ਰੋਸ ਮੀਟਿੰਗ: ਡਾਇਰੈਕਟਰ ਹਰਜੀਤ ਸਿੰਘ ਨੂੰ ਹਟਾਉਣ ਦੇ ਢੰਗ-ਤਰੀਕੇ, ਮੁੱਖ ਇੰਜੀਨੀਅਰ ਦੀ ਮੁਅੱਤਲੀ ਤੇ ਪਾਵਰਕਾਮ ਇੰਜੀਨੀਅਰਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ

297

ਰੋਸ ਮੀਟਿੰਗ: ਡਾਇਰੈਕਟਰ ਹਰਜੀਤ ਸਿੰਘ ਨੂੰ ਹਟਾਉਣ ਦੇ ਢੰਗ-ਤਰੀਕੇ, ਮੁੱਖ ਇੰਜੀਨੀਅਰ ਦੀ ਮੁਅੱਤਲੀ ਤੇ ਪਾਵਰਕਾਮ ਇੰਜੀਨੀਅਰਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ

ਪਟਿਆਲਾ / royalpatiala.in News/ 11 ਨਵੰਬਰ, 2025

ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਪਟਿਆਲਾ ਰੀਜ਼ਨ ਦੇ ਇੰਜੀਨੀਅਰਾਂ ਨੇ ਪਾਵਰਕਾਮ ਮੈਨੇਜਮੈਂਟ ਵੱਲੋ ਇੰਜ. ਹਰੀਸ਼ ਸ਼ਰਮਾ, ਮੁੱਖ ਇੰਜੀਨੀਅਰ ਗੁਰੂ ਗੋਬਿੰਦ ਸਿੰਘ ਸੁਪਰ ਧਰਮਲ ਪਲਾਂਟ, ਰੋਪੜ ਦੀ ਮੁਅੱਤਲੀ ਅਤੇ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਹਰਜੀਤ ਸਿੰਘ ਨੂੰ ਹਟਾਉਣ ਦੇ ਢੰਗ-ਤਰੀਕੇ ਤੇ ਡੂੰਘੀ ਨਰਾਜ਼ਗੀ ਜਾਹਿਰ ਕਰਦੇ ਹੋਏ ਰੋਸ ਵਜੋਂ ਮਿਤੀ 11-11-2025 ਨੂੰ ਪੀ.ਐਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਹੋਮ ਵਿਖੇ ਰੋਸ ਮੀਟਿੰਗ ਕੀਤੀ ਗਈ ਜਿਸ ਵਿੱਚ ਪਟਿਆਲਾ ਹੈਡ ਆਫਿਸ, ਪਟਿਆਲਾ ਬਿਜਲੀ ਵੰਡ ਅਤੇ PSTCL ਤੈਨਾਤ ਸਮੂਹ ਇੰਜੀਨੀਅਰਾਂ ਨੇ ਭਾਗ ਲਿਆ ਅਤੇ ਮੈਨੇਜਮੈਂਟ ਵੱਲੋਂ ਜਿਸ ਤਰ੍ਹਾਂ ਬੇਬੁਨਿਆਦ ਅਤੇ ਗੈਰ ਤਕਨੀਕੀ ਤੱਥਾਂ ਦੇ ਅਧਾਰ ਤੇ ਉਪਰੋਕਤ ਦੋਵੇਂ ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਬਾਰੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਇੰਜੀਨੀਅਰਾਂ ਵੱਲੋ ਐਲੇਕ੍ਟਰੀਸਿਟੀ ਅਮੈਂਡਮੈਂਟ ਬਿੱਲ 2025 ਅਤੇ ਬਿਜਲੀ ਖੇਤਰ ਦੀਆਂ ਜਾਇਦਾਦ ਨੂੰ ਵੇਚਣ ਦੀ ਕੋਸ਼ਿਸ ਦਾ ਵੀ ਪੁਰਜ਼ੋਰ ਵਿਰੋਧ ਕੀਤਾ ਗਿਆ।

ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰਜ਼ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੇ ਖੇਤਰੀ ਸਕੱਤਰ ਇੰਜੀ. ਜਤਿੰਦਰ ਸਿੰਘ ਓਬੇਰਾਏ,  ਇੰਜੀ.ਪ੍ਰੀਤਇੰਦਰ ਸਿੰਘ ਅਤੇ  ਇੰਜੀ. ਦਮਨਦੀਪ ਸਿੰਘ ਮਾਨ  ਵੱਲੋਂ ਦੱਸਿਆ ਗਿਆ ਕਿ ਉਪਰੋਕਤ ਦੋਵੇਂ ਇੰਜੀਨੀਅਰਾਂ ਤੇ ਲਗਾਏ ਗਏ ਦੋਸ਼ ਜਿਸ ਵਿੱਚ ਲਗਭਗ 35-40 ਸਾਲ ਪਹਿਲਾਂ ਲੱਗੇ ਅਤੇ ਪੁਰਾਣੀ ਸਬ-ਕ੍ਰਿਟੀਕਲ ਤਕਨੀਕ ਤੇ ਅਧਾਰਤ ਥਰਮਲ ਪਲਾਂਟਾਂ ਦਾ ਨਵੀਨਤਮ ਸੁਪਰ-ਕ੍ਰਿਟੀਕਲ ਤਕਨੀਕ ਵਾਲੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਤੁਲਨਾ ਕਰਦੇ ਹੋਏ, ਸਰਕਾਰੀ ਥਰਮਲ ਪਲਾਂਟਾਂ ਵਿੱਚ ਫਿਊਲ ਕਾਸਟ (ਕੋਲੇ ਦਾ ਖਰਚਾ) 0.75 ਰੁਪਏ ਤੋਂ 1.25 ਰੁਪਏ ਪ੍ਰਤੀ ਯੂਨਿਟ ਰੇਟ ਜਿਆਦਾ ਹੋਣ ਦਾ ਬੇਬੁਨਿਆਦ ਦੋਸ਼ ਲਗਾਇਆ ਗਿਆ ਹੈ, ਜਦੋਂ ਕਿ ਮਹੀਨਾ ਸਤੰਬਰ-2025 ਦੌਰਾਨ ਥਰਮਲ ਪਲਾਂਟਾ ਨੂੰ ਚਲਾਉਣ ਲਈ ਮੈਰਿਟ ਆਰਡਰ ਡਿਸਪੈਚ(ਐਮ.ਓ.ਡੀ.). ਜੋ ਕਿ ਮਹਿਕਮੇ ਦੇ ਪਾਵਰ ਪਰਚੇਜ਼ ਅਤੇ ਰੈਗੂਲੇਸ਼ਨ ਵਿੰਗ ਵੱਲੋ ਜਾਰੀ ਕੀਤਾ ਜਾਂਦਾ ਹੈ, ਅਨੁਸਾਰ ਨਵੀਂ ਤਕਨਾਲੋਜੀ ਤੇ ਅਧਾਰਤ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਬਿਜਲੀ ਬਣਾਉਣ ਦਾ ਖਰਚਾ 3.77 ਰੁਪਏ ਪ੍ਰਤੀ ਯੂਨਿਟ ਸੀ ਅਤੇ ਪੁਰਾਣੀ ਸਬ-ਕ੍ਰਿਟੀਕਲ ਤਕਨੀਕ ਤੇ ਅਧਾਰਤ ਗੋਇੰਦਵਾਲ ਸਾਹਿਬ ਅਤੇ ਰੋਪੜ ਵਿਖੇ ਸਥਾਪਿਤ ਸਰਕਾਰੀ ਥਰਮਲ ਪਲਾਂਟਾਂ ਵਿਖੇ ਇਹ ਕ੍ਰਮਵਾਰ 3.81 ਰੁਪਏ ਪ੍ਰਤੀ ਯੂਨਿਟ ਅਤੇ 3.91 ਰੁਪਏ ਪ੍ਰਤੀ ਯੂਨਿਟ ਸੀ, ਜਿਸ ਅਨੁਸਾਰ ਅਸਲ ਵਿੱਚ ਫਰਕ ਸਿਰਫ 04 ਤੋਂ 14 ਪੈਸੇ ਦਾ ਹੈ।

ਰੋਸ ਮੀਟਿੰਗ: ਡਾਇਰੈਕਟਰ ਹਰਜੀਤ ਸਿੰਘ ਨੂੰ ਹਟਾਉਣ ਦੇ ਢੰਗ-ਤਰੀਕੇ, ਮੁੱਖ ਇੰਜੀਨੀਅਰ ਦੀ ਮੁਅੱਤਲੀ ਤੇ ਪਾਵਰਕਾਮ ਇੰਜੀਨੀਅਰਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਰੋਸ ਮੀਟਿੰਗ: ਡਾਇਰੈਕਟਰ ਹਰਜੀਤ ਸਿੰਘ ਨੂੰ ਹਟਾਉਣ ਦੇ ਢੰਗ-ਤਰੀਕੇ, ਮੁੱਖ ਇੰਜੀਨੀਅਰ ਦੀ ਮੁਅੱਤਲੀ ਤੇ ਪਾਵਰਕਾਮ ਇੰਜੀਨੀਅਰਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ

ਪ੍ਰੰਤੂ ਉਪਰੋਕਤ ਘਟਨਾਕ੍ਰਮ ਤੋਂ ਇਹ ਜਾਪਦਾ ਹੈ ਕਿ ਮੈਨੇਜਮੈਂਟ ਅਤੇ ਸਰਕਾਰ ਇੰਜੀਨੀਅਰਾਂ ਵਿੱਚ ਸਿਰਫ ਡਰ ਅਤੇ ਸਹਿਮ ਦਾ ਮਹੌਲ ਪੈਦਾ ਕਰਕੇ ਪਾਵਰਕਾਮ ਅਤੇ ਟਰਾਂਸਕੋ ਦੀਆਂ ਜਮੀਨਾਂ ਨੂੰ ਲੁਕਵੇਂ ਏਜੰਡੇ ਰਾਂਹੀ ਕਾਰਪੋਰੇਟਾਂ ਨੂੰ ਵੇਚਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਪਾਵਰਕਾਮ ਦੀ ਖੁਦਮੁਖਤਿਆਰੀ ਨੂੰ ਢਾਹ ਲਾਉਂਦੇ ਹੋਏ ਮਹਿਕਮੇ ਦੇ ਕੰਮਾਂ ਸਬੰਧੀ ਫੈਸਲੇ ਲੈਣ ਲਈ ਅਧਿਕਾਰਤ ਬੋਰਡ ਆਫ ਡਾਇਰੈਕਟਰਜ਼ ਦੇ ਅਖਤਿਆਰਾਂ ਤੇ ਕੰਟਰੋਲ ਕਰਦੇ ਹੋਏ ਪਾਵਰਕਾਮ ਦੇ ਤਕਨੀਕੀ ਕੰਮਾਂ ਅਤੇ ਖਰੀਦ ਪ੍ਰਕਿਰਿਆਵਾਂ ਆਦਿ ਵਿੱਚ ਬੇਲੋੜੀ ਰਾਜਨੀਤਿਕ ਦਖਲਅੰਦਾਜੀ ਕੀਤੀ ਜਾ ਰਹੀ ਹੈ ਜਿਸ ਕਾਰਨ ਪੀਐਸਪੀਸੀਐਲ ਦੀ ਕਾਰਜਕੁਸ਼ਲਤਾ  ਪ੍ਰਭਾਵਿਤ ਹੋਵੇਗੀ।

ਰੈਲੀ ਦੌਰਾਨ ਸਮੂਹ ਇੰਜੀਨੀਅਰਾਂ ਨੇ ਪ੍ਰਣ ਕੀਤਾ ਹੈ ਕਿ ਮੈਨੇਜਮੈਂਟ ਅਤੇ ਸਰਕਾਰ ਵੱਲੋ ਇੰਜੀਨੀਅਰਾਂ ਵਿੱਚ ਡਰ ਅਤੇ ਸਹਿਮ ਪੈਦਾ ਕਰਨ ਲਈ ਅਪਣਾਏ ਜਾ ਰਹੇ ਹੱਥ ਕੰਡਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਅਤੇ ਜੇਕਰ ਸਰਕਾਰ ਵੱਲੋ ਪਾਵਰਕਾਮ ਦੀਆਂ ਜਾਇਦਾਦਾਂ ਨੂੰ ਵੇਚਣ, ਮਹਿਕਮੇ ਦੀ ਖੁਦਮੁਖਤਿਆਰੀ ਨੂੰ ਢਾਹ ਲਾਉਣ ਲਈ ਜਾਰੀ ਬੇਲੋੜੀ ਰਾਜਨੀਤਿਕ ਦਖਲ ਅੰਦਾਜੀ ਅਤੇ ਲੁਕਵੇਂ ਏਜੰਡੇ ਲਾਗੂ ਕਰਨ ਦੀ ਕੋਸ਼ਿਸ਼ ਤੁਰੰਤ ਬੰਦ ਨਹੀ ਕੀਤੀ ਜਾਂਦੀ ਤਾਂ ਇਸ ਦੇ ਜਵਾਬ ਵਿੱਚ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਦੀ ਕੇਂਦਰੀ ਕਾਰਜਕਾਰਨੀ ਵੱਲੋਂ ਭਵਿੱਖ ਵਿੱਚ ਦਿੱਤੇ ਜਾਣ ਵਾਲੇ ਸੰਘਰਸ਼ ਦੇ ਪ੍ਰੋਗਰਾਮ ਵਿੱਚ ਪੂਰੇ ਜੋਰਦਾਰ ਢੰਗ ਨਾਲ ਸਮੂਹਲੀਅਤ ਕੀਤੀ ਜਾਵੇਗੀ।

ਅਖੀਰ ਵਿੱਚ ਇੰਜੀਨੀਅਰ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਵੱਲੋਂ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਸਮੂਹ ਇੰਜੀਨੀਅਰ ਪੰਜਾਬ ਸਰਕਾਰ ਦੇ ਟੀਚਿਆਂ ਅਨੁਸਾਰ ਲੋਕਾਂ ਨੂੰ ਬਿਹਤਰ ਸੇਵਾਵਾਂ ਅਤੇ ਨਿਰਵਿਘਨ ਸਪਲਾਈ ਦੇਣ ਲਈ ਵਚਨਬੱਧ ਹਨ। ਇਸ ਲਈ ਸਰਕਾਰ ਨੂੰ ਕਿਸੇ ਵੀ ਅਜਿਹੀ ਕਾਰਵਾਈ ਤੋਂ ਗੁਰੇਜ ਕਰਨਾ ਚਾਹਿਦਾ ਹੈ ਜਿਸ ਨਾਲ ਇੰਜੀਨੀਅਰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣ ਅਤੇ ਮਹਿਕਮੇ ਵਿੱਚ ਅਣਸੁਖਾਵਾਂ ਮਾਹੌਲ ਪੈਦਾ ਹੋਣ ਕਾਰਨ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣ ਦੇ ਟੀਚਿਆਂ ਵਿੱਚ ਕੋਈ ਵਿਘਨ ਪਵੇ।