ਬੇਨੜਾ ਕਾਲਜ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਨੂੰ 400 ਕਰੋੜ ਰੁਪਏ ਦੀ ਗ੍ਰਾਂਟ ਬਜ਼ਟ ਵਿੱਚ ਰੱਖਣ ਲਈ ਦਿੱਤਾ ਮੰਗ ਪੱਤਰ

132

ਬੇਨੜਾ ਕਾਲਜ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਨੂੰ 400 ਕਰੋੜ ਰੁਪਏ ਦੀ ਗ੍ਰਾਂਟ ਬਜ਼ਟ ਵਿੱਚ ਰੱਖਣ ਲਈ ਦਿੱਤਾ ਮੰਗ ਪੱਤਰ

ਧੂਰੀ 13 ਮਾਰਚ,2023:

ਭਾਸ਼ਾ ਦੇ ਨਾਮ ‘ਤੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪੰਜਾਬ ਸਰਕਾਰ ਨੇ ਰਾਹਤ ਦੇਣ ਦੀ ਥਾਂ ਤਾਜ਼ਾ ਬਜਟ ਵਿੱਚ ਇਸ ਦੇ ਵਿੱਤੀ ਸੰਕਟ ਨੂੰ ਹੋਰ ਗੰਭੀਰ ਕਰਨ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਤਾਜ਼ਾ ਬਜਟ ਵਿੱਚ ਯੂਨੀਵਰਸਿਟੀ ਦੀ ਸਾਲਾਨਾ ਗ੍ਰਾਂਟ 200 ਕਰੋੜ ਰੁਪਏ ਤੋਂ ਘਟਾ ਕੇ 164 ਕਰੋੜ ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ ਪੰਜਾਬ ਸਰਕਾਰ ਦੇ ਤਨਖ਼ਾਹ ਕਮਿਸ਼ਨ ਲਾਗੂ ਕਰਨ ਦੇ ਫ਼ੈਸਲੇ ਨਾਲ ਯੂਨੀਵਰਸਿਟੀ ਦਾ ਤਨਖ਼ਾਹ ਬਜਟ ਤਕਰੀਬਨ 100 ਕਰੋੜ ਰੁਪਏ ਵਧਿਆ ਹੈ।

ਮੁੱਖ ਮੰਤਰੀ ਦੇ ਹਲਕੇ ਦੇ ਇਕਲੌਤੇ ਕਾਂਸਟੀਚੂਐਂਟ ਕਾਲਜ ਦੇ ਸਟਾਫ਼ ਨੇ ਸਮੂਹਿਕ ਰੂਪ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਦੌਰੇ ਸਮੇਂ ਸਿੱਖਿਆ ਨੂੰ ਕਰਜ਼ੇ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਤਾਜ਼ਾ ਬਜ਼ਟ ਨਾਲ ਯੂਨੀਵਰਸਿਟੀ ਸਿਰ ਨਵਾਂ ਕਰਜ਼ਾ ਚੜ੍ਹਨ ਵਾਲੇ ਹਾਲਾਤ ਬਣ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਸਿਰ 150 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਲਗਾਤਾਰ ਵਿੱਤੀ ਘਾਟਾ ਚੱਲ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਯੂਨੀਵਰਸਿਟੀ ਸਮੇਂ ਸਿਰ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਮਹੀਨੇਵਾਰ ਤਨਖ਼ਾਹਾਂ ਦੇਣ ਦੀ ਵੀ ਹਾਲਤ ਵਿੱਚ ਨਹੀਂ ਹੈ।

ਉਨ੍ਹਾਂ ਕਿਹਾ ਪੰਜਾਬ ਦੀਆਂ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਵਿੱਚ ਫੀਸਾਂ ਅੱਧੀਆਂ ਹੀ ਹਨ। ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਤਕਰੀਬਨ 290 ਕਾਲਜਾਂ ਵਿੱਚ ਸਵਾ ਦੋ ਲੱਖ ਵਿਦਿਆਰਥੀ ਪੜ੍ਹਦੇ ਹਨ। ਪੰਜਾਬੀ ਯੂਨੀਵਰਸਿਟੀ ਅਤੇ ਇਸ ਦੇ ਕਾਂਸਟੀਚੂਐਂਟ ਕਾਲਜਾਂ ਵਿੱਚ ਖੇਤੀ ਸੰਕਟ ਦੇ ਮਾਰੇ ਮਾਲਵਾ ਖਿੱਤੇ ਦੇ ਪੇਂਡੂ ਖੇਤਰਾਂ ਨਾਲ਼ ਸੰਬੰਧਤ ਵਿਦਿਆਰਥੀ ਘੱਟ ਫੀਸਾਂ ਉੱਤੇ ਪੜ੍ਹਦੇ ਹਨ। ਇਨ੍ਹਾਂ ਵਿੱਚ ਗ਼ਰੀਬ, ਦਲਿਤ ਅਤੇ ਲੜਕੀਆਂ ਦੀ ਬਹੁ ਸੰਖਿਆ ਹੈ ਜੋ ਪੰਜਾਬ ਦੇ ਦੂਜੇ ਅਦਾਰਿਆਂ ਵਿੱਚ ਸਿੱਖਿਆ ਹਾਸਿਲ ਕਰਨ ਦੀ ਹਾਲਤ ਵਿੱਚ ਨਹੀਂ ਹਨ।

ਬੇਨੜਾ ਕਾਲਜ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਨੂੰ 400 ਕਰੋੜ ਰੁਪਏ ਦੀ ਗ੍ਰਾਂਟ ਬਜ਼ਟ ਵਿੱਚ ਰੱਖਣ ਲਈ ਦਿੱਤਾ ਮੰਗ ਪੱਤਰ

ਉਨ੍ਹਾਂ ਸਮੂਹਿਕ ਰੂਪ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਤਾਜ਼ਾ ਬਜ਼ਟ ਵਿੱਚ ਦਿੱਤੀ ਗ੍ਰਾਂਟ ਨੂੰ ਰੀਵਿਊ ਕਰਕੇ ਮੰਗੀ ਗਈ ਕੁੱਲ 400 ਕਰੋੜ ਦੀ ਗ੍ਰਾਂਟ ਮੁੱਹਈਆ ਕਰਵਾਈ ਜਾਵੇ ਤਾਂ ਜੋ ਵਿੱਤੀ ਸੰਕਟ ਦਾ ਸ਼ਿਕਾਰ ਯੂਨੀਵਰਸਿਟੀ ਜੋ ਕਿ ਮਾਲਵੇ ਖੇਤਰ ਵਿਚ ਸਿੱਖਿਆ ਦਾ ਚਾਨਣ ਮੁਨਾਰਾ ਹੈ ਨੂੰ ਜਿਊਂਦਾ ਰੱਖਿਆ ਜਾ ਸਕੇ ਅਤੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸ਼ੇ ਨੂੰ ਪ੍ਰਣਾਈ ਹੋਈ ਇਸ ਸੰਸਥਾ ਨੂੰ ਬਚਾਇਆ ਜਾ ਸਕੇ ਤੇ ਇਸ ਸੰਸਥਾ ਨੂੰ ਬਚਾਉਣ ਦੇ ਨਾਲ–ਨਾਲ ਇਸ ਨਾਲ ਜੁੜੇ ਹਜ਼ਾਰਾਂ ਕਰਮਚਾਰੀਆਂ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਵੀ ਬਚਾਇਆ ਜਾ ਸਕੇ।

ਇਸ ਸਮੇਂ ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ, ਡਾ. ਸੰਜੀਵ ਦੱਤਾ, ਡਾ. ਹਰਵਿੰਦਰ ਸਿੰਘ ਮੰਡ, ਡਾ. ਸੁਭਾਸ਼ ਕੁਮਾਰ, ਡਾ. ਅਸ਼ੋਕ ਕੁਮਾਰ, ਡਾ. ਜਸਬੀਰ ਸਿੰਘ, ਡਾ. ਰਕੇਸ਼ ਕੁਮਾਰ, ਡਾ. ਊਸ਼ਾ ਰਾਣੀ, ਡਾ. ਗਗਨਦੀਪ ਸਿੰਘ, ਡਾ. ਕਰਮਜੀਤ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਚਮਕੌਰ ਸਿੰਘ, ਇੰਜ: ਵਰਿੰਦਰ ਕੁਮਾਰ, ਗੁਰਬਖਸ਼ੀਸ਼ ਸਿੰਘ, ਡਾ. ਸੁਖਜਿੰਦਰ ਰਿਸ਼ੀ, ਰਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਡਾ. ਕਿਰਨਜੀਤ ਕੌਰ, ਸੁਖਵਿੰਦਰ ਕੌਰ, ਮਾਲਵਿੰਦਰ ਕੌਰ ਤੋਂ ਇਲਾਵਾ ਗੈਰ ਅਧਿਆਪਨ ਸਟਾਫ਼ ਵਿੱਚੋਂ ਜਗਤਾਰ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ, ਮੁਖਿੰਦਰ ਕੌਰ ਹਾਜ਼ਰ ਸਨ।

ਪੰਜਾਬੀ ਯੂਨੀਵਰਸਿਟੀ ਦੇ ਸਾਲਾਨਾ ਫੰਡਾਂ ਵਿੱਚ ਕੀਤੀ ਗਈ ਕਟੌਤੀ ਤੇ ਫ਼ੇਸਬੁੱਕ ਉੱਤੇ ਬਣੀ ਇੱਕ ਲਹਿਰ; ਪੁਰਜ਼ੋਰ ਸ਼ਬਦਾਂ ਵਿੱਚ ਨਿਂਦਿਆ ਹੋ ਰਹੀ