ਪਾਵਰਕਮ ਦੇ ਇੰਜੀਨੀਅਰਾਂ ਵਲੋਂ ਮੁੱਖ ਇੰਜੀਨੀਅਰ ਦੀ ਮੁਅੱਤਲੀ, ਡਾਇਰੈਕਟਰ ਨੂੰ ਹਟਾਉਣ ਅਤੇ ਪ੍ਰੋਪਰਟੀ ਵੇਚਣ ਦੇ ਮਸਲੇ ਤੇ ਕੀਤੀ ਰੋਸ ਮੀਟਿੰਗ

132

ਪਾਵਰਕਮ ਦੇ ਇੰਜੀਨੀਅਰਾਂ ਵਲੋਂ ਮੁੱਖ ਇੰਜੀਨੀਅਰ ਦੀ ਮੁਅੱਤਲੀ, ਡਾਇਰੈਕਟਰ ਨੂੰ ਹਟਾਉਣ ਅਤੇ ਪ੍ਰੋਪਰਟੀ ਵੇਚਣ ਦੇ ਮਸਲੇ ਤੇ ਕੀਤੀ ਰੋਸ ਮੀਟਿੰਗ

ਪਟਿਆਲਾ/ royalpatiala.in News/17 ਨਵੰਬਰ,2025

ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਸੰਗਰੂਰ ਰੀਜ਼ਨ ਦੇ ਇੰਜੀਨੀਅਰਾਂ ਨੇ ਪਾਵਰਕਾਮ ਮੈਨੇਜਮੈਂਟ ਵੱਲੋ ਇੰਜ. ਹਰੀਸ਼ ਸ਼ਰਮਾ, ਮੁੱਖ ਇੰਜੀਨੀਅਰ ਗੁਰੂ ਗੋਬਿੰਦ ਸਿੰਘ ਸੁਪਰ ਧਰਮਲ ਪਲਾਂਟ, ਰੋਪੜ ਦੀ ਮੁਅੱਤਲੀ ਅਤੇ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਹਰਜੀਤ ਸਿੰਘ ਨੂੰ ਹਟਾਉਣ ਦੇ ਢੰਗ-ਤਰੀਕੇ ਤੇ ਡੂੰਘੀ ਨਰਾਜ਼ਗੀ ਜਾਹਿਰ ਕਰਦੇ ਹੋਏ ਰੋਸ ਵਜੋਂ ਮਿਤੀ 17-11-2025 ਨੂੰ ਸੈਂਟਰਲ ਸਟੋਰ, ਸੋਹੀਆਂ ਰੋਡ, ਸੰਗਰੂਰ  ਵਿਖੇ ਰੋਸ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਗਰੂਰ ਰੀਜਨ ਦੇ ਸਮੂਹ ਇੰਜੀਨੀਅਰਾਂ ਨੇ ਭਾਗ ਲਿਆ ਅਤੇ ਮੈਨੇਜਮੈਂਟ ਵੱਲੋਂ ਜਿਸ ਤਰ੍ਹਾਂ ਬੇਬੁਨਿਆਦ ਅਤੇ ਗੈਰ ਤਕਨੀਕੀ ਤੱਥਾਂ ਦੇ ਅਧਾਰ ਤੇ ਉਪਰੋਕਤ ਦੋਵੇਂ ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਬਾਰੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਇੰਜੀਨੀਅਰਾਂ ਵੱਲੋ ਐਲੇਕ੍ਟਰੀਸਿਟੀ ਅਮੈਂਡਮੈਂਟ ਬਿੱਲ 2025 ਅਤੇ ਬਿਜਲੀ ਖੇਤਰ ਦੀਆਂ ਜਾਇਦਾਦ ਨੂੰ ਵੇਚਣ ਦੀ ਕੋਸ਼ਿਸ ਦਾ ਵੀ ਪੁਰਜ਼ੋਰ ਵਿਰੋਧ ਕੀਤਾ ਗਿਆ।

ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰਜ਼ ਐਸੋਸੀਏਸ਼ਨ ਦੇ ਰੀਜਨਲ ਸਕੱਤਰ ਇੰਜ:ਪੰਕਜ ਗਰਗ ਐਸਡੀਓ ਸੰਗਰੂਰ  ਵੱਲੋਂ ਦੱਸਿਆ ਗਿਆ ਕਿ ਉਪਰੋਕਤ ਦੋਵੇਂ ਇੰਜੀਨੀਅਰਾਂ ਤੇ ਲਗਾਏ ਗਏ ਦੋਸ਼ ਜਿਸ ਵਿੱਚ ਲਗਭਗ 35-40 ਸਾਲ ਪਹਿਲਾਂ ਲੱਗੇ ਅਤੇ ਪੁਰਾਣੀ ਸਬ-ਕ੍ਰਿਟੀਕਲ ਤਕਨੀਕ ਤੇ ਅਧਾਰਤ ਥਰਮਲ ਪਲਾਂਟਾਂ ਦਾ ਨਵੀਨਤਮ ਸੁਪਰ-ਕ੍ਰਿਟੀਕਲ ਤਕਨੀਕ ਵਾਲੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਤੁਲਨਾ ਕਰਦੇ ਹੋਏ, ਸਰਕਾਰੀ ਥਰਮਲ ਪਲਾਂਟਾਂ ਵਿੱਚ ਫਿਊਲ ਕਾਸਟ (ਕੋਲੇ ਦਾ ਖਰਚਾ) 0.75 ਰੁਪਏ ਤੋਂ 1.25 ਰੁਪਏ ਪ੍ਰਤੀ ਯੂਨਿਟ ਰੇਟ ਜਿਆਦਾ ਹੋਣ ਦਾ ਬੇਬੁਨਿਆਦ ਦੋਸ਼ ਲਗਾਇਆ ਗਿਆ ਹੈ, ਜਦੋਂ ਕਿ ਮਹੀਨਾ ਸਤੰਬਰ-2025 ਦੌਰਾਨ ਥਰਮਲ ਪਲਾਂਟਾ ਨੂੰ ਚਲਾਉਣ ਲਈ ਮੈਰਿਟ ਆਰਡਰ ਡਿਸਪੈਚ(ਐਮ.ਓ.ਡੀ.) ਜੋ ਕਿ ਮਹਿਕਮੇ ਦੇ ਪਾਵਰ ਪਰਚੇਜ਼ ਅਤੇ ਰੈਗੂਲੇਸ਼ਨ ਵਿੰਗ ਵੱਲੋ ਜਾਰੀ ਕੀਤਾ ਜਾਂਦਾ ਹੈ, ਅਨੁਸਾਰ ਨਵੀਂ ਤਕਨਾਲੋਜੀ ਤੇ ਅਧਾਰਤ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਬਿਜਲੀ ਬਣਾਉਣ ਦਾ ਖਰਚਾ 3.77 ਰੁਪਏ ਪ੍ਰਤੀ ਯੂਨਿਟ ਸੀ ਅਤੇ ਪੁਰਾਣੀ ਸਬ-ਕ੍ਰਿਟੀਕਲ ਤਕਨੀਕ ਤੇ ਅਧਾਰਤ ਗੋਇੰਦਵਾਲ ਸਾਹਿਬ ਅਤੇ ਰੋਪੜ ਵਿਖੇ ਸਥਾਪਿਤ ਸਰਕਾਰੀ ਥਰਮਲ ਪਲਾਂਟਾਂ ਵਿਖੇ ਇਹ ਕ੍ਰਮਵਾਰ 3.81 ਰੁਪਏ ਪ੍ਰਤੀ ਯੂਨਿਟ ਅਤੇ 3.91 ਰੁਪਏ ਪ੍ਰਤੀ ਯੂਨਿਟ ਸੀ, ਜਿਸ ਅਨੁਸਾਰ ਅਸਲ ਵਿੱਚ ਫਰਕ ਸਿਰਫ 04 ਤੋਂ 14 ਪੈਸੇ ਦਾ ਹੈ।

ਪ੍ਰੰਤੂ ਉਪਰੋਕਤ ਘਟਨਾਕ੍ਰਮ ਤੋਂ ਇਹ ਜਾਪਦਾ ਹੈ ਕਿ ਮੈਨੇਜਮੈਂਟ ਅਤੇ ਸਰਕਾਰ ਇੰਜੀਨੀਅਰਾਂ ਵਿੱਚ ਸਿਰਫ ਡਰ ਅਤੇ ਸਹਿਮ ਦਾ ਮਹੌਲ ਪੈਦਾ ਕਰਕੇ ਪਾਵਰਕਾਮ ਅਤੇ ਟਰਾਂਸਕੋ ਦੀਆਂ ਜਮੀਨਾਂ ਨੂੰ ਲੁਕਵੇਂ ਏਜੰਡੇ ਰਾਂਹੀ ਕਾਰਪੋਰੇਟਾਂ ਨੂੰ ਵੇਚਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਪਾਵਰਕਾਮ ਦੀ ਖੁਦਮੁਖਤਿਆਰੀ ਨੂੰ ਢਾਹ ਲਾਉਂਦੇ ਹੋਏ ਮਹਿਕਮੇ ਦੇ ਕੰਮਾਂ ਸਬੰਧੀ ਫੈਸਲੇ ਲੈਣ ਲਈ ਅਧਿਕਾਰਤ ਬੋਰਡ ਆਫ ਡਾਇਰੈਕਟਰਜ਼ ਦੇ ਅਖਤਿਆਰਾਂ ਤੇ ਕੰਟਰੋਲ ਕਰਦੇ ਹੋਏ ਪਾਵਰਕਾਮ ਦੇ ਤਕਨੀਕੀ ਕੰਮਾਂ ਅਤੇ ਖਰੀਦ ਪ੍ਰਕਿਰਿਆਵਾਂ ਆਦਿ ਵਿੱਚ ਬੇਲੋੜੀ ਰਾਜਨੀਤਿਕ ਦਖਲਅੰਦਾਜੀ ਕੀਤੀ ਜਾ ਰਹੀ ਹੈ ਜਿਸ ਕਾਰਨ ਪੀਐਸਪੀਸੀਐਲ ਦੀ ਕਾਰਜਕੁਸ਼ਲਤਾ  ਪ੍ਰਭਾਵਿਤ ਹੋਵੇਗੀ।

ਮੀਟਿੰਗ ਦੌਰਾਨ ਸਮੂਹ ਇੰਜੀਨੀਅਰਾਂ ਨੇ ਪ੍ਰਣ ਕੀਤਾ ਹੈ ਕਿ ਮੈਨੇਜਮੈਂਟ ਅਤੇ ਸਰਕਾਰ ਵੱਲੋ ਇੰਜੀਨੀਅਰਾਂ ਵਿੱਚ ਡਰ ਅਤੇ ਸਹਿਮ ਪੈਦਾ ਕਰਨ ਲਈ ਅਪਣਾਏ ਜਾ ਰਹੇ ਹੱਥ ਕੰਡਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਅਤੇ ਜੇਕਰ ਸਰਕਾਰ ਵੱਲੋ ਪਾਵਰਕਾਮ ਦੀਆਂ ਜਾਇਦਾਦਾਂ ਨੂੰ ਵੇਚਣ, ਮਹਿਕਮੇ ਦੀ ਖੁਦਮੁਖਤਿਆਰੀ ਨੂੰ ਢਾਹ ਲਾਉਣ ਲਈ ਜਾਰੀ ਬੇਲੋੜੀ ਰਾਜਨੀਤਿਕ ਦਖਲ ਅੰਦਾਜੀ ਅਤੇ ਲੁਕਵੇਂ ਏਜੰਡੇ ਲਾਗੂ ਕਰਨ ਦੀ ਕੋਸ਼ਿਸ਼ ਤੁਰੰਤ ਬੰਦ ਨਹੀ ਕੀਤੀ ਜਾਂਦੀ ਤਾਂ ਇਸ ਦੇ ਜਵਾਬ ਵਿੱਚ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਸੰਗਰੂਰ ਵਲੋਂ ਤੀਖਾ ਸੰਗਰਸ਼ ਕੀਤਾ ਜਾਵੇਗਾ|

ਪਾਵਰਕਮ ਦੇ ਇੰਜੀਨੀਅਰਾਂ ਵਲੋਂ ਮੁੱਖ ਇੰਜੀਨੀਅਰ ਦੀ ਮੁਅੱਤਲੀ, ਡਾਇਰੈਕਟਰ ਨੂੰ ਹਟਾਉਣ ਅਤੇ ਪ੍ਰੋਪਰਟੀ ਵੇਚਣ ਦੇ ਮਸਲੇ ਤੇ ਕੀਤੀ ਰੋਸ ਮੀਟਿੰਗ

ਅਖੀਰ ਵਿੱਚ ਇੰਜੀਨੀਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਸਮੂਹ ਇੰਜੀਨੀਅਰ ਪੰਜਾਬ ਸਰਕਾਰ ਦੇ ਟੀਚਿਆਂ ਅਨੁਸਾਰ ਲੋਕਾਂ ਨੂੰ ਬਿਹਤਰ ਸੇਵਾਵਾਂ ਅਤੇ ਨਿਰਵਿਘਨ ਸਪਲਾਈ ਦੇਣ ਲਈ ਵਚਨਬੱਧ ਹਨ। ਇਸ ਲਈ ਸਰਕਾਰ ਨੂੰ ਕਿਸੇ ਵੀ ਅਜਿਹੀ ਕਾਰਵਾਈ ਤੋਂ ਗੁਰੇਜ ਕਰਨਾ ਚਾਹਿਦਾ ਹੈ ਜਿਸ ਨਾਲ ਇੰਜੀਨੀਅਰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣ ਅਤੇ ਮਹਿਕਮੇ ਵਿੱਚ ਅਣਸੁਖਾਵਾਂ ਮਾਹੌਲ ਪੈਦਾ ਹੋਣ ਕਾਰਨ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣ ਦੇ ਟੀਚਿਆਂ ਵਿੱਚ ਕੋਈ ਵਿਘਨ ਪਵੇ।

ਇਸ ਮੀਟਿੰਗ ਵਿੱਚ ਇੰਜ:ਸੁਖਵੰਤ ਸਿੰਘ ਐਕਸੀਅਨ, ਇੰਜ:ਵਰਿੰਦਰ ਦੀਪਕ ਗੋਇਲ ਐਕਸੀਅਨ, ਇੰਜ:ਚਰਨਜੀਤ ਸਿੰਘ ਐਕਸੀਅਨ , ਇੰਜ:ਪਰਮਿੰਦਰਜੀਤ ਸਿੰਘ ਐਕਸੀਅਨ, ਇੰਜ: ਗੁਰਵਿੰਦਰ ਸਿੰਘ ਐਕਸੀਅਨ,ਇੰਜ: ਪੰਕਜ ਗਰਗ ਐਸਡੀਓ , ਇੰਜ: ਅਸਿਸ਼ ਐਸਡੀਓ, ਇੰਜ:ਰਘਵੀਰ ਸਿੰਘ ਐਸਡੀਓ, ਇੰਜ:ਸੰਜੀਵ ਕੁਮਾਰ ਐਸਡੀਓ,ਇੰਜ:ਹਾਕਮ ਸਿੰਘ ਐਸਡੀਓ, ਇੰਜ:ਸੁਖਵੀਰ ਸਿੰਘ ਐਸਡੀਓ, ਇੰਜ:ਸੁਖਦੇਵ ਸਿੰਘ ਐਸਡੀਓ,ਇੰਜ:ਚਮਕੌਰ ਸਿੰਘ ਐਸਡੀਓ, ਇੰਜ:ਜਗਦੀਪ ਸਿੰਘ ਐਸਡੀਓ, ਇੰਜ:ਸੁਰਿੰਦਰ ਸਿੰਘ ਐਸਡੀਓ, ਇੰਜ:ਮਨਪ੍ਰੀਤ ਸਿੰਘ ਐਸਡੀਓ ਅਤੇ ਹੋਰ ਕਈ ਅਧਿਕਾਰੀ ਵੱਡੀ ਤਦਾਦ ਵਿੱਚ ਮੋਜੂਦ ਰਹੇ|