ਮਰੀਜ਼ਾਂ ਦੀ ਸਹੂਲਤ ਲਈ ਜ਼ਿਲ੍ਹਾ ਹਸਪਤਾਲ ਦਾ ਮੁਕੰਮਲ ਨਵੀਨੀਕਰਨ ਹੋਵੇਗਾ: ਡਿਪਟੀ ਕਮਿਸ਼ਨਰ
ਬਹਾਦਰਜੀਤ ਸਿੰਘ / ਰੂਪਨਗਰ, 22 ਫਰਵਰੀ,2023
ਜ਼ਿਲ੍ਹਾ ਹਸਪਤਾਲ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮਰੀਜ਼ਾਂ ਨੂੰ ਦੂਜੀ ਸ਼੍ਰੇਣੀ ਦੇ ਪੱਧਰ ਦੀਆਂ ਵੱਖ-ਵੱਖ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਮਰੀਜ਼ਾਂ ਨੂੰ ਹੋਰ ਆਧੁਨਿਕ ਅਤੇ ਸਾਫ ਸੁਥਰੇ ਵਾਤਾਵਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਜ਼ਿਲ੍ਹਾ ਹਸਪਤਾਲ ਦਾ ਮੁਕੰਮਲ ਤੌਰ ਉਤੇ ਨਵੀਨੀਕਰਨ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਵਲੋਂ ਸਾਰੀਆਂ ਇਮਾਰਤਾਂ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ਵਿਚ ਦੇਖਣ ਤੋਂ ਹੀ ਪਤਾ ਲਗਦਾ ਹੈ ਕਿ ਸਰਕਾਰੀ ਹਸਪਤਾਲ ਵਿਖੇ ਇਮਾਰਤਾਂ ਨੂੰ ਤਰਤੀਬ ਅਨੁਸਾਰ ਨਾ ਬਣਾਉਣ ਕਾਰਨ ਜਗ੍ਹਾ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਐਮਰਜੈਂਸੀ ਅਤੇ ਬਲੱਡ ਬੈਂਕ ਦਾ ਇੱਕ ਹੀ ਰਸਤਾ ਹੋਣ ਕਾਰਨ ਇੱਥੇ ਮਰੀਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਲਈ ਬਲੱਡ ਬੈਂਕ ਦੀ ਇਮਾਰਤ ਵੱਖਰੀ ਬਣਾਈ ਜਾਵੇ ਅਤੇ ਇਸ ਦਾ ਰਸਤਾ ਵੀ ਵੱਖਰਾ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਅਰਲੀ ਇੰਟਰਵੈਸ਼ਨ ਸੈਂਟਰ ਦਵਿਆਂਗਜਨ ਬੱਚਿਆਂ ਨੂੰ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਸ ਲਈ ਇਸ ਇਮਾਰਤ ਦਾ ਹੋਰ ਵਿਕਾਸ ਕੀਤਾ ਜਾਵੇ ਤਾਂ ਜੋ ਲੋੜਵੰਦ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੇਵਾ ਖੁੱਲ੍ਹੇ ਮਾਹੌਲ ਵਿਚ ਮਿਲ ਸਕੇ।
ਡਿਪਟੀ ਕਮਿਸ਼ਨਰ ਨੇ ਟੀ.ਵੀ. ਸੈਂਟਰ ਦੀ ਇਮਾਰਤ ਦਾ ਨਵੀਨੀਕਰਨ ਕਰਨ ਦੀ ਹਦਾਇਤ ਵੀ ਦਿੱਤੀ ਅਤੇ ਕਿਹਾ ਕਿ ਪ੍ਰਬੰਧਕੀ ਕੰਪਲੈਕਸ ਵੀ ਤਕਨੀਕੀ ਢੰਗ ਨਾਲ ਬਣਾਇਆ ਜਾਵੇ।
ਉਨ੍ਹਾਂ ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਦਵਿੰਦਰ ਬਜਾਜ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਦਾ ਪੂਰਾ ਮੇਪ ਤਿਆਰ ਕੀਤਾ ਜਾਵੇ ਜਿਸ ਉਪਰੰਤ ਹੀ ਅਗਲੀ ਕਾਰਵਾਈ ਆਰੰਭੀ ਜਾਵੇ ਤਾਂ ਜੋ ਬੇਕਾਰ ਪਈ ਜਗ੍ਹਾ ਨੂੰ ਸਹੀ ਢੰਗ ਨਾਲ ਵਰਤਿਆਂ ਜਾ ਸਕੇ।
ਉਨ੍ਹਾਂ ਸਿਵਲ ਸਰਜਨ ਨੂੰ ਕਿਹਾ ਕਿ ਜ਼ਿਲ੍ਹਾ ਹਸਪਤਾਲ ਦੇ ਨਵੀਨੀਕਰਨ ਲਈ ਬਣਾਈ ਜਾਣ ਵਾਲੀ ਰੂਪ-ਰੇਖਾ ਵਿਚ ਕਿਸੇ ਕਿਸਮ ਦੀ ਕਮੀ ਨਾ ਛੱਡੀ ਜਾਵੇ ਜਿਸ ਵਿਚ ਵੱਖ-ਵੱਖ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਸਿਵਲ ਸਰਜਨ ਨੂੰ ਸਰਕਾਰੀ ਹਸਪਤਾਲਾਂ ਦੀ ਸਫਾਈ ਯਕੀਨੀ ਤੌਰ ਉੱਤੇ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਦੇ ਨਾਲ ਮੈਡੀਕਲ ਅਫਸਰਾਂ ਅਤੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਲਈ ਬਣਾਈ ਗਈ ਰਿਹਾਇਸ਼ ਵੀ ਬਹੁਤ ਪੁਰਾਣੀ ਹੋ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਬਿਲਡਿੰਗਾਂ ਅਸੁਰੱਖਿਅਤ ਹਨ ਜਿਸ ਲਈ ਰਿਹਾਇਸ਼ੀ ਇਮਾਰਤਾਂ ਦਾ ਵੀ ਮੇਪ ਤਿਆਰ ਕੀਤਾ ਜਾਵੇ।