ਏਸ਼ੀਆ ਪੱਧਰ ’ਤੇ ਹਰ ਸਾਲ 4 ਮੁਕਾਬਲੇ ਸਰਕਲ ਕਬੱਡੀ ਦੇ ਕਰਵਾਵਾਂਗੇ: ਗੁਲਾਬ ਸਿੰਘ ਸੈਣੀ

133

ਏਸ਼ੀਆ ਪੱਧਰਤੇ ਹਰ ਸਾਲ 4 ਮੁਕਾਬਲੇ ਸਰਕਲ ਕਬੱਡੀ ਦੇ ਕਰਵਾਵਾਂਗੇ: ਗੁਲਾਬ ਸਿੰਘ ਸੈਣੀ

ਪਟਿਆਲਾ/ ਰੋਯਾਲਪਟਿਆਲਾ.ਇਨ /25 ਅਗਸਤ,2025:

ਏਸ਼ੀਆਈ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਗੁਲਾਬ ਸਿੰਘ ਸੈਣੀ ਨੇ ਕਿਹਾ ਹੈ ਕਿ ਸਰਕਲ ਸਟਾਈਲ ਕਬੱਡੀ ਦੀ ਪ੍ਰਫੁੱਲਤਾ ਲਈ ਫੈਡਰੇਸ਼ਨ ਨੇ ਫੈਸਲਾ ਲਿਆ ਹੈ ਕਿ ਹਰ ਸਾਲ ਕਬੱਡੀ ਦੇ ਚਾਰ ਮੁਕਾਬਲੇ ਕਰਵਾਏ ਜਾਇਆ ਕਰਨਗੇ ਜਿਸ ਵਿਚ ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਵਰਗਾਂ ਦੇ ਮੁਕਾਬਲੇ ਸ਼ਾਮਲ ਹੋਣਗੇ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਲਾਬ ਸਿੰਘ ਸੈਣੀ ਨੇ ਕਿਹਾ ਕਿ ਕਬੱਡੀ ਦੀ ਪ੍ਰਫੁੱਲਤਾ ਵਾਸਤੇ ਬੀਤੇ ਸਮੇਂ ਵਿਚ ਉਸ ਪੱਧਰ ’ਤੇ ਕੰਮ ਨਹੀਂ ਹੋਇਆ ਜਿੰਨਾ ਕਿ ਕੀਤਾ ਜਾ ਸਕਦਾ ਸੀ। ਉਹਨਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਹਰ ਸਾਲ ਏਸ਼ੀਆ ਪੱਧਰ ’ਤੇ ਚਾਰ ਮੁਕਾਬਲੇ ਕਰਵਾਏ ਜਾਣਗੇ ਜਿਸ ਵਿਚ ਸੀਨੀਅਰ ਤੇ ਜੂਨੀਅਰ ਵਰਗ ਦੇ ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲੇ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਵਿਚ 8 ਤੋਂ 10 ਟੀਮਾਂ ਸ਼ਾਮਲ ਹੋਣਗੀਆਂ। ਉਹਨਾਂ ਕਿਹਾ ਕਿ ਖਿਡਾਰੀਆਂ ਦੇ ਰਹਿਣ ਸਹਿਣ ਤੋਂ ਲੈ ਕੇ ਹਰ ਸਹੂਲਤ ਦਾ ਪ੍ਰਬੰਧ ਫੈਡਰੇਸ਼ਨ ਕਰੇਗੀ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਨਸ਼ਾ ਲੈਣ ਵਾਲੇ ਖਿਡਾਰੀਆਂ ਦੀ ਜਾਂਚ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਤੋਂ ਕਰਵਾਈ ਜਾਇਆ ਕਰੇਗੀ।

ਸਵਾਲਾਂ ਦੇ ਜਵਾਬ ਦਿੰਦਿਆਂ ਗੁਲਾਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਉਲੰਪਿਕ ਪੱਧਰ ਦੇ ਖਿਡਾਰੀ ਤਿਆਰ ਕਰਨ ਵਾਸਤੇ ਯਤਨ ਕਰਾਂਗੇ ਤੇ ਇਸ ਵਾਸਤੇ ਅਸੀਂ ਜ਼ਮੀਨੀ ਪੱਧਰ ’ਤੇ ਕੰਮ ਕਰ‌ਦਿਆਂ ਖਿਡਾਰੀਆਂ ਦੀ ਨਰਸਰੀ ਤੋਂ ਹੀ ਕਬੱਡੀ ਦੀ ਸਿੱਖਲਾਈ ਦੇਵਾਂਗੇ ਤਾਂ ਜੋ ਪਰਪੱਕ ਖਿਡਾਰੀ ਤਿਆਰ ਕੀਤੇ ਜਾ ਸਕਣ। ਉਹਨਾਂ ਦੱਸਿਆ ਕਿ ਏਸ਼ੀਆਈ ਪੱਧਰ ਵਾਂਗੂ ਹੀ ਅਸੀਂ ਰਾਸ਼ਟਰੀ ਪੱਧਰ ਦੇ ਵੀ ਕਬੱਡੀ ਮੁਕਾਬਲੇ ਕਰਵਾਵਾਂਗੇ।

ਕੋਚਾਂ ਬਾਰੇ ਸਵਾਲ ਦੇ ਜਵਾਬ ਵਿਚ ਗੁਲਾਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਕਬੱਡੀ ਦੇ ਅੰਤਰ ਰਾਸ਼ਟਰੀ ਪੱਧਰ ਦੇ ਕੋਚ ਤਿਆਰ ਕਰਾਂਗੇ ਤੇ ਇਸ ਵਾਸਤੇ ਲੋੜੀਂਦੀ ਹਰ ਤਰੀਕੇ ਦੀ ਸਿੱਖਲਾਈ ਦਿੱਤੀ ਜਾਵੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖੇਡਾਂ ਵਿਚ ਚੰਗਾ ਕੰਮ ਕਰ ਰਹੇ ਹਨ ਅਤੇ ਇਸੇ ਤਰੀਕੇ ਖੇਲੋ ਇੰਡੀਆ ਤਹਿਤ ਪੰਜਾਬ ਵਿਚ ਵੀ ਬਹੁਤ ਚੰਗਾ ਕੰਮ ਹੋ ਰਿਹਾ ਹੈ।

ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਬਾਰੇ ਸਵਾਲ ਦੇ ਜਵਾਬ ਵਿਚ ਗੁਲਾਬ ਸਿੰਘ ਸੈਣੀ ਨੇ ਕਿਹਾ ਕਿ ਬਿਲਕੁਲ ਅਸੀਂ ਸਰਕਾਰ ਦੇ ਪੱਧਰ ’ਤੇ ਇਹ ਮਾਮਲਾ ਚੁੱਕਾਂਗੇ ਪਰ ਇਸਨੂੰ ਚੁੱਕਣ ਤੋਂ ਪਹਿਲਾਂ ਅਸੀਂ ਨੌਕਰੀਆਂ ਮੰਗਣ ਦੇ ਸਮਰਥ ਹੋ ਜਾਈਏ, ਇਹ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕਬੱਡੀ ਖਿਡਾਰੀਆਂ ਲਈ ਸਭ ਤੋਂ ਜ਼ਰੂਰੀ ਹੈ ਕਿ ਉਹਨਾਂ ਨੂੰ ਐਵਾਰਡ ਤੇ ਗ੍ਰੇਡੇਸ਼ਨ ਦੇਣ ਦਾ ਕੰਮ ਪਹਿਲਾਂ ਮੁਕੰਮਲ ਹੋਵੇ। ਉਹਨਾਂ ਐਲਾਨ ਕੀਤਾ ਕਿ ਉਹ ਇਸ ਮਾਮਲੇ ਵਿਚ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਇਹ ਮਸਲਾ ਹੱਲ ਕਰਵਾਉਣ ਦਾ ਯਤਨ ਕਰਨਗੇ।

ਏਸ਼ੀਆ ਪੱਧਰ ’ਤੇ ਹਰ ਸਾਲ 4 ਮੁਕਾਬਲੇ ਸਰਕਲ ਕਬੱਡੀ ਦੇ ਕਰਵਾਵਾਂਗੇ: ਗੁਲਾਬ ਸਿੰਘ ਸੈਣੀ

ਪੰਜਾਬੀ ਖਿਡਾਰੀਆਂ ਦੇ ਕੌਮਾਂਤਰੀ ਮੁਕਾਬਲਿਆਂ ਵਿਚ ਸ਼ਾਮਲ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਅਮਰੀਕਾ, ਕੈਨੇਡਾ ਤੇ ਨਿਉਜ਼ੀਲੈਂਡ ਵਰਗੀਆਂ ਥਾਵਾਂ ’ਤੇ ਕਬੱਡੀ ਮੁਕਾਬਲੇ ਹੋਏ ਹਨ ਜਿਹਨਾਂ ਵਿਚ ਬਹੁ ਗਿਣਤੀ ਪੰਜਾਬੀ ਖਿਡਾਰੀ ਭਾਗ ਲੈਂਦੇ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਦੀਆਂ ਕੁਝ ਸ਼ਿਕਾਇਤਾਂ ਸਨ ਜੋ ਦੂਰ ਕੀਤੀਆਂ ਗਈਆਂ ਹਨ ਤੇ ਹੁਣ 20 ਦੇ ਕਰੀਬ ਹਰਿਆਣਵੀ ਖਿਡਾਰੀ ਵੀ ਕੌਮਾਂਤਰੀ ਮੁਕਾਬਲਿਆਂ ਵਿਚ ਭਾਗ ਲੈਂਦੇ ਹਨ।

ਇਕ ਹੋਰ ਸਵਾਲ ਦੇ ਜਵਾਬ ਵਿਚ ਗੁਲਾਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿਚ ਕਬੱਡੀ ਦੀ ਪ੍ਰਫੁੱਲਤਾ ਵਸਤੇ ਉਨਾ ਕੰਮ ਨਹੀਂ ਹੋਇਆ ਜਿੰਨਾ ਕਿ ਕੀਤਾ ਜਾ ਸਕਦਾ ਸੀ। ਉਹਨਾਂ ਕਿਹਾ ਕਿ ਅਸੀਂ ਪਿਛਲੀਆਂ ਕਮੀਆਂ ਦੂਰ ਕਰਨ ਵਾਸਤੇ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਉਹ ਪੰਜਾਬ ਆਏ ਹਨ ਤੇ ਦੇਸ਼ ਦੇ ਹੋਰ ਰਾਜਾਂ ਦਾ ਦੌਰਾ ਕਰ ਕੇ ਵੀ ਕਬੱਡੀ ਦੀ ਪ੍ਰਫੁੱਲਤਾ ਲਈ ਕੰਮ ਕਰਨਗੇ। ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਸਰਕਲ ਕਬੱਡੀ ਹੁਣ ਸਾਊਥ ਏਸ਼ੀਆ ਖੇਡਾਂ ਦਾ ਵੀ ਹਿੱਸਾ ਬਣ ਗਈ ਹੈ।

ਇਸ ਮੌਕੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਬਿੱਟੀ ਘੱਗਾ, ਰਾਜਿੰਦਰ ਸੈਣੀ, ਸੋਹਣ ਸੈਣੀ, ਸੋਨੂੰ ਸ਼ਰਮਾ, ਬਲਜੀਤ ਸੈਣੀ, ਰਾਜੂ ਤੇ ਅਮਨ ਘੱਗਾ ਵੀ ਮੌਜੂਦ ਸਨ। ਇਸ ਮੌਕੇ ਉਹਨਾਂ ਕਈ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ।