ਕਾਨੂੰਨੀ ਪੱਖ ਤੋਂ ਸੰਭਵ ਹੋਇਆ ਤਾਂ ਸ਼੍ਰੋਮਣੀ ਕਮੇਟੀ ਬਜਟ ਇਜਲਾਸ ਕਰੇਗੀ ਮੁਲਤਵੀ- ਲੌਂਗੋਵਾਲ

194

ਕਾਨੂੰਨੀ ਪੱਖ ਤੋਂ ਸੰਭਵ ਹੋਇਆ ਤਾਂ ਸ਼੍ਰੋਮਣੀ ਕਮੇਟੀ ਬਜਟ ਇਜਲਾਸ ਕਰੇਗੀ ਮੁਲਤਵੀ-  ਲੌਂਗੋਵਾਲ

ਕੰਵਰ ਇੰਦਰ ਸਿੰਘ /ਅੰਮ੍ਰਿਤਸਰ / 22 ਮਾਰਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਗਟਾਵਾ ਕੀਤਾ ਹੈ ਕਿ ਵਿਸ਼ਵ ਪੱਧਰੀ ਮਹਾਂਮਾਰੀ ਐਲਾਨੇ ਜਾ ਚੁੱਕੇ ਕੋਰੋਨਾਵਾਇਰਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦਾ 28 ਮਾਰਚ ਨੂੰ ਹੋਣ ਵਾਲਾ ਬਜਟ ਇਜਲਾਸ ਵੀ ਮੁਲਤਵੀ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿਚ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਜਾ ਰਹੀ ਹੈ ਅਤੇ ਜੇਕਰ ਸੰਭਵ ਹੋਇਆ ਤਾਂ ਸਾਲਾਨਾ ਬਜਟ ਇਜਲਾਸ ਅੱਗੇ ਪਾ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮੀਡੀਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈੱਸ ਬਿਆਨ ਵਿਚ  ਲੌਂਗੋਵਾਲ ਨੇ ਆਖਿਆ ਕਿ ਅੱਜ ਪੂਰਾ ਵਿਸ਼ਵ ਕੋਰੋਨਾਵਾਇਰਸ ਦੀ ਮਾਰ ਹੇਠ ਹੈ ਅਤੇ ਡਬਲਿਯੂ.ਐੱਚ.ਓ. ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੀ ਇਸ ਨੂੰ ਮਹਾਂਮਾਰੀ ਕਰਾਰ ਦੇ ਦਿੱਤਾ ਹੈ। ਪੰਜਾਬ ਦੀ ਸੂਬਾ ਸਕਰਾਬ ਵੱਲੋਂ ਵੀ ਬਚਾਅ ਲਈ ਯਤਨ ਤੇਜ ਕੀਤੇ ਗਏ ਹਨ। ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ, ਲਿਹਾਜਾ ਸ਼੍ਰੋਮਣੀ ਕਮੇਟੀ ਵੀ ਇਸ ਨੂੰ ਲੈ ਕੇ ਸੁਚੇਤ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਅੰਦਰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੰਗਤਾਂ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਜੇਕਰ ਸੰਭਵ ਹੋ ਸਕਿਆ ਤਾਂ ਇਨ੍ਹਾਂ ਹੀ ਦਿਨਾਂ ਅੰਦਰ ਹੋਣ ਵਾਲਾ ਬਜਟ ਇਜਲਾਸ ਵੀ ਅੱਗੇ ਪਾਇਆ ਜਾ ਸਕਦਾ ਹੈ। ਇਸ ਬਾਰੇ ਕਾਨੂੰਨੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ। ਜਲਦ ਹੀ ਇਸ ਨੂੰ ਲੈ ਕੇ ਸਥਿਤੀ ਸਾਫ ਕਰ ਦਿੱਤੀ ਜਾਵੇਗੀ।  ਲੌਂਗੋਵਾਲ ਨੇ ਸੰਗਤ ਨੂੰ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਸਾਹਿਬ ਦੀ ਮਰਯਾਦਾ ਲਾਜ਼ਮੀ ਬਣੀ ਰਹੇਗੀ ਲੇਕਿਨ ਸਭ ਨੂੰ ਆਪਣੇ ਜੀਵਨ ਲਈ ਸਾਵਧਾਨੀ ਵਰਤਣੀ ਵੀ ਜਜ਼ੂਰੀ ਹੈ।

ਕਾਨੂੰਨੀ ਪੱਖ ਤੋਂ ਸੰਭਵ ਹੋਇਆ ਤਾਂ ਸ਼੍ਰੋਮਣੀ ਕਮੇਟੀ ਬਜਟ ਇਜਲਾਸ ਕਰੇਗੀ ਮੁਲਤਵੀ-  ਲੌਂਗੋਵਾਲ
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ  ਲੌਂਗੋਵਾਲ ਨੇ ਪਾਕਿਸਤਾਨ ਅੰਦਰ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਗ੍ਰੰਥੀ ਸਿੰਘ ਵੱਲੋਂ ਹੱਥਾਂ ਨੂੰ ਦਸਤਾਨੇ ਤੇ ਮੂੰਹ ’ਤੇ ਮਾਸਕ ਪਹਿਨ ਨੇ ਪ੍ਰਕਾਸ਼ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਮਨਮਤੀ ਕਾਰਾਵਈ ਆਖਿਆ ਹੈ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਨੂੰ ਆਪਣੇ ਹਜ਼ੂਰੀਏ ਨਾਲ ਸੁਰੱਖਿਆ ਕਰਨੀ ਚਾਹੀਦੀ ਸੀ, ਜਦਕਿ ਉਸ ਨੇ ਦਸਤਾਨੇ ਪਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਕੋਰੋਨਾਵਾਇਰਸ ਦੇ ਖਤਰੇ ਨੇ ਸਭ ਨੂੰ ਹੀ ਚਿੰਤਾ ਵਿਚ ਪਾਇਆ ਹੋਇਆ ਹੈ ਪਰ ਗੁਰੂ ਦਰਬਾਰ ਅੰਦਰ ਮਰਯਾਦਾ ਨਿਭਾਉਣ ਵਾਲੇ ਸੇਵਾਦਾਰ ਬਚਾਅ ਲਈ ਸਾਫ ਹਜ਼ੂਰੀਆ ਵਰਤ ਸਕਦੇ ਹਨ। ਮਰਯਾਦਾ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪੂਰੇ ਵਿਸ਼ਵ ਦੇ ਗੁਰੂ ਘਰਾਂ ਵਿਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿੱਖ ਰਵਾਇਤਾਂ, ਪ੍ਰੰਪਰਾਵਾਂ ਤੇ ਸਿਧਾਤਾਂ ਦੀ ਰੋਸ਼ਨੀ ਵਿਚ ਸੇਵਾ ਨਿਭਾਉਣ ਨੂੰ ਯਕੀਨੀ ਬਣਾਈ ਰੱਖਣ ਦੀ ਅਪੀਲ ਕੀਤੀ।