ਯੂਥ ਅਕਾਲੀ ਦਲ ਨੇ ਡਾ. ਚੀਮਾ ਬਾਰੇ ਸੋਸ਼ਲ ਮੀਡੀਆ ’ਤੇ ਗਲਤ ਪੋਸਟ ਦੇ ਮਾਮਲੇ ਵਿਚ ਚੋਣ ਕਮਿਸ਼ਨ ਤੇ ਪੁਲੀਸ ਨੁੰ ਕੀਤੀ ਸ਼ਿਕਾਇਤ
ਬਹਾਦਰਜੀਤ ਸਿੰਘ /ਰੂਪਨਗਰ, 10 ਫਰਵਰੀ, 2022
ਸਾਬਕਾ ਸਿੱਖਿਆ ਮੰਤਰੀ ਅਤੇ ਰੂਪਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਜਾਅਲੀ ਪੋਸਟ ਪਾਉਣ ਵਿਰੁੱਧ ਯੂਥ ਅਕਾਲੀ ਦਲ ਨੇ ਚੋਣ ਕਮਿਸ਼ਨ ਤੇ ਪੁਲੀਸ ਨੁੰ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰਨ ਅਤੇ ਇਹਨਾਂ ਨੁੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਅੱਜ ਇੱਥੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂਯੂਥ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ 8 ਫਰਵਰੀ ਨੂੰ ਰੂਪਨਗਰ ਵਿਚ ਹੋਈ ਅਕਾਲੀ ਦਲ ਦੇ ਰੈਲੀ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਦੇ ਮਾਮਲੇ ਵਿਚ ਡਾ. ਦਲਜੀਤ ਸਿੰਘ ਚੀਮਾ ਤੋਂ ਡੇਰਾ ਸਿਰਸਾ ਮੁਖੀ ਦੀ ਪੈਰੋਲ ਬਾਰੇ ਸਵਾਲ ਪੁੱਛਿਆ ਗਿਆ ਸੀ ਜਿਸਦਾ ਜਵਾਬ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤਾ ਸੀ ਕਿ ਕਾਨੁੰਨ ਮੁਤਾਬਕ ਕਾਰਵਾਈ ਦਾ ਸਭ ਨੂੰ ਹੱਕ ਹੈ। ਇਸ ਮਾਮਲੇ ਵਿਚ ਦੋਸ਼ੀਆਂ ਨੇ ਸੋਸ਼ਲ ਮੀਡੀਆ ’ਤੇ ਇਹ ਝੁਠੀ ਪੋਸਟ ਪਾ ਦਿੱਤੀ ਕਿ ਡਾ. ਚੀਮਾ ਨੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਦਾ ਸਵਾਗਤ ਕੀਤਾ ਹੈ ਜਦੋਂ ਕਿ ਅਜਿਹਾ ਕੁੱਝ ਵੀ ਡਾ. ਚੀਮਾ ਨੇ ਕਦੇ ਨਹੀਂ ਕੀਤਾ।
ਉਹਨਾਂ ਕਿਹਾ ਕਿ ਇਹ ਸਭ ਕੁਝ ਮੌਜੂਦਾ ਚੋਣਾਂ ਵਿਚ ਇਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਸਭ ਨੂੰ ਦਿਸ ਰਿਹਾ ਹੈ ਕਿ ਹਲਕੇ ਦੇ ਲੋਕ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਹਨ ਤੇ ਉਨ੍ਹਾਂ ਦੀ ਜਿੱਤ ਯਕੀਨੀ ਹੈ। ਉਨ੍ਹਾਂਾਂ ਕਿਹਾ ਕਿ ਅਜਿਹੇ ਵਿਚ ਝੂਠੇ ਤੇ ਮਨਘੜਤ ਪ੍ਰਚਾਰ ਰਾਹੀਂ ਵੋਟਰਾਂ ਨੁੰ ਗੁੰਮਰਾਹ ਕਰਨ ਦੀ ਸਾਜ਼ਿਸ਼ ਰਚੀ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਤੇ ਐੱਸ. ਐੱਸ. ਪੀ. ਰੂਪਨਗਰ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 295 ਏ, 298, 505, 506, 389 ਅਤੇ 420 ਤਹਿਤ ਕੇਸ ਦਰਜ ਕਰ ਕੇ ਇਨ੍ਹਾਂ ਨੁੰ ਗ੍ਰਿਫਤਾਰ ਕੀਤਾ ਜਾਵੇ।
ਇਸ ਮੌਕੇ ਰਵਿੰਦਰ ਸਿੰਘ ਖੇੜਾ ਦੇ ਨਾਲ ਗੁਰਮੁੱਖ ਸਿੰਘ ਸੈਣੀ ਮੈਂਬਰ ਪੀ.ਏ.ਸੀ, ਹਰਜੀਤ ਸਿੰਘ ਡਾਂਗੀ ਮੈਂਬਰ ਪੀ.ਏ.ਸੀ, ਕਰਨਵੀਰ ਸਿੰਘ ਗਿੰਨੀ ਜੌਲੀ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਚੌਧਰੀ ਵੇਦ ਪ੍ਰਕਾਸ਼ ਸਾਬਕਾ ਕੌਂਸਲਰ, ਪਰਮਵੀਰ ਸਿੰਘ ਗੁਰੋਂ, ਜਸਪਾਲ ਸਿੰਘ ਸੇਠੀ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਖੈਰਾਬਾਦ ਅਤੇ ਕਰਮਜੀਤ ਸਿੰਘ ਗੰਧੋ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
