ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੀਂ ਸ਼ਹੀਦੀ ਦਿਵਸ ਮੌਕੇ ਕ੍ਰਿਟੀਕਲ ਕੇਅਰ ਯੂਨਿਟ ਤੇ 21 ਆਮ ਆਦਮੀ ਕਲੀਨਿਕ ਰਾਹੀਂ ਸੰਗਤ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ

32

ਸ੍ਰੀ ਗੁਰੂ ਤੇਗ਼ ਬਹਾਦਰ  ਜੀ ਦੇ 350ਵੀਂ ਸ਼ਹੀਦੀ ਦਿਵਸ ਮੌਕੇ ਕ੍ਰਿਟੀਕਲ ਕੇਅਰ ਯੂਨਿਟ ਤੇ 21 ਆਮ ਆਦਮੀ ਕਲੀਨਿਕ ਰਾਹੀਂ ਸੰਗਤ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ

ਬਹਾਦਰਜੀਤ ਸਿੰਘ /ਰੂਪਨਗਰ/royalpatiala.in News/ 27 ਅਕਤੂਬਰ,2025

ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਵਸ ਮੌਕੇ ਸਿਵਲ ਹਸਪਤਾਲ ਰੂਪਨਗਰ ਵਿਖੇ ਕ੍ਰਿਟੀਕਲ ਕੇਅਰ ਯੂਨਿਟ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਵਿਖੇ 21 ਆਮ ਆਦਮੀ ਕਲੀਨਿਕਾਂ ਰਾਹੀਂ ਸੰਗਤ ਨੂੰ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ।

ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਦਿਵਸ ਦੀਆਂ ਸਿਹਤ ਸਹੂਲਤਾਂ ਸੰਬੰਧੀ ਤਿਆਰੀਆਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਅੰਤਿਮ ਰੂਪ ਦੇਣ ਲਈ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਅਧੀਨ ਮੀਟਿੰਗ ਵਿੱਚ ਇਸ ਪਵਿੱਤਰ ਮੌਕੇ ‘ਤੇ ਸ਼੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਪਹੁੰਚਣ ਵਾਲੀ ਸੰਗਤਾਂ ਲਈ ਮੁਢਲੀ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਯਕੀਨੀ ਕਰਨ ਲਈ ਰੂਪ ਰੇਖਾ ਨੂੰ ਪ੍ਰਵਾਨਗੀ ਦਿੱਤੀ ਗਈ। ਜਿਸ ਸੰਬੰਧ ਵਿੱਚ ਸਿਹਤ ਵਿਭਾਗ ਵੱਲੋਂ ਇਸ ਸਮਾਗਮ ਦੌਰਾਨ ਚੌਵੀ ਘੰਟੇ ਸਿਹਤ ਸੇਵਾਵਾਂ ਤੇ ਐਮਰਜੈਂਸੀ ਸੇਵਾ ਦੇਣ ਲਈ ਵਿਸਥਾਰਪੂਰਵਕ ਪ੍ਰਬੰਧ ਕੀਤੇ ਜਾ ਰਹੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਰੋਪੜ ਅਤੇ ਸਬ ਡਿਵੀਜ਼ਨਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਕ੍ਰਿਟੀਕਲ ਕੇਅਰ ਯੂਨਿਟ ਸਥਾਪਿਤ ਕੀਤੇ ਜਾਣਗੇ। ਜਿਸ ਦੇ ਲਈ 8 ਵੈਂਟੀਲੇਟਰ ਲਗਾਏ ਜਾਣਗੇ ਅਤੇ ਦੋ ਸਪੈਸ਼ਲਿਸਟ ਟ੍ਰੇਂਡ ਮੈਡੀਕਲ ਟੀਮਾਂ ਜਿਨਾਂ ਵਿੱਚੋਂ ਇੱਕ ਟੀਮ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਅਤੇ ਦੂਜੀ ਟੀਮ ਮੈਡੀਕਲ ਕਾਲਜ ਪਟਿਆਲਾ ਤੋਂ ਆਏਗੀ। ਜਿਨਾਂ ਵਿੱਚ ਹਰੇਕ ਟੀਮ ਵਿੱਚ ਲਗਭਗ ਅੱਠ ਦੇ ਕਰੀਬ ਮੈਂਬਰ ਹੋਣਗੇ ਜੋ ਕਿ ਖਾਸ ਤੌਰ ਤੇ ਕ੍ਰਿਟੀਕਲ ਕੇਅਰ ਯੂਨਿਟ ਨੂੰ ਚਲਾਉਣ ਲਈ ਤੈਨਾਤ ਕੀਤੇ ਜਾਣਗੇ।

ਉਨ੍ਹਾਂ ਵਿਸਤਾਰਪੂਰਵਕ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਕੁੱਲ 21 ਆਮ ਆਦਮੀ ਕਲੀਨਿਕ (ਮੈਡੀਕਲ ਪੋਸਟ) ਵੱਖ-ਵੱਖ ਥਾਵਾਂ ‘ਤੇ ਸਥਾਪਤ ਕੀਤੇ ਗਏ ਹਨ, ਜਿੱਥੇ ਮੈਡੀਕਲ ਅਫ਼ਸਰ, ਫਾਰਮਾਸਿਸਟ ਅਤੇ ਕਲੀਨਿਕਲ ਸਹਾਇਕ ਵੱਲੋਂ 24 ਘੰਟੇ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿਚੋਂ 4 ਆਮ ਆਦਮੀ ਕਲੀਨਿਕ ਕੀਰਤਪੁਰ ਸਾਹਿਬ ‘ਚ, 12 ਸ਼੍ਰੀ ਆਨੰਦਪੁਰ ਸਾਹਿਬ ‘ਚ, 3 ਟੈਂਟ ਸਿਟੀ ‘ਚ, 1 ਟਰਾਲੀ ਸਿਟੀ ਤੇ 1 ਸਰਕਾਰੀ ਪੰਡਾਲ ਵਿੱਚ ‘ਚ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਸਬ ਡਿਵਿਜ਼ਨਲ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਅਤੇ ਕਮਿਊਨਟੀ ਹੈਲਥ ਸੈਂਟਰ ਕੀਰਤਪੁਰ ਸਾਹਿਬ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਸਮਾਗਮ ਦੌਰਾਨ ਸੰਗਤ ਨੂੰ ਤੁਰੰਤ ਸਿਹਤ ਸਹਾਇਤਾ ਮਿਲ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦੀ ਸੁਚਾਰੂ ਉਪਲਬਧਤਾ ਯਕੀਨੀ ਬਣਾਉਣ ਲਈ ਕੁੱਲ 25 ਐਂਬੂਲੈਂਸਾਂ ਨੂੰ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਇਸ ਵਿੱਚ 5 ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਮਾਹਿਰ ਡਾਕਟਰਾਂ ਅਤੇ ਓਰਥੋਪੀਡੀਸ਼ਨ ਦੀ ਟੀਮ ਤਾਇਨਾਤ ਰਹੇਗੀ। ਇਹ ਐਂਬੂਲੈਂਸਾਂ ਉੱਚ ਪੱਧਰੀ ਮੈਡੀਕਲ ਸਮੱਗਰੀ ਨਾਲ ਲੈਸ ਹਨ, ਜੋ ਜਾਨ-ਲੇਵਾ ਐਮਰਜੈਂਸੀ ਹਾਲਤਾਂ ਵਿੱਚ ਮਰੀਜ਼ਾਂ ਨੂੰ ਤੁਰੰਤ ਇਲਾਜ ਪ੍ਰਦਾਨ ਕਰਨ ਲਈ ਯੋਗ ਹਨ। ਇਸ ਦੇ ਨਾਲ ਹੀ 20 ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਜੋ ਆਮ ਹਾਲਤਾਂ ਵਿੱਚ ਵੱਖ-ਵੱਖ ਥਾਵਾਂ ਉੱਤੇ ਮੁਢਲੀ ਸਿਹਤ ਸਹਾਇਤਾ ਪ੍ਰਦਾਨ ਕਰਨਗੀਆਂ।

ਇਸ ਮੌਕੇ ਸਿਵਲ ਸਰਜਨ ਡਾਕਟਰ ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਕਮਿਊਨਟੀ ਸਿਹਤ ਕੇਂਦਰ ਕੀਰਤਪੁਰ ਸਾਹਿਬ, ਸਬ ਡਿਵੀਜ਼ਨਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਵਿਰਾਸਤ – ਏ – ਖਾਲਸਾ ਵਿਖੇ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੂੰ ਅੰਗ ਦਾਨ ਕਰਨ ਸਬੰਧੀ ਵੀ ਪ੍ਰੇਰਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਾਕਟਰ ਅਤੇ ਪੈਰਾਮੈਡੀਕਲ ਸਟਾਫ 24 ਘੰਟੇ ਡਿਊਟੀ ‘ਤੇ ਤੈਨਾਤ ਰਹਿਣਗੇ ਜਿੰਨਾ ਦੁਆਰਾ ਮੁਫਤ ਦਵਾਈਆਂ ਅਤੇ ਟੈਸਟਾਂ ਦੀ ਸੁਵਿਧਾ ਵੀ ਮੁਹਈਆ ਕਰਾਈ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਰੂਪਨਗਰ, ਪੀਐਚਸੀ ਕੀਰਤਪੁਰ ਸਾਹਿਬ ਅਤੇ ਸਬ ਡਿਵੀਜ਼ਨਲ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ ਅਤੇ ਸਬ-ਡਵੀਜਨਲ ਹਸਪਤਾਲ ਨੰਗਲ ਅਤੇ ਜਿਲ੍ਹਾ ਹਸਪਤਾਲ ਰੋਪੜ ਵਿਖੇ ਕ੍ਰਿਟੀਕਲ ਕੇਅਰ ਯੂਨਿਟ ਸਥਾਪਿਤ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਿਆ ਜਾ ਸਕੇ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਅਭਿਮਨਿਊ ਮਲਿਕ ਆਈ ਏ ਐਸ ਸਹਾਇਕ ਕਮਿਸ਼ਨਰ ਸ ਡਾ. ਬੋਬੀ ਗੁਲਾਟੀ ਸਹਾਇਕ ਸਿਵਲ ਸਰਜਨ, ਡਾ. ਅਮਰਜੀਤ ਸਿੰਘ ਐਸਐਮਓ ਝਾਂਡੀਆਂ ਕਲਾਂ, ਡਾ. ਅਨੰਦ ਕਈ ਐਸਐਮਓ ਸੀਐਚਸੀ ਭਰਤਗੜ੍ਹ, ਡਾ. ਗੋਬਿੰਦ ਟੰਡਨ ਐਸਐਮਓ ਐਸਡੀਐਚ ਚਮਕੌਰ ਸਾਹਿਬ, ਡਾ. ਈਸ਼ਾ ਵਰਮਾ ਐਸਐਮਓ ਐਸਡੀਐਚ ਨੰਗਲ, ਡਾ. ਵਰਿੰਦਰ ਕੁਮਾਰ ਡਿਪਟੀ ਮੈਡੀਕਲ ਕਮਿਸ਼ਨਰ ਰੂਪਨਗਰ ਤੇ ਡਾ. ਸਿਮਰਨਜੀਤ ਕੌਰ ਐਸਐਮਓ ਜ਼ਿਲ੍ਹਾ ਹਸਪਤਾਲ ਰੂਪਨਗਰ ਹਾਜ਼ਰ ਸਨ।