ਮਾਲਵਾ ਇਨਕਲੇਵ ਵਿੱਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ

56

ਮਾਲਵਾ ਇਨਕਲੇਵ ਵਿੱਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ

ਪਟਿਆਲਾ/royalpatiala.in News/ 17 ਮਈ, 2026 : 

ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰੂ ਅਰਜਨ ਕੀਰਤਨ ਮੰਡਲ ਵੱਲੋਂ ਕਰਵਾਏ ਜਾ ਰਹੇ ਲੜੀਵਾਰ ਚਾਲੀਹਾ ਪ੍ਰੋਗਰਾਮ ਦੇ ਤਹਿਤ ਬੀਤੀ ਰਾਤ ਮਾਲਵਾ ਇਨਕਲੇਵ ਦੇ ਖੁੱਲ੍ਹੇ ਪਲਾਟਾਂ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਅਤੇ ਗੁਰਬਾਣੀ ਕੀਰਤਨ ਸਰਵਣ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ।

ਸਮਾਗਮ ਦੌਰਾਨ ਗੁਰੂ ਅਰਜਨ ਕੀਰਤਨ ਮੰਡਲ ਦੇ ਜੱਥੇ ਨੇ ਸਰਦਾਰ ਰਾਮ ਸਿੰਘ ਦੀ ਅਗਵਾਈ ਹੇਠ ਰਸਭਿੰਨਾ ਗੁਰ ਜੱਸ ਕੀਰਤਨ ਕੀਤਾ। ਜੱਥੇ ਵੱਲੋਂ ਗੁਰਬਾਣੀ ਦੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦਿਆਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਅਤੇ ਉਪਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।

ਵਿਚਾਰਾਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹਨ, ਜਿਨ੍ਹਾਂ ਨੇ ਸੱਚ, ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਅਦੁੱਤੀ ਕੁਰਬਾਨੀ ਦਿੱਤੀ। ਗੁਰੂ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਿੱਖ ਕੌਮ ਨੂੰ ਅਮੁੱਲੀ ਧਾਰਮਿਕ ਵਿਰਾਸਤ ਬਖ਼ਸ਼ੀ।

ਉਨ੍ਹਾਂ ਦੱਸਿਆ ਕਿ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ’ਤੇ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਗਿਆ, ਉਬਲਦੀ ਰੇਤ ਸਰੀਰ ’ਤੇ ਪਾਈ ਗਈ ਅਤੇ ਅਨੇਕਾਂ ਤਸੀਹੇ ਦਿੱਤੇ ਗਏ, ਪਰ ਗੁਰੂ ਸਾਹਿਬ ਜੀ ਨੇ “ਤੇਰਾ ਕੀਤਾ ਮੀਠਾ ਲਾਗੈ” ਦਾ ਉਚਾਰਨ ਕਰਦਿਆਂ ਪ੍ਰਭੂ ਦੀ ਰਜ਼ਾ ਨੂੰ ਮੰਨਿਆ ਅਤੇ ਮਨੁੱਖਤਾ ਲਈ ਸ਼ਹਾਦਤ ਦਾ ਮਹਾਨ ਇਤਿਹਾਸ ਰਚਿਆ। ਗੁਰੂ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਧੀਰਜ, ਨਿਮਰਤਾ ਅਤੇ ਅਡੋਲ ਵਿਸ਼ਵਾਸ ਦਾ ਪ੍ਰਤੀਕ ਮੰਨੀ ਜਾਂਦੀ ਹੈ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੁਲਤਾਰ ਸਿੰਘ ਸੋਢੀ, ਜਗਜੀਤ ਸਿੰਘ ਗਿੰਦੀ, ਗਗਨਦੀਪ ਸਿੰਘ ਆਹੂਜਾ, ਸੰਨੀ ਚੰਡੋਕ, ਬਿਰੇਂਦਰ ਸੂਦ, ਕ੍ਰਿਸ਼ਨ ਕੁਮਾਰ ਵਰਮਾ, ਪ੍ਰਿੰਸੀਪਲ ਜਤਿੰਦਰ ਸਿੱਧੂ, ਪਰਵਿੰਦਰ ਸਿੰਘ, ਸ਼ੰਭੂ ਸਮਾਂਥਾ, ਜਤਿੰਦਰ ਰੋਮੀ ਅਤੇ ਇਲਾਕੇ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਮਾਗਮ ਦੀਆਂ ਸੇਵਾਵਾਂ ਨਿਭਾਈਆਂ।

ਮਾਲਵਾ ਇਨਕਲੇਵ ਵਿੱਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ
ਸਮਾਗਮ ਦੇ ਪ੍ਰਬੰਧਕ ਗੁਰੂ ਅਰਜਨ ਕੀਰਤਨ ਮੰਡਲ ਦੇ ਜੱਥੇ ਨੂੰ ਸਨਮਾਨਿਤ ਕਰਦੇ ਹੋਏ

ਸਮਾਗਮ ਦੇ ਆਯੋਜਕਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇਹ ਲੜੀਵਾਰ ਚਾਲੀਹਾ ਪ੍ਰੋਗਰਾਮ ਸੰਗਤਾਂ ਵਿੱਚ ਧਾਰਮਿਕ ਚੇਤਨਾ ਪੈਦਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਇਤਿਹਾਸ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਹ ਸਮਾਗਮ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਇਆ।

ਇਸ ਮੌਕੇ ਪਟਿਆਲਾ ਸ਼ਹਿਰ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ।