ਚਰਨਜੀਤ ਸਿੰਘ ਚੰਨੀ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

196

ਚਰਨਜੀਤ ਸਿੰਘ ਚੰਨੀ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਬਹਾਦਰਜੀਤ ਸਿੰਘ /ਚਮਕੌਰ ਸਾਹਿਬ, 7 ਫਰਵਰੀ, 2022
ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਅੱਜ  ਚੰਨੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।

ਪੱਤਰਕਾਰਾ ਨਾਲ ਗੱਲਬਾਤ  ਕਰਦਿਆਂ  ਚੰਨੀ ਨੇ ਕਿਹਾ ਕਿ ਉਹ ਸਮੁੱਚੀ ਕਾਂਗਰਸ ਹਾਈਕਮਾਨ ਤੇ ਵਰਕਰਾਂ ਵੱਲੋਂ ਉਨ੍ਹਾਂ ਵਿੱਚ ਵਿਸ਼ਵਾਸ਼ ਪ੍ਰਗਟ ਕਰਨ ਲਈ ਧੰਨਵਾਦੀ ਹਨ, ਉੱਥੇ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਭਵਿੱਖ ਵਿੱਚ ਹਿੰਮਤ ਤੇ ਬਲਬੁੱਧੀ ਬਖਸ਼ਣ ਦੀ ਜੋਦੜੀ ਕਰਨ ਲਈ ਗੁਰੂ ਘਰਾਂ ਵਿੱਚ ਨਤਮਸਤਕ ਹੋਏ ਹਨ ਤਾਂ ਕਿ ਉਹ ਨੇਕਨੀਤੀ ਤੇ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਿਆਂ, ਪੰਜਾਬ ਦੇ ਲੋਕਾਂ ਨੂੰ ਚਿੰਬੜੀਆਂ ਮਾਫੀਆ ਨਾਮੀਂ ਜੋਕਾਂ ਤੋਂ ਛੁਟਕਾਰਾ ਕਰਵਾਕੇ ਪੰਜਾਬ ਨੂੰ ਮੁੜ ਬੁਲੰਦੀਆਂ ਤੇ ਪਹੁੰਚਾ ਸਕਣ।

ਉਨ੍ਹਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਪੰਜਾਬ ਦੀ ਭਲਾਈ ਲਈ ਅਰਦਾਸ ਕਰਕੇ ਆਏ ਹਨ। ਭਵਿੱਖ ਦੇ ਰੋਡਮੈਪ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ  ਚੰਨੀ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਅਤੇ ਬੇਰੁਜਗਾਰੀ ਉਨ੍ਹਾਂ ਦੀ ਤਰਜੀਹ ਹੋਣਗੇ।
ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਨਾਲ ਅੰਗਰੇਜੀ ਮਾਧਿਆਮ ਵਿੱਚ ਪੜਾਈ ਕਰਵਾਈ ਜਾਵੇਗੀ ਤੇ ਕਿਸੇ ਵੀ ਵਿਸ਼ੇ ਦੀ ਅਸਾਮੀ  ਖਾਲੀ ਨਹੀਂ ਰਹਿਣ ਦਿੱਤੀ ਜਾਵੇਗੀ ਤਾਂ ਜੋ ਗਰੀਬ ਤੇ ਅਮੀਰਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਸਕਣ। ਉਨ੍ਹਾਂ ਕਿਹਾ ਕਿ ਐੱਸਸੀ,ਬੀਸੀ ਜਾਤੀਆਂ ਦੇ ਵਿਦਿਆਰਥੀਆਂ ਲਈ ਵਜ਼ੀਫਾ ਸਕੀਮ ਨੂੰ ਬਿਹਤਰ ਬਣਾ ਕੇ ਇਸ ਦੇ ਘੇਰੇ ਵਿੱਚ ਜਨਰਲ ਵਰਗ ਦੇ ਵਿਦਿਆਰੀਆਂ ਨੂੰ ਵੀ ਲਿਆਂਦਾ ਜਾਵੇਗਾ ਤਾਂ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਪੈਸਿਆਂ ਕਾਰਨ ਆਪਣੀ ਪੜਾਈ ਨੂੰ ਅੱਧ ਵਿਚਕਾਰ ਨਾ ਛੱਡੇ।

ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਮਾਫੀਏ ਦਾ ਮੁੱਖ ਮੰਤਰੀ ਦੱਸਣ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੇ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਡੇਰਾ ਸਿਰਸਾ ਮੁੱਖੀ ਨੂੰ ਹਰਿਆਣਾ ਸਰਕਾਰ ਵੱਲੋਂ ਪੈਰੋਲ ਤੇ ਛੱਡਣ ਤੇ ਉਸ ਦਾ ਪੰਜਾਬ ਦੀਆਂ ਚੋਣਾਂ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਪੰਜਾਬ ਦੇ ਲੋਕ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਥਿਰ ਸਰਕਾਰ ਬਣਾਉਣ ਲਈ ਮਨ ਬਣਾਈ ਬੈਠੇ ਹਨ। ਸ੍ਰੀ ਚੰਨੀ ਵੱਲੋਂ ਦੋ ਹਲਕਿਆਂ ਤੇ ਚੋਣ ਲੜਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਹਲਕੇ ਨਹੀਂ ਸਗੋਂ ਉਹ ਪੂਰੇ ਪੰਜਾਬ ਅੰਦਰ 117 ਹਲਕਿਆਂ ਤੋਂ ਚੋਣ ਲੜ ਰਹੇ ਹਨ ਅਤੇ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਪੰਜਾਬ ਵਿੱਚ ਮੁੜ ਸਰਕਾਰ ਬਣਾਉਣਗੇ।

ਇਸ ਮੌਕੇ ਸਟੇਟ ਬੈਂਕ ਆਫ ਪਟਿਆਲਾ ਦੇ ਸਾਬਕਾ ਡਾਇਰੈਕਟਰ ਦਵਿੰਦਰ ਸਿੰਘ ਜਟਾਣਾ, ਚੇਅਰਮੈਨ ਕਰਨੈਲ ਸਿੰਘ ਬਜੀਦਪੁਰ, ਉੱਪ ਚੇਅਰਮੈਨ ਤਰਲੋਚਨ ਸਿੰਘ ਭੰਗੂ, ਡਾਇਰੈਕਟਰ ਗਿਆਨ ਸਿੰਘ, ਸਰਪੰਚ ਲਖਵਿੰਦਰ ਸਿੰਘ ਭੂਰਾ, ਸਮਿਤੀ ਮੈਂਬਰ ਜਸਵੀਰ ਸਿੰਘ, ਰੋਹਿਤ ਸੱਭਰਵਾਲ ਅਤੇ ਡਾ. ਬਲਵਿੰਦਰ ਸਿੰਘ ਆਦਿ ਹਾਜਰ ਸਨ।