ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ ਪ੍ਰੋ.ਅਰਵਿੰਦ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਇੱਕ ਅਹਿਮ ਮੀਟਿੰਗ

196

ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ ਪ੍ਰੋ.ਅਰਵਿੰਦ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਇੱਕ ਅਹਿਮ ਮੀਟਿੰਗ

ਪਟਿਆਲਾ /13 ਜੁਲਾਈ, 2022

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਯੂਨੀਵਰਸਿਟੀ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰਾਂ ਕੀਤੀਆਂ ਗਈਆਂ।

ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਆਪਣੇ ਬਜਟ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ 200 ਕਰੋੜ ਕੀਤੇ ਜਾਣ ਅਤੇ ਕਰਜ਼ੇ ਦੀ ਅਦਾਇਗੀ ਸੰਬੰਧੀ ਵੱਖਰੇ ਤੌਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਚਾਰ ਕੀਤੇ ਜਾਣ ਦਾ ਭਰੋਸਾ ਬੱਝਾਇਆ ਗਿਆ ਸੀ ਜਿਸ ਸੰਬੰਧੀ ਪ੍ਰੋ. ਅਰਵਿੰਦ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।

ਇਸ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਵਿੱਤੀ ਇੰਤਜ਼ਾਮ ਨੂੰ ਨਿਪੁੰਨ ਬਣਾਉਣ ਵਾਸਤੇ ਵੀ ਵਿਚਾਰ ਚਰਚਾ ਕੀਤੀ ਗਈ ਤਾਂ ਜੋ ਉਪਲਬਦ ਵਿੱਤੀ ਸੋਮਿਆਂ ਦੀ ਢੁਕਵੀਂ ਵਰਤੋਂ ਹੋ ਸਕੇ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਯੂਨੀਵਰਸਿਟੀ ਦੀ ਸਮਰਥਾ ਅਤੇ ਕਾਰਗੁਜ਼ਾਰੀ ਵਿੱਚ ਪੂਰਨ ਵਿਸ਼ਵਾਸ਼ ਜਤਾਉਂਦਿਆਂ ਇੱਥੇ ਹੋ ਰਹੇ ਅਧਿਐਨ ਅਤੇ ਖੋਜ ਨਾਲ ਜੁੜੇ ਵੱਖ-ਵੱਖ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਇਸ ਨੁਕਤੇ ਉੱਤੇ ਜ਼ੋਰ ਦਿੱਤਾ ਗਿਆ ਕਿ ਇਸ ਦੀਆਂ ਦੇਣਦਾਰੀਆਂ ਨੂੰ ਉਤਾਰਨ ਲਈ ਸੂਬਾ ਸਰਕਾਰ ਦੀ ਮਦਦ ਤੋਂ ਇਲਾਵਾ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਖੋਜ ਲਈ ਫੰਡਿੰਗ ਕਰਨ ਵਾਲੀਆਂ ਸੰਬੰਧਤ ਏਜੰਸੀਆਂ ਦੀਆਂ ਕਿਹੜੀਆਂ ਬਜਟ ਮਦਾਂ ਵਿੱਚੋਂ ਕਿਸ ਤਰੀਕੇ/ਵਿਧੀ ਨਾਲ ਵਿੱਤੀ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਬਾਰੇ ਬਰੀਕੀ ਨਾਲ ਕੰਮ ਕਰ ਲਿਆ ਜਾਵੇ। ਸਰਕਾਰ ਤੋਂ ਇਲਾਵਾ ਕਾਰਪੋਰੇਟ ਸੈਕਟਰ ਵੱਲੋਂ ਸਮਾਜ ਭਲਾਈ ਅਤੇ ਸਿੱਖਿਆ ਆਦਿ ਲਈ ਦਿੱਤੇ ਜਾਣ ਵਾਲੇ ਸੀ. ਆਰ. ਐੱਸ. ਫੰਡ ਨੂੰ ਵੀ ਕਿਸ ਤਰ੍ਹਾਂ ਯੂਨੀਵਰਸਿਟੀ ਆਪਣੇ ਹਿਤਾਂ ਲਈ ਵਰਤ ਸਕਦੀ ਹੈ, ਇਸ ਦਿਸ਼ਾ ਵਿੱਚ ਵੀ ਕੰਮ ਕੀਤੇ ਜਾਣ ਦੀ ਲੋੜ ਹੈ।

ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ ਪ੍ਰੋ.ਅਰਵਿੰਦ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਇੱਕ ਅਹਿਮ ਮੀਟਿੰਗ

 

ਪੰਜਾਬ ਦੇ ਪੇਂਡੂ ਖੇਤਰ ਨਾਲ ਜੁੜੇ ਵੱਖ-ਵੱਖ ਮੌਲਿਕ ਕਿਸਮ ਦੇ ਹੁਨਰਾਂ ਨੂੰ ਰੁਜ਼ਗਾਰ ਅਤੇ ਕਾਰੋਬਾਰ ਵਜੋਂ ਵਿਕਸਿਤ ਕਰਨ ਹਿਤ ਪੰਜਾਬੀ ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਸਥਾਪਿਤ ਕੀਤੇ ਗਏ ਇੱਕ ਵੱਖਰੀ ਕਿਸਮ ਦੇ ਕੇਂਦਰ ‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਜਿਸ ਨੂੰ ਕਿ ‘ਕਰੈਸਟ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬਾਰੇ ਵਿੱਤ ਮੰਤਰੀ ਵੱਲੋਂ ਵਿਸ਼ੇਸ਼ ਦਿਲਚਪਸੀ ਵਿਖਾਈ ਗਈ। ਇਸ ਵਿਸ਼ੇ ਉੱਤੇ ਗੱਲਬਾਤ ਕਰਦਿਆਂ ਵਿੱਤ ਮੰਤਰੀ ਵੱਲੋਂ ਤਜਵੀਜ਼ ਰੱਖੀ ਗਈ ਕਿ ਇਹ ਕੇਂਦਰ ਪੰਜਾਬ ਸਰਕਾਰ ਨਾਲ ਕਿਸ ਤਰ੍ਹਾਂ ਜੁੜ ਸਕਦਾ ਹੈ ਅਤੇ ਦੋਹਾਂ ਧਿਰਾਂ ਦੀ ਅਜਿਹੀ ਸਾਂਝ ਨਾਲ ਕਿਸ ਤਰ੍ਹਾਂ ਦੇ ਪ੍ਰਾਜੈਕਟ ਉਲੀਕੇ ਜਾ ਸਕਦੇ ਹਨ, ਜੋ ਕਿ ਸੂਬੇ ਦੇ ਲੋਕਾਂ ਦੀ ਭਲਾਈ ਲਈ ਹੋਣ, ਬਾਰੇ ਵੀ ਵਿਚਾਰ ਕੀਤੇ ਜਾਣ ਦੀ ਲੋੜ ਹੈ। ਜਿ਼ਕਰਯੋਗ ਹੈ ਕਿ ਇਸ ਕੇਂਦਰ ਵੱਲੋਂ ਉਨ੍ਹਾਂ ਵੱਖ-ਵੱਖ ਹੁਨਰਾਂ ਨੂੰ ਰੁਜ਼ਗਾਰ ਅਤੇ ਕਾਰੋਬਾਰ ਵਜੋਂ ਪ੍ਰਫੁੱਲਿਤ ਕੀਤੇ ਜਾਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਹੜੇ ਹੁਨਰਾਂ ਨੂੰ ਅਕਸਰ ਗੌਣ ਸਮਝ ਕੇ ਛੱਡ ਦਿੱਤਾ ਜਾਂਦਾ ਹੈ। ਪਿੰਡਾਂ ਵਿੱਚ ਸਵੈ-ਰੋਜ਼ਗਾਰ ਪੈਦਾ ਕੀਤੇ ਜਾਣ ਦੇ ਲਿਹਾਜ਼ ਨਾਲ ਇਹ ਕੇਂਦਰ ਬਹੁਤ ਸਾਰੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ। ਇਹੀ ਕਾਰਨ ਹੈ ਕਿ ਵਿੱਤ ਮੰਤਰੀ ਵੱਲੋਂ ਇਸ ਕੇਂਦਰ ਨਾਲ ਪੰਜਾਬ ਸਰਕਾਰ ਦੀ ਸਾਂਝ ਬਾਰੇ ਗੁੰਜਾਇਸ਼ ਤਲਾਸ਼ਣ ਸੰਬੰਧੀ ਦਿਲਚਸਪੀ ਲਈ ਗਈ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਯੂਨੀਵਰਸਿਟੀ ਵਿੱਚ ਪ੍ਰਬੰਧਕੀ ਅਤੇ ਅਕਾਦਮਿਕ ਪੱਧਰ ਦੇ ਇੰਤਜ਼ਾਮਾਂ ਦੀ ਬਿਹਤਰੀ ਦੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਵੀ ਸੁਝਾਇਆ ਗਿਆ। ਇਸ ਪੰਜਾਬੀ ਯੂਨੀਵਰਸਿਟੀ ਲਈ ਐਲਾਨੀ ਗਈ ਵਾਧੂ ਰਾਸ਼ੀ ਵਿੱਚੋਂ 50 ਕਰੋੜ ਰੁਪਏ ਦੀ ਰਾਸ਼ੀ ਨੂੰ ਤਨਖਾਹ ਰਾਸ਼ੀ ਵਿੱਚ ਤਬਦੀਲ ਕੀਤੇ ਜਾਣ ਸੰਬੰਧੀ ਵੀ ਵਿੱਤ ਮੰਤਰੀ ਵੱਲੋਂ ਸਹਿਮਤੀ ਜਤਾਈ ਗਈ।

ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ ਪ੍ਰੋ.ਅਰਵਿੰਦ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਇੱਕ ਅਹਿਮ ਮੀਟਿੰਗI ਅੰਤ ਵਿੱਚ ਪ੍ਰੋ. ਅਰਵਿੰਦ ਨੇ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਦਾ ਇੱਕ ਸੈੱਟ ਭੇਂਟ ਕੀਤਾ।