ਕਾਂਗਰਸ ਸਰਕਾਰ ਮੁੜ ਬਣਨ ’ਤੇ ਪ੍ਰਾਈਵੇਟ ਸਕੂਲਾਂ ਦੇ ਮਸਲੇ ਹੱਲ ਕਰਾਂਗੇ-ਬਰਿੰਦਰ ਢਿੱਲੋਂ

101

ਕਾਂਗਰਸ ਸਰਕਾਰ ਮੁੜ ਬਣਨ ’ਤੇ ਪ੍ਰਾਈਵੇਟ ਸਕੂਲਾਂ ਦੇ ਮਸਲੇ ਹੱਲ ਕਰਾਂਗੇ-ਬਰਿੰਦਰ ਢਿੱਲੋਂ

ਬਹਾਦਰਜੀਤ ਸਿੰਘ /ਰੂਪਨਗਰ, 29 ਜਨਵਰੀ,2022
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਾਂਗਰਸ ਸਰਕਾਰ ਨੇ ਪਹਿਲਾਂ ਵੀ ਕਈ ਮੀਲ ਪੱਥਰ ਸਥਾਪਿਤ ਕੀਤੇ ਹਨ ਅਤੇ  ਲੋਕਾਂ ਦੇ ਅਥਾਹ ਪਿਆਰ ਸਦਕਾ ਮੁੜ ਪੰਜਾਬ ਵਿਚ ਕਾਂਗਰਸ ਸੱਤਾ ਹਾਸਿਲ ਕਰਨ ਜਾ ਰਹੀ ਹੈ, ਜਿਸਦੇ ਚਲਦਿਆਂ ਕਾਂਗਰਸ ਸਰਕਾਰ ਪੰਜਾਬ ਭਰ ਵਿਚ ਸੀਬੀਐਸਈ,ਪੀਐੱਸਈਬੀ ਅਤੇ ਆਈਸੀਐੱਸਈ ਨਾਲ ਸਬੰਧਤ ਤਕਰੀਬਨ 6500 ਪ੍ਰਾਈਵੇਟ ਸਕੂਲਾਂ, ਉਨ੍ਹਾਂ ਵਿੱਚ ਪੜ੍ਹਦੇ 45 ਲੱਖ ਦੇ ਕਰੀਬ ਵਿਦਿਆਰਥੀਆਂ ਅਤੇ ਉਥੇ ਕੰਮ ਕਰਨ ਵਾਲੇ ਤਕਰੀਬਨ 5 ਲੱਖ ਪਰਿਵਾਰਾਂ ਲਈ ਕਾਂਗਰਸ ਸਰਕਾਰ ਦੇ ਮੁੜ ਸੱਤਾ ਵਿਚ ਆਉਣ ’ ਤੇ ਸਸਤੀ ਤੇ ਮਿਆਰੀ ਵਿਦਿਆ ਪ੍ਰਦਾਨ ਕਰਨ,ਕਰਮਚਾਰੀਆਂ ਅਤੇ ਵਿਦਿਅਕ ਸੰਸਥਾਵਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਜਮੀਨੀ ਪੱਧਰ ’ਤੇ ਹੱਲ ਕਰਨ ਦੀ ਸੋਚ ਰੱਖਦੀ ਹੈ।

ਢਿੱਲੋਂ ਨੇ ਕਿਹਾ ਕਿ ਜਿਹੜੇ ਸਕੂਲ ਬਿਨਾਂ ਕਿਸੇ ਸਰਕਾਰੀ ਆਰਥਿਕ ਸਹਾਇਤਾ ਦੇ ਚਲ ਰਹੇ ਹਨ ਉਨ੍ਹਾਂ ਨੂੰ ਟੈਕਸ ਮੁਕਤ ਕਰਨ,ਸਕੂਲ ਦੀਆਂ ਵੈਨਾਂ ਤੇ ਲਗ ਰਿਹਾ ਵਾਧੂ ਸਪੈਸ਼ਲ ਰੋਡ ਟੈਕਸ ਹਟਾਉਣ,ਪ੍ਰਾਈਵੇਟ ਸਕੂਲਾਂ ਨੂੰ ਲਗਦੇ ਸੀਐੱਲਯੂ ਚਾਰਜ,ਨਕਸ਼ਾ ਚਾਰਜ ਅਤੇ ਪ੍ਰਾਪਰਟੀ ਚਾਰਜ ਤੋਂ ਮੁਕਤ ਕਰਨ ਤੋਂ ਇਲਾਵਾ ਘਰੇਲੂ ਬਿਜਲੀ ਦਰ ਤੇ ਬਿਜਲੀ ਸਹੂਲਤਾਂ ਦੇਣ ਅਤੇ ਆਰਥਿਕ ਤੌਰ ’ਤੇ ਪਛੜੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਾਂਗ ਸਹੂਲਤਾਂ ਮੁਹੱਈਆ ਕਰਵਾ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਰਾਹਤ ਦੇਣ ਵਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਕਾਂਗਰਸ ਸਰਕਾਰ ਮੁੜ ਬਣਨ ’ਤੇ ਪ੍ਰਾਈਵੇਟ ਸਕੂਲਾਂ ਦੇ ਮਸਲੇ ਹੱਲ ਕਰਾਂਗੇ-ਬਰਿੰਦਰ ਢਿੱਲੋਂ

ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਿੱਧੇ ਅਤੇ ਅਸਿਧੇ ਤੌਰ ’ਤੇ ਸਿੱਖਿਆ ਖੇਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ 5 ਲੱਖ ਰੁਪਏ ਦਾ ਬੀਮਾ ਅਤੇ ਜਿਹੜੇ ਕਰਮਚਾਰੀਆਂ ਦੀ ਤਨਖਾਹ ਤੇ ਐਕਸਾਈਜ਼ ਅਤੇ ਸੇਲਜ਼ ਟੈਕਸ ਲਗਦਾ ਹੈ ਉਸਨੂੰ ਹਟਾਉਣ ਲਈ ਵੀ ਠੋਸ ਨੀਤੀ ਤਿਆਰ ਕਰਕੇ ਲਾਗੂ ਕੀਤੀ ਜਾਵੇਗੀ।
ਬਰਿੰਦਰ ਢਿੱਲੋਂ ਨੇ ਪ੍ਰਾਈਵੇਟ ਸਕੂਲ ਮਾਲਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਬੋਲਦਿਆਂ ਕਿਹਾ ਕਿ ਫਾਇਰ ਸੇਫਟੀ,ਪੀਣ ਵਾਲੇ ਪਾਣੀ ਅਤੇ ਬਿਲਡਿੰਗ ਸੇਫਟੀ ਦੇ ਸਰਟੀਫਿਕੇਟ ਜਿਨ੍ਹਾਂ ਨੂੰ ਹਰ ਸਾਲ ਨਵਿਆਇਆ ਜਾਂਦਾ ਹੈ ਦੀ ਸਮਾਂ ਸੀਮਾ ਵਧਾ ਕੇ ਘਟੋ ਘਟ ਪੰਜ ਸਾਲ ਕਰਨ,ਸਕੂਲ ਰਜਿਸਟਰੇਸ਼ਨ ਰਿਜ਼ਰਵ ਫ਼ੰਡ ਨੂੰ ਸਕੂਲ ਅਤੇ ਸਿੱਖਿਆ ਵਿਭਾਗ ਦੇ ਸਾਂਝੇ ਖਾਤੇ ਵਿਚ ਜਮ੍ਹਾਂ ਕਰਵਾਉਣ,ਸਪੋਰਟਸ ਫ਼ੰਡ ਨੂੰ ਸਿਰਫ ਪੰਜਾਬ ਸਕੂਲ ਦੀਆਂ ਖੇਡਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਉਪਰ ਲਾਗੂ ਕਰਨ ਨੂੰ ਲੈ ਕੇ ਸਰਕਾਰ ਬਣਦਿਆਂ ਹੀ ਕੈਬਨਿਟ ਮੀਟਿੰਗ ਅੰਦਰ ਰੱਖਿਆ ਜਾਵੇਗਾ ਅਤੇ ਵਿਦਿਆਰਥੀਆਂ,ਮਾਂਪਿਆਂ,ਕਰਮਚਾਰੀਆਂ,ਸਕੂਲ ਪ੍ਰਬੰਧਕਾਂ ਦੇ ਹਿੱਤਾਂ ਵਿਚ ਅਹਿਮ ਫੈਸਲੇ ਲਏ ਜਾਣਗੇ।

ਉਨ੍ਹਾਂ  ਕਿਹਾ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਾਨੂੰ ਦੱਸੀਆਂ ਗਈਆਂ ਸਨ ਜਿਨ੍ਹਾਂ ਨੂੰ ਪੰਜਾਬ ਯੂਥ ਕਾਂਗਰਸ ਵੱਲੋਂ  ਪਾਰਟੀ ਹਾਈਕਮਾਂਡ ਵਲੋਂ ਬਣਾਈ ਚੋਣ ਮੈਨੀਫੈਸਟੋ ਕਮੇਟੀ ਨੂੰ ਉਪਰੋਕਤ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਮੈਨੀਫੈਸਟੋ ਦਾ ਹਿੱਸਾ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।