ਪੂਟਾ ਦੇ ਵਿਹਾਰ ਦੀ ਚਾਰੇ ਪਾਸਿਓਂ ਨਿਖੇਧੀ: ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰਾਂ ਦੀ ਬਦਕਲਾਮੀ- ਬਾਜਵਾ

1625

ਪੂਟਾ ਦੇ ਵਿਹਾਰ ਦੀ ਚਾਰੇ ਪਾਸਿਓਂ ਨਿਖੇਧੀ: ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰਾਂ ਦੀ ਬਦਕਲਾਮੀ- ਬਾਜਵਾ

ਪਟਿਆਲਾ /22 ਜਨਵਰੀ, 2023

“ਪਿਛਲੇ ਦਿਨਾਂ ਵਿੱਚ ਪੂਟਾ ਦੇ ਅਹੁਦੇਦਾਰਾਂ ਵੱਲੋਂ ਵਾਈਸ ਚਾਂਸਲਰ ਨਾਲ ਬਦਕਲਾਮੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਚਾਰੇ ਪਾਸਿਓਂ ਇਸ ਦੀ ਨਿਖੇਧੀ ਹੋ ਰਹੀ ਹੈ। ਇਹ ਨਿਖੇਧੀ ਯੂਨੀਵਰਸਿਟੀ ਦੇ ਅੰਦਰੋਂ ਹੋ ਰਹੀ ਹੈ ਅਤੇ ਬਾਹਰੋਂ ਵੀ ਹੋ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਅਲਾਂਇਸ ਆਫ਼ ਪੰਜਾਬੀ ਯੂਨੀਵਰਸਿਟੀ ਟੀਚਰਜ਼ ਦੇ ਹੇਠ ਅਧਿਆਪਕ ਤਬਕੇ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਵੀ ਨਿਖੇਧੀ ਕੀਤੀ ਹੈ ” ਰਣਜੀਤ ਸਿੰਘ ਬਾਜਵਾ, ਸਾਬਕਾ ਡੀਨ ਭਾਸ਼ਾਵਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਨੇ ਕਿਹਾ I

ਬਾਜਵਾ ਨੇ ਕਿਹਾ, ਚਿੱਠੀ ਵਿੱਚ ਲਿਿਖਆ ਹੈ, “ਮਿਤੀ 18.01.2023 ਨੂੰ ਵਾਈਸ-ਚਾਂਸਲਰ ਦਫ਼ਤਰ ਵਿਖੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਅਤੇ ਯੂਨੀਵਰਸਿਟੀ ਪ੍ਰਸਾਸ਼ਨ ਦਰਮਿਆਨ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਇਕ ਮੀਟਿੰਗ ਹੋਈ ਸੀ। ਇਸ ਬਾਰੇ ਪੂਟਾ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ, ਮੀਡੀਆ ਵਿਚ ਪ੍ਰਕਾਸ਼ਤ ਹੋਈਆਂ ਖਬਰਾਂ ਅਤੇ ਸੋਸ਼ਲ ਮੀਡੀਆ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਮੀਟਿੰਗ ਸਾਰਥਿਕ ਮਾਹੌਲ ਵਿਚ ਨਹੀਂ ਹੋ ਸਕੀ। ਹੁਣ ਤੱਕ ਜੋ ਕੁਝ ਜਨਤਕ ਖੇਤਰ ਵਿਚ ਆਇਆ ਹੈ ਉਸ ਤੋਂ ਮੀਟਿੰਗ ਤੋਂ ਬਾਅਦ ਪੈਦਾ ਹੋਈ ਕੜਵਾਹਟ ਅਤੇ ਬੋਲ-ਬੁਲਾਰੇ ਦਾ ਵੀ ਪਤਾ ਲੱਗਦਾ ਹੈ। ਕਿਸੇ ਵੀ ਉਚ ਪੱਧਰੀ ਵਿਿਦਅਕ ਸੰਸਥਾ ਵਿਚ ਅਜਿਹਾ ਹੋਣਾ ਆਪਣੇ ਆਪ ਵਿਚ ਬਹੁਤ ਹੀ ਮੰਦ-ਭਾਗਾ ਹੈ।”

ਬਾਜਵਾ ਨੇ ਕਿਹਾ, ਇਸ ਚਿੱਠੀ ਉੱਤੇ ਪ੍ਰੋਫ਼ੈਸਰ ਜਸਵਿੰਦਰ ਸਿੰਘ ਬਰਾੜ ਨੇ ਬਤੌਰ ਕਨਵੀਨਰ, ਡੀ.ਟੀ.ਐੱਫ਼ ., ਪ੍ਰੋਫ਼ੈਸਰ ਗੁਰਮੁਖ ਸਿੰਘ ਨੇ ਬਤੌਰ ਕਨਵੀਨਰ, ਪੀ.ਟੀ.ਸੀ. ਅਤੇ ਡਾ. ਸੁਖਵਿੰਦਰ ਸਿੰਘ ਨੇ ਬਤੌਰ ਕਨਵੀਨਰ, ਏ.ਪੀ.ਟੀ. ਦਸਤਖ਼ਤ ਕੀਤੇ ਹਨ। ਚਿੱਠੀ ਵਿੱਚ ਅਧਿਆਪਕਾਂ ਨੂੰ ਮੁਖਾਤਬ ਹੋ ਕੇ ਲਿਿਖਆ ਗਿਆ ਹੈ, “ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬੀ ਯੂਨੀਵਰਸਿਟੀ ਇਕ ਅੱਤ ਗੰਭੀਰ ਵਿੱਤੀ ਸੰਕਟ ਵਿਚੋਂ ਗੁਜ਼ਰ ਰਹੀ ਹੈ। ਯੂਨੀਵਰਸਿਟੀ ਦੁਆਰਾ ਘੋਰ ਵਿੱਤੀ ਸੰਕਟ ਦੇ ਬਾਵਜੂਦ ਅਧਿਆਪਕਾਂ ਦੇ ਪੇ ਸਕੇਲ ਦੀ ਰੲਵਿਿਸੋਨ ਵੀ ਕਰ ਦਿੱਤੀ ਗਈ ਹੈ। ਇਸ ਲਈ ਪੂਟਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਸਾਂਝੀ ਸਹਿਯੋਗੀ ਕਾਰਜਵਿਧੀ ਪ੍ਰਸੰਸਾ ਦੀ ਹੱਕਦਾਰ ਹੈ।”

ਪੂਟਾ ਦੇ ਵਿਹਾਰ ਦੀ ਚਾਰੇ ਪਾਸਿਓਂ ਨਿਖੇਧੀ: ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰਾਂ ਦੀ ਬਦਕਲਾਮੀ- ਬਾਜਵਾ
Punjabi University

ਬਾਜਵਾ ਨੇ ਕਿਹਾ, ਇਸ ਤੋਂ ਬਾਅਦ ਇਸ ਚਿੱਠੀ ਦਾ ਧਿਆਨ ਹਾਲੀਆ ਘਟਨਾਵਾਂ ਵੱਲ ਜਾਂਦਾ ਹੈ, “ਦੇਖਣ ਵਿਚ ਆਇਆ ਹੈ ਕਿ ਕੁਝ ਅਧਿਆਪਕ ਨਿੱਜੀ ਤੌਰ ’ਤੇ ਯੂਨੀਵਰਸਿਟੀ ਦੇ ਸਾਂਝੇ ਮਸਲਿਆਂ ਬਾਰੇ ਨਿੱਜੀ ਰਾਇ ਅਲੱਗ-ਅਲੱਗ ਥਾਵਾਂ ਤੇ ਭੇਜਦੇ ਰਹਿੰਦੇ ਹਨ। ਯੂਨੀਵਰਸਿਟੀ ਦੇ ਕਿਸੇ ਵੀ ਅਧਿਆਪਕ ਨੂੰ ਯੂਨੀਵਰਸਿਟੀ ਦੇ ਸਾਂਝੇ ਮਸਲਿਆਂ ਬਾਰੇ ਉਚ ਪੱਧਰੀ ਅਹੁਦਿਆਂ ਨਾਲ਼ ਪੱਤਰ-ਵਿਹਾਰ ਨਿੱਜੀ ਪੱਧਰ ’ਤੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਯੂਨੀਵਰਸਿਟੀ ਦੇ ਅਕਸ ਨੂੰ ਬਹੁਤ ਜ਼ਿਆਦਾ ਠੇਸ ਲੱਗਣ ਦੀ ਸੰਭਾਵਨਾ ਹੁੰਦੀ ਹੈ। ਚਿਠੀ-ਪੱਤਰ ਜਰਨਲ ਇਜਲਾਸ ਵਿਚ ਵਿਚਾਰ ਕੇ ਪੂਟਾ ਰਾਹੀਂ ਕਰਨਾ ਹੀ ਜ਼ਿਆਦਾ ਵਾਜਬ ਅਤੇ ਅਸਰਦਾਰ ਮਹਿਸੂਸ ਹੁੰਦਾ ਹੈ। ਅਜਿਹਾ ਕਰਨ ਨਾਲ਼ ਵੱਖ ਵੱਖ ਮੁੱਦਿਆਂ ਬਾਰੇ ਪ੍ਰਮਾਣਿਕ ਤੱਥਾਂ ਤੇ ਸੰਯੁਕਤ ਸਮਝ ਬਣਦੀ ਹੈ ਅਤੇ ਮਸਲਿਆਂ ਦਾ ਹੱਲ ਲੱਭਣ ਵਿਚ ਜ਼ਿਆਦਾ ਮੱਦਦ ਮਿਲਦੀ ਹੈ।”

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸਕਾਰ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਰੁਝਾਨ ਮੰਦਭਾਗਾ ਹੈ ਅਤੇ ਇਸ ਦੀ ਨਿਖੇਧੀ ਕਰਨੀ ਬਣਦੀ ਹੈ। ਉਨ੍ਹਾਂ ਕਿਹਾ, “ਅਧਿਆਪਕ ਤਬਕਾ ਜੇ ਦਲੀਲ ਦੀ ਥਾਂ ਬਦਕਲਾਮੀ ਦਾ ਰਾਹ ਅਖ਼ਤਿਆਰ ਕਰਦਾ ਹੈ ਤਾਂ ਇਸ ਤੋਂ ਮਾੜੀ ਕੀ ਗੱਲ ਹੋ ਸਕਦੀ ਹੈ। ਜੇ ਅਧਿਆਪਕਾਂ ਦੇ ਚੁਣੇ ਹੋਏ ਨੁਮਾਇੰਦੇ ਅਜਿਹਾ ਕਰਦੇ ਹਨ ਤਾਂ ਇਸ ਦਾ ਕਸੂਰਵਾਰ ਸਮੁੱਚਾ ਅਧਿਆਪਕ ਤਬਕਾ ਹੀ ਹੈ।” ਚੰਡੀਗੜ੍ਹ ਦੇ ਖਾਲਸਾ ਕਾਲਜ ਵਿੱਚ ਇਤਿਹਾਸ ਪੜ੍ਹਾਉਂਦੇ ਹਰਜੇਸ਼ਵਰ ਪਾਲ ਸਿੰਘ ਨੇ ਇਸ ਘਟਨਾ ਦੀਆਂ ਤੰਦਾਂ ਮੌਜੂਦਾ ਸਿਆਸੀ ਮਾਹੌਲ ਅਤੇ ਸੰਵਾਦ ਦੇ ਨਿਘਰਦੇ ਰੁਝਾਨ ਨਾਲ ਜੋੜੀਆਂ ਹਨ। ਉਨ੍ਹਾਂ ਕਿਹਾ, “ਜੇ ਅਧਿਆਪਕ ਤਬਕਾ ਆਪਣੀ ਅਤੇ ਆਪਣੇ ਅਦਾਰਿਆਂ ਦਾ ਸਤਿਕਾਰ ਨਹੀਂ ਕਰਦਾ ਤਾਂ ਉਨ੍ਹਾਂ ਦਾ ਸਤਿਕਾਰ ਕਿਸ ਨੇ ਕਰਨਾ ਹੈ। ਸਮਾਜ ਵਿੱਚ ਅਧਿਆਪਕ ਦੇ ਰੁਤਬੇ ਦੇ ਨੀਵਾਂ ਹੋਣ ਦਾ ਇਹ ਵੱਡਾ ਕਾਰਨ ਹੈ।”

ਜ਼ਿਕਰਯੋਗ ਹੈ ਕਿ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਜ਼ਿਕਰਗੋਚਰੀ ਬੈਠਕ ਵਿੱਚ ਪੂਟਾ ਦੇ ਨੁਮਾਇੰਦੇ ਵਜੋਂ ਸ਼ਾਮਿਲ ਸਨ ਅਤੇ ਉਨ੍ਹਾਂ ਨੇ ਵਾਈਸ ਚਾਂਸਲਰ ਨਾਲ ਬਦਕਲਾਮੀ ਕੀਤੀ ਸੀ। ਉਨ੍ਹਾਂ ਨੇ ਬਾਅਦ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਨੂੰ ਚਿੱਠੀ ਲਿਖੀ ਸੀ ਅਤੇ ਇਸ ਤਰ੍ਹਾਂ ਦੀਆਂ ਚਿੱਠੀਆਂ ਉਨ੍ਹਾਂ ਪਹਿਲਾਂ ਵੀ ਕਈ ਵਾਰ ਲਿਖੀਆਂ ਹਨ। ਉਨ੍ਹਾਂ ਦੀ ਚਿੱਠੀ ਯੂਨੀਵਰਸਿਟੀ ਅਧਿਆਪਕ ਦੇ ਵੱਟਸਅੱਪ ਗਰੁੱਪਾਂ ਦੇ ਨਾਲ-ਨਾਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਅਤੇ ਪੂਟਾ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਹੋਏ ਚਿੱਠੀ ਵਿੱਚ ਲਿਿਖਆ ਗਿਆ ਹੈ, “ਇਸ ਵਿੱਤੀ ਸਾਲ ਵਿਚ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਕੋਈ ਵਿਸ਼ੇਸ਼ ਵਿੱਤੀ ਪੈਕੇਜ ਅਜੇ ਤੱਕ ਨਹੀਂ ਦਿੱਤਾ ਗਿਆ। ਪੂਟਾ ਵੱਲੋਂ ਵੀ ਇਸ ਸਬੰਧੀ ਕੋਈ ਕੋਸ਼ਿਸ਼ ਨਜ਼ਰ ਨਹੀਂ ਆਈ ਹੈ।”

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਐਟਰਨਲ ਯੂਨੀਵਰਸਿਟੀ ਸ਼੍ਰੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਸਾਬਕਾ ਰਜਿਸਟਰਾਰ ਪ੍ਰੋ. ਰਣਜੀਤ ਸਿੰਘ ਬਾਜਵਾ ਨੇ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਦੀ ਚਿੱਠੀ ਅਤੇ ਬਿਆਨਬਾਜ਼ੀ ਬਾਰੇ ਲਿਖਤੀ ਬਿਆਨ ਜਾਰੀ ਕੀਤਾ ਹੈ, “ਪਿਛਲੇ ਦਿਨਾਂ ਦੀਆਂ ਪੰਜਾਬੀ ਯੂਨੀਵਰਸਿਟੀ ਵਿੱਚ ਵਾਪਰੀਆਂ ਘਟਨਾਵਾਂ ਸੰਵੇਦਨਸ਼ੀਲ ਅਕਾਦਮਿਕ ਤਬਕੇ ਲਈ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਉਦਾਸੀ ਦਾ ਸਬੱਬ ਬਣੀਆਂ ਹਨ। ਕਿਸੇ ਸੀਨੀਅਰ ਯੂਨੀਵਰਸਿਟੀ ਅਧਿਆਪਕ ਦਾ ਨਾਖ਼ੁਸ਼ਗਵਾਰ, ਸ਼ਰਾਰਤੀ ਅਤੇ ਨਫ਼ਰਤ ਫੈਲਾਉਣ ਵਾਲੀ ਚਿੱਠੀ ਲਿਖਣਾ ਉਸ ਦੀ ਆਪਣੀ ਮਨੋਦਸ਼ਾ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਦੀ ਭੱਦੀ ਸ਼ਬਦਾਬਲੀ ਨਾਲ ਵਾਈਸ-ਚਾਂਸਲਰ ਦੇ ਅਕਸ ਨੂੰ ਖੋਰਾ ਲਗਾਉਣ ਦੀ ਹਰਕਤ ਨਿੰਦਣਯੋਗ ਹੈ। ਮੈਂ ਸਮੁੱਚੀ ਅਧਿਆਪਕ ਬਰਾਦਰੀ ਨੂੰ  ਬੇਨਤੀ ਕਰਦਾ ਹਾਂ ਕਿ ਉਹ ਅੱਗੋਂ ਉੱਚ ਸਿੱਖਿਆ ਦੇ ਮਾਣਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਨ ਕਿ ਅਜਿਹੇ ਤੱਤਾਂ ਨੂੰ ਨੱਥ ਪਾਈ ਜਾਵੇ ਜੋ ਪੰਜਾਬੀ ਯੂਨੀਵਰਸਿਟੀ ਵਰਗੇ ਮੋਢੀ ਅਦਾਰੇ ਵਿੱਚ ਸ਼ਾਂਤਮਈ ਸੰਵਾਦ ਦੀ ਥਾਂ ਗ਼ੈਰ-ਅਕਾਦਮਿਕ ‘ਬਿਰਤਾਂਤ’ ਸਿਰਜ ਰਹੇ ਹਨ।” ਰਣਜੀਤ ਸਿੰਘ ਬਾਜਵਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਸਾਬਕਾ ਡੀਨ ਭਾਸ਼ਾਵਾਂ ਰਹੇ ਹਨ।