਲ ਕਰਨਾ ਹੈ। ਅਜੈਵੀਰ ਲਾਲਪੁਰਾ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਵੱਧ ਰਹੇ ਜਨਸਮਰਥਨ ਤੋਂ ਬੌਖਲਾਈ ਆਮ ਆਦਮੀ ਪਾਰਟੀ ਹੁਣ ਲੋਕਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਤੋਂ ਵਾਂਝਾ ਰੱਖ ਕੇ ਆਪਣੀ ਰਾਜਨੀਤਿਕ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਯਤਨਾਂ ਤੋਂ ਘਬਰਾ ਕੇ ਹੁਣ ਆਪ ਦੇ ਵਿਧਾਇਕ ਵੀ ਭਾਜਪਾ ਦੀ ਨਕਲ ਕਰਦੇ ਹੋਏ ਇਨ੍ਹਾਂ ਵਰਗੇ ਹੀ ਕੈਂਪ ਲਗਾ ਰਹੇ ਹਨ। ਅਜੈਵੀਰ ਨੇ ਕਿਹਾ ਕਿ ਜੇ ਭਾਜਪਾ ਦੁਆਰਾ ਕੈਂਪ ਲਗਾਉਣਾ ਗੈਰਕਾਨੂੰਨੀ ਹੈ, ਤਾਂ ਆਪ ਦੇ ਵਿਧਾਇਕ ਇਹੀ ਕੰਮ ਕਿਉਂ ਕਰ ਰਹੇ ਹਨ? ਇਹ ਸਾਬਤ ਕਰਦਾ ਹੈ ਕਿ ਮਾਨ ਸਰਕਾਰ ਦਾ ਦੋਹਰਾ ਚਿਹਰਾ ਜਨਤਾ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ।

ਅਜੈਵੀਰ ਲਾਲਪੁਰਾ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਾਡੇ ਕੈਂਪਾਂ ਨੂੰ ਰੋਕਣ ਲਈ ਐਫ਼ਆਈਆਰ ਦਰਜ ਕਰਨੀ ਹੈ ਤਾਂ ਕਰ ਲਵੋ, ਪਰ ਯਾਦ ਰੱਖੋ, ਭਾਜਪਾ ਲੋਕਾਂ ਦੇ ਦਿਲਾਂ ‘ਚ ਵੱਸਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਜਨਤਾ ਦੇ ਹੱਕ ਲਈ ਹਰ ਪੱਧਰ ‘ਤੇ ਸੰਘਰਸ਼ ਕਰਨਗੇ। ਜੇ ਭਗਵੰਤ ਮਾਨ ਸਰਕਾਰ ਨੇ ਆਪਣਾ ਤਾਨਾਸ਼ਾਹੀ ਰਵੱਈਆ ਨਹੀਂ ਛੱਡਿਆ ਤਾਂ ਬਹੁਤ ਜਲਦੀ ਪੰਜਾਬ ‘ਚ ਵੱਡਾ ਜਨਆੰਦੋਲਨ ਖੜ੍ਹਾ ਹੋਵੇਗਾ। ਜਨਤਾ ਦੇ ਗੁੱਸੇ ਦੇ ਸਾਹਮਣੇ ਇਹ ਸਰਕਾਰ ਨਹੀਂ ਟਿਕ ਸਕੇਗੀ ਅਤੇ ਇਸਦੀ ਨੀਂਹਾਂ ਹਿੱਲ ਜਾਵੇਗੀ।

ਅਜੈਵੀਰ ਲਾਲਪੁਰਾ ਨੇ ਕਿਹਾ ਕਿ ਭਾਜਪਾ ਦੀ ਲੜਾਈ ਕਿਸੇ ਰਾਜਨੀਤਿਕ ਸੁਆਰਥ ਲਈ ਨਹੀਂ, ਸਗੋਂ ਪੰਜਾਬ ਦੀ ਜਨਤਾ ਦੇ ਹੱਕ ਦੀ ਰੱਖਿਆ ਲਈ ਹੈ। ਭਾਜਪਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦਾ ਹਰ ਨਾਗਰਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨਕਲਿਆਣਕਾਰੀ ਯੋਜਨਾਵਾਂ ਦਾ ਪੂਰਾ ਲਾਭ ਲੈ ਸਕੇ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਲੋਕਾਂ ਦੇ ਹੈਲਥ ਕਾਰਡ, ਕਿਸਾਨ ਸਨਮਾਨ ਨਿਧਿ, ਸਕਾਲਰਸ਼ਿਪ, ਮਹਿਲਾ ਸਹਾਇਤਾ ਅਤੇ ਆਵਾਸ ਯੋਜਨਾ ਵਰਗੇ ਅਧਿਕਾਰਾਂ ਤੋਂ ਲੋਕਾਂ ਨੂੰ ਵਾਂਝਾ ਰੱਖੇ, ਉਹ ਸਰਕਾਰ ਜਨਤਾ ਦੀ ਨਹੀਂ, ਸਗੋਂ ਜਨਤਾ ਦੇ ਸੁਪਨਿਆਂ ਦੀ ਕਾਤਿਲ ਹੈ।

ਅਜੈਵੀਰ ਲਾਲਪੁਰਾ ਨੇ ਸਪਸ਼ਟ ਸ਼ਬਦਾਂ ‘ਚ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਸ਼ਾਸਨਿਕ ਤਾਕਤ ਦੇ ਬਲ ‘ਤੇ ਭਾਜਪਾ ਦੇ ਜਨਹਿਤਕਾਰੀ ਕੰਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਭਾਜਪਾ ਜਨਤਾ ਦੇ ਹੱਕ ਲਈ ਇਹ ਲੜਾਈ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਸਮਾਂ ਆਉਣ ‘ਤੇ ਇਸ ਸਰਕਾਰ ਨੂੰ ਮੁਹੱਤੋਰ ਜਵਾਬ ਦੇਵੇਗੀ। ਜੇ ਸਰਕਾਰ ਨੇ ਕੇਂਦਰ ਦੀਆਂ ਯੋਜਨਾਵਾਂ ਨੂੰ ਜਨਤਾ ਤੱਕ ਪਹੁੰਚਣ ਤੋਂ ਰੋਕਿਆ ਤਾਂ ਭਾਜਪਾ ਸੜਕਾਂ ‘ਤੇ ਉਤਰੇਗੀ ਅਤੇ ਹਰ ਹਾਲ ‘ਚ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾਏਗੀ।