ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਜ਼ਮੀਨ ਸਬੰਧੀ ਕੀਤਾ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ ਤੱਥਾਂ ਤੋਂ ਰਹਿਤ- ਮੰਨਣ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ , 21 ਫ਼ਰਵਰੀ,2026
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਮੰਨਣ ,ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਪਰਮਜੀਤ ਸਿੰਘ ਲੱਖੇਵਾਲ,ਸਕੱਤਰ ਗੁਰਨਾਮ ਸਿੰਘ,ਮਾਲ ਅਫਸਰ ਮੇਜਰ ਾਸਿੰਘ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੀ ਜਗ੍ਹਾ ਸਬੰਧੀ ਕੀਤੇ ਜਾ ਰਹੇ ਗ਼ਲਤ ਪ੍ਰਚਾਰ ’ਤੇ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਸਿੱਖ ਸੰਸਥਾ ਨੂੰ ਬਦਨਾਮ ਕਰਨ ਅਤੇ ਸੰਗਤਾਂ ਅੰਦਰ ਭਰਮ ਪੈਦਾ ਕਰਨ ਦੇ ਮਕਸਦ ਨਾਲ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਕੁਲਵੰਤ ਸਿੰਘ ਮੰਨਣ ਨੇ ਸਪੱਸ਼ਟ ਕੀਤਾ ਕਿ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ 28 ਮਰਲੇ ਜਗ੍ਹਾ ਸਬ-ਕਮੇਟੀ ਵੱਲੋਂ ਕੀਤੀ ਸਿਫਾਰਸ਼ ਅਨੁਸਾਰ , ਜੋ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 891, ਮਿਤੀ 28-09-2024 ਰਾਹੀਂ ਪ੍ਰਵਾਨ ਕਰਦਿਆਂ ਇਸ ਬਦਲੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ 3 ਕਨਾਲ 12 ਮਰਲੇ ਜਗ੍ਹਾ ਖਰੀਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਉਪਰੋਕਤ ਕਾਰਜ ਲਈ ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਨੀਯਤ ਕੀਤੀ ਸਬ-ਕਮੇਟੀ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਕੁਲਵੰਤ ਸਿੰਘ ਮੰਨਣ ਅਤੇ ਹਲਕਾ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਦੀ ਹਾਜ਼ਰੀ ਵਿਚ ਇਸ਼ਤਿਹਾਰ ਲਗਵਾ ਕੇ 10-12-2024 ਨੂੰ ਖੁੱਲ੍ਹੀ ਬੋਲੀ ਰਾਹੀਂ ਵਿਕਰੀ ਦੀ ਕਾਰਵਾਈ ਕਰਦਿਆਂ ਇਸ ਦੀ ਪ੍ਰਵਾਨਗੀ ਲਈ ਸਿਫਾਰਸ਼ ਕੀਤੀ ਗਈ। ਦੱਸਣਯੋਗ ਹੈ ਕਿ ਬੋਲੀ ਸਮੇਂ ਬਹੁਤ ਸਾਰੇ ਲੋਕ ਮੌਜੂਦ ਸਨ, ਜਿਸ ਦਾ ਰਿਕਾਰਡ ਬੋਲੀ ਰਜਿਸਟਰ ਵਿਚ ਦਰਜ ਹੈ।
ਸਬ-ਕਮੇਟੀ ਦੀ ਹੋਈ ਸਿਫ਼ਾਰਸ਼ ਅਨੁਸਾਰ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 151, ਮਿਤੀ 31-12-2024 ਨੂੰ ਸਬ-ਕਮੇਟੀ ਵੱਲੋਂ ਹੋਈ ਕਾਰਵਾਈ ਦੀ ਪੁਸ਼ਟੀ ਕਰਦਿਆਂ ਇਸ ਜ਼ਮੀਨ ਦੀ ਰਜਿਸਟਰੀ ਕਰਨ ਦੇ ਅਧਿਕਾਰ ਪਟਵਾਰੀ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਦਿੱਤੇ ਗਏ। ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 891, ਮਿਤੀ 28-09-2024 ਰਾਹੀਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ 3 ਕਨਾਲ, 12 ਮਰਲੇ ਜ਼ਮੀਨ ਨੀਯਤ ਸਬ-ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਉਨ੍ਹਾਂ (ਕੁਲਵੰਤ ਸਿੰਘ ਮੰਨਣ) ਵੱਲੋਂ ਤਹਿ ਰੇਟ ਅਨੁਸਾਰ ਖਰੀਦ ਕਰਨ ਦੀ ਪ੍ਰਵਾਨਗੀ ਹੋਈ, ਜਿਸ ਅਨੁਸਾਰ ਗੁਰਦੁਆਰਾ ਸਾਹਿਬ ਵੱਲੋਂ ਇਹ ਜ਼ਮੀਨ 1 ਕਰੋੜ 7 ਲੱਖ 89 ਹਜ਼ਾਰ 163 ਰੁਪਏ ਵਿਚ ਖ਼ਰੀਦ ਕਰ ਲਈ ਗਈ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 28 ਮਰਲੇ ਜਗ੍ਹਾ 59 ਲੱਖ 81 ਹਜ਼ਾਰ 938 ਰੁਪਏ ਦੀ ਵੇਚੀ ਗਈ ਸੀ, ਜਦਕਿ ਇਸ ਦੇ ਬਦਲੇ 4 ਕਨਾਲ 14 ਮਰਲੇ ਗੁਰਦੁਆਰਾ ਸਾਹਿਬ ਦੇ ਨਾਲ ਲਗਦੀ ਕੀਮਤੀ ਜਗ੍ਹਾ 1 ਕਰੋੜ 7 ਲੱਖ ਦੇ ਕਰੀਬ ਖਰੀਦ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰਾ ਕਾਰਜ ਪਾਰਦਰਸ਼ੀ ਢੰਗ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦਿਆਂ ਜਾਇਦਾਦ ਸਬ-ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਕੀਤਾ ਗਿਆ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਿੰਘ ਸਾਹਿਬ ਜੀ ਇਹ ਜ਼ਮੀਨ ਇੱਕ ਕਿੱਲਾ ਨਹੀਂ ਸਿਰਫ 28 ਮਰਲੇ ਸੀ, ਜਿਸ ਨੂੰ ਵੇਚ ਕੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਜ਼ਮੀਨ ਤਕਰੀਬਨ ਅੱਧਾ ਕਿੱਲਾ ਖ੍ਰੀਦ ਕੀਤੀ ਗਈ ਹੈ। ਸਿੰਘ ਸਾਹਿਬ ਜੀ ਆਪ ਹੀ ਕਈ ਵਿਡਿਓਜ ਵਿੱਚ ਕਹਿ ਰਹੇ ਹਨ, ਕਿ ਜੇ ਕੋਈ ਗੁਰਦੁਆਰਾ ਸਾਹਿਬ ਵਿੱਚ ਜ਼ਮੀਨ ਵੇਚਦਾ ਹੈ ਤਾਂ ਉਸਦੀ ਜ਼ਮੀਨ ਹੀ ਲੈਣੀ ਪੈਂਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਨੂੰ ਬਿਨਾਂ ਜਾਣਕਾਰੀ ਦੇ ਗ਼ਲਤ ਤਰੀਕੇ ਨਾਲ ਪ੍ਰਚਾਰ ਕੇ ਸੰਗਤਾਂ ਨੂੰ ਗੁੰਮਰਾਹ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੋਲੇ-ਮਹੱਲੇ ਸਮੇਂ ਸਬੂਤ ਪੇਸ਼ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੂੰ ਅਪੀਲ ਹੈ ਕਿ ਹੋਲਾ-ਮਹੱਲਾ ਤਾਂ ਅਜੇ ਦੂਰ ਹੈ। ਤੁਸੀਂ ਉਸ ਤੋਂ ਪਹਿਲਾਂ ਹੀ ਕੋਈ ਸਬੂਤ ਪੇਸ਼ ਕਰੋ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਢਾਹ ਲਗਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਲਈ ਆਖਦਿਆਂ ਸੰਗਤਾਂ ਨੂੰ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।












