ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵਲੋਂ ਡੂਮੇਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦਾ ਉਦਘਾਟਨ
ਬਹਾਦਰਜੀਤ ਸਿੰਘ / royalpatiala.in News/ ਰੂਪਨਗਰ,22 ਨਵੰਬਰ,2025
ਅੱਜ ਪਿੰਡ ਡੂਮੇਵਾਲ ਵਿੱਚ ਨਿਰਮਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦਾ ਸ਼ਾਨਦਾਰ ਉਦਘਾਟਨ ਭਾਰਤ ਸਰਕਾਰ ਦੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਵਲਰਡ ਕੈਂਸਰ ਕੇਅਰ ਦੇ ਸੰਸਥਾਪਕ ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਮਾਣਯੋਗ ਮੰਤਰੀ ਦਾ ਸਤਿਕਾਰ ਕਰਦੇ ਹੋਏ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਦੇਣ ਲਈ ਬਾਬਾ ਜੋਗਿੰਦਰ ਸਿੰਘ ਜੀ ਡੂਮੇਲੀ ਵਾਲੇ ਪਹੁੰਚੇ ਜਿਹਨਾਂ ਦੇ ਆਸ਼ੀਰਵਾਦ ਸਦਕਾ ਇਹ ਕਾਰਜ ਨੇਪਰੇ ਚੜਿਆ।
ਪ੍ਰੋਗਰਾਮ ਦੀ ਸ਼ੁਰੂਆਤ ਲੌਸ ਐਂਜਲਸ, ਅਮਰੀਕਾ ਤੋਂ ਪਧਾਰੇ ਪ੍ਰਸਿੱਧ ਰਾਗੀ ਭਾਈ ਅਨੰਤਵੀਰ ਸਿੰਘ ਜੀ ਦੇ ਰਸ ਭਰੇ ਕੀਰਤਨ ਨਾਲ ਹੋਈ। ਉਹਨਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਪੇਸ਼ ਕੀਤਾ ਗਿਆ “ਮਾਧੋ ਸ਼ਬਦ ਕੀਰਤਨ” ਸੰਗਤ ਨੂੰ ਪੂਰੀ ਤਰ੍ਹਾਂ ਮੰਤਰਮੁਗਧ ਕਰ ਗਿਆ ਅਤੇ ਪੰਡਾਲ ਭਗਤੀ ਰਸ ਨਾਲ ਝੂਮ ਉੱਠਿਆ।
ਵਲਰਡ ਕੈਂਸਰ ਕੇਅਰ (ਇੰਡੀਆ) ਦੇ ਡਾਇਰੈਕਟਰ ਅਜੈਵੀਰ ਸਿੰਘ ਲਾਲਪੁਰਾ ਨੇ ਸਾਰੇ ਸੰਤ, ਮਹਾਪੁਰਸ਼ਾਂ, ਸਤਿਕਾਰਯੋਗ ਅਤਿਥੀਆਂ ਅਤੇ ਸਥਾਨਕ ਸੰਗਤ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਹਸਪਤਾਲ ਇਲਾਕੇ ਦੀ ਸਿਹਤ ਸੇਵਾਵਾਂ ਲਈ ਇੱਕ ਨਵਾਂ ਮੀਲ ਪੱਥਰ ਬਣੇਗਾ।
ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਧਾਲੀਵਾਲ ਅਤੇ ਲਾਲਪੁਰਾ ਪਰਿਵਾਰ ਦੀ ਸੇਵਾ-ਭਾਵਨਾ ਦੀ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸਤਾਬਦੀ ਦੇ ਅਵਸਰ ‘ਤੇ ਕੀਤਾ ਗਿਆ ਇਹ ਕਾਰਜ “ਅਸਲ ਲੋਕ ਸੇਵਾ” ਨੂੰ ਦਰਸਾਉਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹਸਪਤਾਲ ਪੇਂਡੂ ਇਲਾਕਿਆਂ ਅਤੇ ਲੋੜਵੰਦ ਵਰਗਾਂ ਲਈ ਅਤਿਆਧੁਨਿਕ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇਸ ਮੌਕੇ ‘ਤੇ ਤਿੰਨ ਵਾਰ ਦੇ ਸੰਸਦ ਮੈਂਬਰ ਅਤੇ ਪ੍ਰਸਿੱਧ ਕਲਾ-ਕਾਰ ਮਨੋਜ ਤਿਵਾਰੀ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਅਜੈਵੀਰ ਸਿੰਘ ਲਾਲਪੁਰਾ ਦੇ ਲਗਾਤਾਰ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਜਿਸ ਸਮਰਪਣ ਅਤੇ ਦ੍ਰਿੜਤਾ ਨਾਲ ਇਹ ਹਸਪਤਾਲ ਤਿਆਰ ਕੀਤਾ ਗਿਆ ਹੈ, ਉਹ ਸੇਵਾ ਦੀ ਪ੍ਰੇਰਕ ਮਿਸਾਲ ਹੈ।
ਇਸ ਮੌਕੇ ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਸੰਗਤ ਨੂੰ ਅਪੀਲ ਕੀਤੀ ਕਿ ਹਸਪਤਾਲ ਦੀ ਸੇਵਾ ਸਿਰਫ਼ ਇਲਾਜ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਇਹ ਲੋਕ-ਭਲਾਈ ਦੇ ਲਗਾਤਾਰ ਉਪਰਾਲਿਆਂ ਦਾ ਕੇਂਦਰ ਬਣੇਗੀ। ਉਹਨਾਂ ਨੇ ਕਿਹਾ ਕਿ ਜਿਵੇਂ ਸੰਗਤ ਨੇ ਹਮੇਸ਼ਾ ਸਮਾਜ ਸੇਵਾ ਵਿੱਚ ਅੱਗੇ ਰਹਿ ਕੇ ਯੋਗਦਾਨ ਦਿੱਤਾ ਹੈ, ਓਹੋ ਜਿਹੀ ਭੂਮਿਕਾ ਅਗਲੇ ਪੜਾਅ ਵਿੱਚ ਵੀ ਨਿਭਾਈ ਜਾਵੇ। ਡਾ. ਧਾਲੀਵਾਲ ਨੇ ਬੇਨਤੀ ਕੀਤੀ ਕਿ ਜਿਨ੍ਹਾਂ ਦੀਆਂ ਸਮਰੱਥਾਵਾਂ ਹਨ, ਉਹ ਅਗਲੇ ਪ੍ਰੋਜੈਕਟਾਂ ਗਰੀਬਾਂ ਦੇ ਇਲਾਜ, ਕੈਂਸਰ ਸਕ੍ਰੀਨਿੰਗ ਕੈਂਪਾਂ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਦੇ ਵਿਸਥਾਰ ਵਿੱਚ ਦਿਲ ਖੋਲ੍ਹ ਕੇ ਸਹਿਯੋਗ ਕਰਨ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ “ਇਹ ਸੇਵਾ ਸਿਰਫ਼ ਸਾਡੀ ਨਹੀਂ, ਸਾਰੀ ਸੰਗਤ ਦੀ ਹੈ; ਹਰ ਦਾਨ, ਹਰ ਯੋਗਦਾਨ ਕਿਸੇ ਨਾ ਕਿਸੇ ਜਿੰਦਗੀ ਨੂੰ ਬਚਾਉਣ ਵਾਲਾ ਸਾਬਤ ਹੁੰਦਾ ਹੈ।”
ਕੌਮੀ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਸਮੂਹ ਸੰਗਤ ਅਤੇ ਸਾਰੇ ਅਤਿਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਸਪਤਾਲ ਦਾ ਮੂਲ ਉਦੇਸ਼ ਸਿਰਫ ਇਲਾਜ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਅਤੇ “ਸਰਬੱਤ ਦਾ ਭਲਾ” ਦੇ ਗੁਰਮਤਿ ਸਿਧਾਂਤ ਨੂੰ ਅੱਗੇ ਵਧਾਉਣਾ ਹੈ।
ਸਮਾਗਮ ਦੌਰਾਨ ਕਈ ਸਤਿਕਾਰਯੋਗ ਸੰਤਾਂ ਅਤੇ ਸਮਾਜ ਸੇਵੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਉਪਰਾਲੇ ਦੀ ਖੂਬ ਪ੍ਰਸ਼ੰਸਾ ਕੀਤੀ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਬਾਬਾ ਅਨਮੋਲਕਾ ਨੰਦ , ਬਾਬਾ ਗੋਪਾਲਾ ਨੰਦ , ਅਜਰਾ ਨੰਦ , ਬਾਬਾ ਪਰਮਜੀਤ ਸਿੰਘ ਰੋਲੂਮਾਜਰਾ , ਬਾਬਾ ਗੁਰਚਰਨ ਸਿੰਘ, ਸੁਰਜੀਤ ਸਿੰਘ ਘਾਹੀਮਾਜਰਾ, ਬਾਬਾ ਸ਼ੋਂਕੀ , ਧਰਮਿੰਦਰ ਸਿੰਘ ਭਿੰਡਾ, ਨਵੀਨ ਕੁਮਾਰ, ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਸਤਨਾਮ ਸਿੰਘ, ਜਗਦੀਸ਼ ਚੰਦਰ ਕਾਜਲਾ, ਬਾਬਾ ਹਰਪ੍ਰੀਤ , ਬਾਬਾ ਗੁਰਮੇਲ , ਬਾਬਾ ਕਾਤੂ , ਰਮਨ ਜਿੰਦਲ, ਬਲਵੀਰ ਸਿੰਘ ਸ਼ਾਹਪੁਰਾ, ਸੁਦਰਸ਼ਨ ਚੌਧਰੀ, ਪਰਵੇਸ਼ ਸੋਨੀ ਨੰਗਲ, ਬਾਬਾ ਬੰਤੋ , ਬਾਬਾ ਸੁੱਚਾ ਸਿੰਘ , ਗੁਰਦੀਪ ਸਿੰਘ ਗੋਸ਼ਾ, ਅਮਰਜੀਤ ਸਿੰਘ ਸੰਦੋਆ, ਅਮਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ ਆਦਿ ਸਹਿਤ ਹਜਾਰਾਂ ਮੁਹਤਬਰ ਹਾਜ਼ਰ ਸਨ।
ਸਾਰਿਆਂ ਨੇ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਜਨਰਲ ਕੇਅਰ, ਐਮਰਜੈਂਸੀ, ਡਾਇਗਨੋਸਟਿਕ ਯੂਨਿਟ, ਕੈਂਸਰ ਸਕ੍ਰੀਨਿੰਗ, ਮਾਤਾ-ਬਾਲ ਸਿਹਤ ਸਹੂਲਤਾਂ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ ਅਤੇ ਇਹਨਾਂ ਨੂੰ ਬਹੁਤ ਮਹੱਤਵਪੂਰਨ ਕਦਮ ਕਰਾਰ ਦਿੱਤਾ।
ਪਿੰਡ ਡੂਮੇਵਾਲ ਵਿੱਚ ਬਣਿਆ ਇਹ ਅਧੁਨਿਕ ਹਸਪਤਾਲ ਨਿਸ਼ਚਿਤ ਤੌਰ ‘ਤੇ ਇਲਾਕੇ ਦੀ ਸਿਹਤ ਸੇਵਾ ਲਈ ਇੱਕ ਇਤਿਹਾਸਕ ਪ੍ਰਾਪਤੀ ਹੈ। ਸੰਗਤ ਨੇ ਇਸਨੂੰ “ਸੇਵਾ ਤੇ ਸਮਰਪਣ ਦੀ ਵਿਲੱਖਣ ਮਿਸਾਲ” ਕਹਿੰਦੇ ਹੋਏ ਧਾਲੀਵਾਲ ਅਤੇ ਲਾਲਪੁਰਾ ਪਰਿਵਾਰ ਨੂੰ ਅਸੀਸਾਂ ਬਖ਼ਸ਼ੀਆਂ।












