24 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿੱਚ ਟੈਂਟ ਪੈਗਿੰਗ, ਢਾਲ ਤਲਵਾਰ, ਸਸ਼ਤਰ ਦਰਸ਼ਨ ਤੇ ਸਿਮਰਨ ਦਾ ਹੋਵੇਗਾ ਆਯੋਜਨ- ਹਰਜੋਤ ਸਿੰਘ ਬੈਂਸ
ਬਹਾਦਰਜੀਤ ਸਿੰਘ / royalpatiala.in News/ ਸ੍ਰੀ ਅਨੰਦਪੁਰ ਸਾਹਿਬ 19 ਨਵੰਬਰ,2025
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ, ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਇੱਥੇ ਦੱਸਿਆ 24 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਟੈਂਟ ਪੈਗਿੰਗ, ਢਾਲ ਤਲਵਾਰ, ਸਸ਼ਤਰ ਦਰਸ਼ਨ, ਸਿਮਰਨ ਤੇ ਤਲਵਾਰ ਫਿਊਜ਼ਨ ਇਵੈਂਟ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਪੰਜਾਬ ਸਰਕਾਰ ਵੱਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖ ਪਰੰਪਰਾ, ਲਾਸਾਨੀ ਬਹਾਦਰੀ ਅਤੇ ਸੇਵਾ-ਭਾਵਨਾ ਨਾਲ ਜੋੜਨਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਮਾਗਮਾਂ ਵਿੱਚ ਟੈਂਟ ਪੈਗਿੰਗ, ਢਾਲ-ਤਲਵਾਰ, ਸਸ਼ਤਰ ਦਰਸ਼ਨ, ਸਿਮਰਨ ਅਤੇ ਤਲਵਾਰ ਫਿਊਜ਼ਨ ਵਰਗੇ ਵਿਲੱਖਣ ਪ੍ਰਦਰਸ਼ਣ ਕੀਤੇ ਜਾਣਗੇ। ਇਹ ਪ੍ਰੋਗਰਾਮ ਖਾਲਸਾ ਪੰਥ ਦੀ ਬਹਾਦਰੀ ਅਤੇ ਸ਼ਸਤ੍ਰ-ਵਿਦਿਆ ਦੀ ਅਨੋਖੀ ਪਰੰਪਰਾ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ। ਸੰਗਤ ਨੂੰ ਇਨ੍ਹਾਂ ਸਮਾਗਮਾਂ ਰਾਹੀਂ ਨਾ ਸਿਰਫ਼ ਸਸ਼ਤਰ ਵਿੱਦਿਆਂ ਦੇ ਪ੍ਰਾਚੀਨ ਰੂਪ ਨਾਲ ਜਾਣੂ ਕਰਵਾਇਆ ਜਾਵੇਗਾ, ਬਲਕਿ ਉਹ ਇਸ ਦੀ ਆਧੁਨਿਕ ਪ੍ਰਸੰਗਿਕਤਾ ਅਤੇ ਸਿੱਖ ਮਰਯਾਦਾ ਵਿੱਚ ਇਸਦੇ ਮਹੱਤਵ ਬਾਰੇ ਵੀ ਜਾਣ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਟੈਂਟ ਪੈਗਿੰਗ ਮੁਕਾਬਲੇ ਘੁੜਸਵਾਰੀ ਦੇ ਉਸ ਜੌਹਰ ਨੂੰ ਪ੍ਰਗਟਾਉਂਦੇ ਹਨ ਜੋ ਪੁਰਾਤਨ ਸਮਿਆਂ ਵਿੱਚ ਸਿੱਖ ਯੋਧਿਆਂ ਦੀ ਤਿਆਰੀ ਦਾ ਅਹਿਮ ਹਿੱਸਾ ਸੀ। ਢਾਲ-ਤਲਵਾਰ ਦੀ ਪ੍ਰਦਰਸ਼ਨੀ ਸਿੱਖ ਯੋਧਾ ਕਲਾ ਦੇ ਪ੍ਰਾਚੀਨ ਰੂਪ ਦੇ ਦਰਸ਼ਨ ਕਰਵਾਏਗੀ, ਜਿਸ ਵਿੱਚ ਬਲ, ਸੰਤੁਲਨ ਅਤੇ ਅਨੁਸ਼ਾਸਨ ਦਾ ਸੁਮੇਲ ਸੰਗਤ ਨੂੰ ਮੋਹ ਲਏਗਾ। ਇਸੇ ਤਰ੍ਹਾਂ, ਸਸ਼ਤਰ ਦਰਸ਼ਨ ਸਮਾਗਮ ਵਿੱਚ ਸੰਗਤ ਨੂੰ ਪਵਿੱਤਰ ਸਸ਼ਤਰਾਂ ਦੇ ਦਰਸ਼ਨ ਕਰਵਾਏ ਜਾਣਗੇ, ਜਿਨ੍ਹਾਂ ਦਾ ਸਿੱਖ ਧਰਮ ਵਿੱਚ ਮਹੱਤਵਪੂਰਨ ‘ਤੇ ਵਿਸ਼ੇਸ਼ ਮਹੱਤਵ ਹੈ।

ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਸਿਮਰਨ ਸਮਾਗਮਾਂ ਦਾ ਰੂਹਾਨੀ ਪੱਖ ਹੋਵੇਗਾ, ਜਿਸ ਰਾਹੀਂ ਸੰਗਤ ਨੂੰ ਨਾਮ-ਅਭਿਆਸ, ਅੰਦਰੂਨੀ ਸ਼ਹਿਨਸ਼ੀਲਤਾ ਅਤੇ ਗੁਰੂ-ਸ਼ਬਦ ਨਾਲ ਜੁੜਨ ਦਾ ਮੌਕਾ ਮਿਲੇਗਾ।
ਤਲਵਾਰ ਫਿਊਜ਼ਨ ਪ੍ਰੋਗਰਾਮ ਖ਼ਾਸ ਤੌਰ ‘ਤੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪਰੰਪਰਾਗਤ ਖਾਲਸਾਈ ਤਲਵਾਰ ਕਲਾ ਨੂੰ ਆਧੁਨਿਕ ਪ੍ਰਸਤੁਤੀਕਰਨ ਨਾਲ ਜੋੜਿਆ ਜਾਵੇਗਾ, ਤਾਂ ਜੋ ਪੁਰਾਤਨ ਕਲਾ ਨਵੀਂ ਪੀੜ੍ਹੀ ਲਈ ਹੋਰ ਵੀ ਪ੍ਰਭਾਵਸ਼ਾਲੀ ਬਣੇ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਚਰਨ ਗੰਗਾ ਸਟੇਡੀਅਮ ਵਿੱਚ ਹੋ ਰਹੇ ਇਹ ਸਮਾਗਮ ਸੰਗਤ ਲਈ ਯਾਦਗਾਰੀ ਹੋਣਗੇ।












