ਮਾਰਕਫੈਡ ਦੇ ਐਮ.ਡੀ ਵਰੁਣ ਰੂਜ਼ਮ ਵੱਲੋਂ ਰਾਜਪੁਰਾ ਮੰਡੀ ‘ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

228

ਮਾਰਕਫੈਡ ਦੇ ਐਮ.ਡੀ ਵਰੁਣ ਰੂਜ਼ਮ ਵੱਲੋਂ ਰਾਜਪੁਰਾ ਮੰਡੀ ‘ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਰਾਜਪੁਰਾ/ਪਟਿਆਲਾ, 15 ਅਪ੍ਰੈਲ:
ਮਾਰਕਫੈਡ ਦੇ ਐਮ.ਡੀ. ਵਰੁਣ ਰੂਜ਼ਮ ਨੇ ਅੱਜ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਖ਼ਰੀਦ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਬਾਰਦਾਨੇ ਦੀ ਕਮੀ ਮੰਡੀਆਂ ‘ਚ ਕਣਕ ਦੀ ਇਕਦਮ ਆਮਦ ਹੋਣ ਕਾਰਨ ਬਣੀ ਹੈ, ਜਿਸ ਲਈ ਆਸ-ਪਾਸ ਦੇ ਜ਼ਿਲਿਆਂ ਤੋਂ ਲੋੜੀਂਦਾ ਬਾਰਦਾਨਾ ਮੰਗਵਾਉਣ ਦੇ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਰਾਜਪੁਰਾ ਮੰਡੀ ‘ਚ ਕਰੀਬ 45 ਫ਼ੀਸਦੀ ਫ਼ਸਲ ਦੀ ਆਮਦ ਹੋ ਚੁੱਕੀ ਹੈ ਅਤੇ ਆਮਦ ਦੀ ਰਫ਼ਤਾਰ ਨੂੰ ਦੇਖਦਿਆ ਇਹ ਅੰਦਾਜ਼ਾ ਲਾਇਆ ਜਾ  ਰਿਹਾ ਹੈ ਕਿ ਅਗਲੇ ਦੱਸ ਦਿਨਾਂ ‘ਚ ਮੰਡੀ ਵਿੱਚ ਖ਼ਰੀਦ ਕਾਰਜ ਮੁਕੰਮਲ ਹੋਣ ਨੇੜੇ ਪੁੱਜ ਜਾਣਗੇ।

ਮਾਰਕਫੈਡ ਦੇ ਐਮ.ਡੀ ਵਰੁਣ ਰੂਜ਼ਮ ਵੱਲੋਂ ਰਾਜਪੁਰਾ ਮੰਡੀ 'ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਣਕ ਦੇ ਖਰੀਦ ਸੀਜ਼ਨ ਵਿੱਚ ਕਿਸਾਨਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪ੍ਰਗਟਾਉਂਦੇ ਹੋਏ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣ ਦੇਵੇਗੀ ਅਤੇ ਜੋ ਥੋੜੀਆਂ ਬਹੁਤੀਆਂ ਮੁਸ਼ਕਲਾਂ ਫ਼ਸਲ ਦੀ ਇਕਦਮ ਆਮਦ ਕਾਰਨ ਆਈਆਂ ਵੀ ਹਨ, ਉਹ ਵੀ ਅਗਲੇ ਇਕ-ਦੋ ਦਿਨਾਂ ‘ਚ ਦੂਰ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਮੰਡੀਆਂ ‘ਚ ਖਰੀਦੀ ਗਈ ਫਸਲ ਨੂੰ ਚੁੱਕਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਮੰਡੀਆਂ ‘ਚ ਕਿਸੇ ਤਰਾਂ ਦੀ ਭੀੜ ਨਾ ਬਣੇ।

ਐਮ.ਡੀ. ਮਾਰਕਫੈਡ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਅ ਲਈ ਮੰਡੀਆਂ ‘ਚ ਹੱਥ ਧੋਣ ਸਮੇਤ ਸੈਨੇਟਾਈਜ਼ਰ ਤੇ ਪੀਣ ਵਾਲੇ ਪਾਣੀ ਦੇ ਵੀ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ‘ਚ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਉਡੀਕ ਨਾ ਕਰਨੀ ਪਵੇ। ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਖੁਸ਼ਦਿਲ ਸਿੰਘ, ਡੀ.ਐਮ ਮਾਰਕਫੈਡ ਵਿਪਨ ਸਿੰਗਲਾ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।