ਯੁਵਕ ਸੇਵਾਵਾਂ ਵਿਭਾਗ ਨੇ 2019 ਦੌਰਾਨ ਜਾਗਰੂਕਤਾ ਮੁਹਿੰਮਾਂ ‘ਚ ਮੋਹਰੀ ਭੂਮਿਕਾ ਨਿਭਾਈ ਡਾ. ਮਾਨ

183

ਯੁਵਕ ਸੇਵਾਵਾਂ ਵਿਭਾਗ ਨੇ 2019 ਦੌਰਾਨ ਜਾਗਰੂਕਤਾ ਮੁਹਿੰਮਾਂ ‘ਚ ਮੋਹਰੀ ਭੂਮਿਕਾ ਨਿਭਾਈ  ਡਾ. ਮਾਨ

ਪਟਿਆਲਾ
ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2019 ਦੌਰਾਨ ਆਮ ਲੋਕਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦੇਣ ਸਮੇਤ ਵੱਡੀ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਕੇ ਤੰਦਰੁਸਤ ਪੰਜਾਬ, ਡੈਪੋਂ, ਡੇਂਗੂ ਵਿਰੁੱਧ ਮੁਹਿੰਮ ਅਤੇ ਪਲਾਸਟਿਕ ਮੁਕਤ ਪਟਿਆਲਾ ਵਿੱਚ ਆਪਣੇ ਵਲੰਟੀਅਰਜ਼ ਦੀ ਸ਼ਮੂਲੀਅਤ ਕਰਵਾਕੇ ਜਾਗਰੂਕਤਾ ਮੁਹਿੰਮਾਂ ‘ਚ ਮੋਹਰੀ ਭੂਮਿਕਾ ਨਿਭਾਈ ਗਈ। ਸਾਲ 2019 ਦੌਰਾਨ ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਈਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਵਿਭਾਗ ਦੀਆ 50 ਕੌਮੀ ਸੇਵਾ ਯੋਜਨਾ ਸੰਸਥਾਵਾਂ ਦੇ 6 ਹਜ਼ਾਰ ਵਲੰਟੀਅਰਜ਼ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ‘ਚ 15 ਹਜ਼ਾਰ ਤੋਂ ਵੱਧ ਬੂਟੇ ਲਗਾਏ ਅਤੇ ਵਲੰਟੀਅਰਜ਼ ਵੱਲੋਂ ਲਗਾਏ ਬੂਟਿਆਂ ਦੀ ਦੇਖਭਾਲ ਵੀ ਕੀਤੀ ਜਾ ਰਹੀ ਹੈ।

ਯੁਵਕ ਸੇਵਾਵਾਂ ਵਿਭਾਗ ਨੇ 2019 ਦੌਰਾਨ ਜਾਗਰੂਕਤਾ ਮੁਹਿੰਮਾਂ 'ਚ ਮੋਹਰੀ ਭੂਮਿਕਾ ਨਿਭਾਈ  ਡਾ. ਮਾਨ
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਵੀ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ 5 ਹਜ਼ਾਰ ਵਲੰਟੀਅਰਜ਼ ਨੇ ਚੋਣ ਕਮਿਸ਼ਨ ਵੱਲੋਂ ਚਲਾਏ ਸਵੀਪ ਪ੍ਰੋਗਰਾਮ ਵਿੱਚ ਹਿੱਸਾ ਲੈਕੇ ਆਮ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2019 ਦੌਰਾਨ ਪਟਿਆਲਾ ਵਿੱਚ ਡੇਂਗੂ ਦੇ ਕੇਸਾਂ ਵਿਚ ਆਈ ਕਮੀ ਵਿੱਚ ਜਾਗਰੂਕਤਾ ਮੁਹਿੰਮ ਦਾ ਵੱਡਾ ਯੋਗਦਾਨ ਰਿਹਾ ਜਿਸ ਵਿੱਚ ਸਕੂਲਾਂ ਦੇ 6848 ਵਲੰਟੀਅਰਜ਼ ਨੇ ਜੁਲਾਈ ਮਹੀਨੇ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾਕੇ ਘਰ-ਘਰ ਜਾਕੇ ਡੇਂਗੂ ਤੋਂ ਬਚਾਅ ਲਈ ਪਟਿਆਲਵੀਆਂ ਨੂੰ ਜਾਗਰੂਕ ਕੀਤਾ।
ਡਾ. ਮਾਨ ਨੇ ਦੱਸਿਆ ਕਿ ਵਿਭਾਗ ਦੇ ਵਲੰਟੀਅਰਜ਼ ਵੱਲੋਂ ਐਮਰਜੈਸੀ ਹਾਲਤਾਂ ਵਿੱਚ ਇਕ ਹਜ਼ਾਰ ਤੋਂ ਵੱਧ ਯੂਨਿਟ ਖੂਨਦਾਨ ਕੀਤਾ ਗਿਆ ਉਥੇ ਹੀ ਸਾਈਕਲ ਰੈਲੀਆਂ ਕੱਢਕੇ ਪੋਸ਼ਣ ਮਾਹ ਦੌਰਾਨ ਸਤੂੰਲਤ ਖੁਰਾਕ ਸਬੰਧੀ ਗਰਭਵਤੀ ਔਰਤਾਂ ਨੂੰ ਜਾਗਰੂਕ ਕਰਨ ਵਿਚ ਵੀ ਅਹਿਮ ਰੋਲ ਅਦਾ ਕੀਤਾ। ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਪਟਿਆਲਾ ਨੂੰ ਪਲਾਸਟਿਕ ਮੁਕਤ ਕਰਨ ਲਈ 2 ਅਕਤੂਬਰ ਨੂੰ ਚਲਾਈ ਮੁਹਿੰਮ ਦੌਰਾਨ ਤਿੰਨ ਹਜ਼ਾਰ ਵਲੰਟੀਅਰਜ਼ ਨੇ 9 ਕੁਇੰਟਲ ਪਲਾਸਟਿਕ ਇਕੱਠਾ ਕਰਕੇ ਪਟਿਆਲਾ ਵਾਸੀਆਂ ਨੂੰ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਵੀ ਜਾਗਰੂਕ ਕੀਤਾ।

ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਚਲਾਏ ਗਏ ਡੈਪੋ ਪ੍ਰੋਗਰਾਮ ਵਿਚ ਵੀ ਵਲੰਟੀਅਰਜ਼ ਨੇ ਅਹਿਮ ਭੂਮਿਕਾ ਨਿਭਾਉਦੇ ਹੋਏ ਨੁੱਕੜ ਨਾਟਕ ਅਤੇ ਵਿਸ਼ੇਸ਼ ਸੈਮੀਨਾਰ ਕਰਵਾਕੇ ਦੱਸ ਹਜ਼ਾਰ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਡੈਪੋਂ ਪ੍ਰੋਗਰਾਮ ਨਾਲ ਜੋੜਿਆ।  ਉਨ੍ਹਾਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2019 ਦੌਰਾਨ 12 ਵਿਸ਼ੇਸ਼ ਦਿਨ-ਰਾਤ ਦੇ ਕੈਂਪ ਲਗਾਕੇ ਵਲੰਟੀਅਰਜ਼ ਨੂੰ ਵੱਖ-ਵੱਖ ਵਿਸ਼ਿਆਂ ‘ਤੇ ਅਧਾਰਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਵਲੰਟੀਅਰਜ਼ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੀ ਡਿਊਟੀਆਂ ਨਿਭਾਈਆਂ ਗਈਆਂ।


ਡਾ. ਮਾਨ ਨੇ ਦੱਸਿਆ ਕਿ ਸਾਲ 2019 ਦੌਰਾਨ ਵਿਭਾਗ ਵੱਲੋਂ ਜਿਥੇ ਜਾਗਰੂਕਤਾ ਮੁਹਿੰਮ ਚਲਾਈ ਗਈ ਉਥੇ ਹੀ ਨੌਜਵਾਨਾਂ ਨੂੰ ਵਿਭਾਗ ਨਾਲ ਜੋੜਿਆਂ ਗਿਆ। ਉਨ੍ਹਾਂ ਕਿਹਾ ਕਿ ਸਾਲ 2020 ਦੌਰਾਨ ਵੀ ਵਿਭਾਗ ਵੱਲੋਂ ਜਿਥੇ ਆਪਣੀਆਂ ਪੁਰਾਣੀਆਂ ਗਤੀਵਿਧੀਆਂ ਚਾਲੂ ਰੱਖੀਆਂ ਜਾਣਗੀਆਂ ਉਥੇ ਹੀ ਨਵੇਂ ਪ੍ਰੋਗਰਾਮ ਸ਼ੁਰੂ ਕਰਕੇ ਨੌਜਵਾਨਾਂ ਨੂੰ ਇਨ੍ਹਾਂ ਦੇ ਨਾਲ ਜੋੜਿਆ ਜਾਵੇਗਾ।