ਪੰਜਾਬ ਸਰਕਾਰ ਰਾਜ ਆਫਤ ਰਾਹਤ ਫੰਡ ਦੀ ਵਰਤੋਂ ਬਾਰੇ ਵਿਧਾਨ ਸਭਾ ਵਿੱਚ ਵਾਈਟ ਪੇਪਰ ਪੇਸ਼ ਕਰੇਃਸੁਭਾਸ਼ ਸ਼ਰਮਾ
ਬਹਾਦਰਜੀਤ ਸਿੰਘ /ਰੂਪਨਗਰ /royalpatiala.in News/ 23 ਸਤੰਬਰ,2025
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਐਡਵੋਕੇਟ ਸੁਭਾਸ਼ ਸ਼ਰਮਾ ਨੇ ਰੂਪਨਗਰ ਪ੍ਰੈਸ ਕਲੱਬ ਵਿੱਚ ਹੋਈ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਪੰਜਾਬ ਨੂੰ ਲਗਾਤਾਰ ਵੱਡੇ ਪ੍ਰੋਜੈਕਟਾਂ ਦੀ ਸੌਗਾਤ ਦੇ ਰਹੀ ਹੈ। ਅੱਜ ਪੰਜਾਬ ਲਈ ਦੋ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਐਲਾਨ ਹੋਇਆ ਹੈ, ਜਿਸ ਨਾਲ ਰਾਜ ਦੇ ਬੁਨਿਆਦੀ ਢਾਂਚੇ ਅਤੇ ਆਵਾਜਾਈ ਖੇਤਰ ਨੂੰ ਵੱਡੀ ਰਫ਼ਤਾਰ ਮਿਲੇਗੀ। ਉਨ੍ਹਾਂ ਦੱਸਿਆ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਜਾਰੀ ਐਲਾਨਾਂ ਵਿੱਚੋਂ ਇੱਕ ਅਹਿਮ ਪ੍ਰੋਜੈਕਟ ਮੋਹਾਲੀ–ਰਾਜਪੁਰਾ ਰੇਲ ਲਾਈਨ ਹੈ। ਲਗਭਗ 18 ਕਿਲੋਮੀਟਰ ਦੀ ਇਹ ਲਾਈਨ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਸਿੱਧਾ ਰਾਜਪੁਰਾ ਅਤੇ ਫਿਰ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਜੋੜੇਗੀ। ਸ਼ਰਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ, ਜਿਸਨੂੰ ਮੋਦੀ ਸਰਕਾਰ ਨੇ ਪੂਰਾ ਕੀਤਾ ਹੈ।
ਦੂਜੇ ਵੱਡੇ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਦਿੱਲੀ ਲਈ ਵਾਇਆ ਬਠਿੰਡਾ ਵੰਦੇ ਭਾਰਤ ਐਕਸਪ੍ਰੈਸ ਚਲਾਉਣ ਦਾ ਐਲਾਨ ਕੀਤਾ ਗਿਆ ਹੈ । ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਤੇਜ਼ ਰਫ਼ਤਾਰ ਯਾਤਰਾ ਦੀ ਸੁਵਿਧਾ ਮਿਲੇਗੀ ਅਤੇ ਲਗਭਗ ਸਵਾ ਛੇ ਘੰਟਿਆਂ ਵਿੱਚ ਫਿਰੋਜ਼ਪੁਰ ਤੋਂ ਦਿੱਲੀ ਪਹੁੰਚਣਾ ਸੰਭਵ ਹੋ ਜਾਵੇਗਾ। ਸ਼ਰਮਾ ਨੇ ਕਿਹਾ ਕਿ ਇਹ ਮਾਲਵਾ ਵਾਸੀਆਂ ਲਈ ਵਿਸ਼ੇਸ਼ ਤੌਰ ‘ਤੇ ਖੁਸ਼ਖਬਰੀ ਹੈ।
ਸ਼ਰਮਾ ਨੇ ਹੋਰ ਸਥਾਨਕ ਮੰਗਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬਲਾਚੌਰ–ਰੂਪਨਗਰ ਅਤੇ ਚਮਕੌਰ ਸਾਹਿਬ–ਲੁਧਿਆਣਾ ਰੇਲ ਲਿੰਕਾਂ ਦੀ ਵੀ ਬਹੁਤ ਜ਼ਰੂਰਤ ਹੈ, ਜਿਨ੍ਹਾਂ ਲਈ ਉਹ ਜਲਦੀ ਹੀ ਰੇਲ ਮੰਤਰੀ ਨੂੰ ਬੇਨਤੀ ਕਰਨਗੇ। ਇਸ ਤੋਂ ਇਲਾਵਾ, ਰੂਪਨਗਰ ਰੇਲਵੇ ਸਟੇਸ਼ਨ ‘ਤੇ ਬਜ਼ੁਰਗਾਂ ਅਤੇ ਮਰੀਜ਼ਾਂ ਲਈ ਲਿਫ਼ਟਾਂ ਜਾਂ ਐਸਕਾਲੇਟਰ ਦੀ ਵੀ ਤੁਰੰਤ ਲੋੜ ਹੈ ਜਿਸ ਲਈ ਉਹ ਭਰਪੂਰ ਯਤਨ ਕਰਨਗੇ।
ਆਰਥਿਕ ਮਾਮਲਿਆਂ ਤੇ ਬੋਲਦਿਆਂ, ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਵਾਰ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਰਜ਼ਾ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਕੇਜਰੀਵਾਲ ਸਰਕਾਰ ਦੇ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵੱਲੋਂ ਮਿਲੇ ਕੁਦਰਤੀ ਆਫਤ ਰਾਹਤ ਫੰਡ ਦੀ ਵਰਤੋਂ ਸਪਸ਼ਟ ਨਹੀਂ ਹੈ, ਇਸ ਲਈ ਸਰਕਾਰ ਨੂੰ ਵਿਧਾਨ ਸਭਾ ਵਿੱਚ ਵਾਈਟ ਪੇਪਰ ਪੇਸ਼ ਕਰਨਾ ਚਾਹੀਦਾ ਹੈ।
ਸ਼ਰਮਾ ਨੇ ਜ਼ੋਰ ਦਿੱਤਾ ਕਿ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਹੋਰ ਵੱਡੇ ਪ੍ਰੋਜੈਕਟਾਂ ਦੀ ਘੋਸ਼ਣਾ ਵੀ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਰੂਪਨਗਰ ਜ਼ਿਲ੍ਹੇ ਵਿੱਚ ਟੂਰਿਜ਼ਮ ਖੇਤਰ ਲਈ ਪ੍ਰੋਜੈਕਟਾਂ ਗਾ ਵੀ ਜ਼ਿਕਰ ਕੀਤਾ। ਉਹਨਾਂ ਅਖੀਰ ਚ ਕਿਹਾ ਕਿ ਪੰਜਾਬ ਨੂੰ ਅਜੋਕੇ ਸੰਕਟ ਵਿੱਚੋਂ ਸਿਰਫ ਕੁਸ਼ਲ ਰਾਜਨੀਤੀ ਅਤੇ ਪ੍ਰਸ਼ਾਸਨਿਕ ਨੀਅਤ ਤੇ ਨੀਤੀ ਹੀ ਕੱਢ ਸਕਦੀ ਹੈ। ਇਸ ਮੌਕੇ ਉਹਨੇ ਉਨਾਂ ਰੂਪਨਗਰ ਪ੍ਰੈਸ ਕਲੱਬ ਦੀਆਂ ਗਤੀਵਿਧੀਆਂ ਅਤੇ ਇੱਥੋਂ ਦੇ ਮੀਡੀਆ ਦੀ ਸਕਾਰਾਤਮਕ ਸੋਚ ਦੀ ਸਲਾਘਾ ਕੀਤੀ ਪ੍ਰੈਸ ਕਲੱਬ ਵੱਲੋਂ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ |