ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਧੂਰੀ ਅਤੇ ਭਵਾਨੀਗੜ੍ਹ ਵਿਖੇ ਅਨਾਜ ਮੰਡੀਆਂ ਦਾ ਦੌਰਾ; ਹੁਣ ਤੱਕ ਕਿਸਾਨਾਂ ਨੂੰ 309.45 ਕਰੋੜ ਰੁਪਏ ਦੀ ਅਦਾਇਗੀ

135

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਧੂਰੀ ਅਤੇ ਭਵਾਨੀਗੜ੍ਹ ਵਿਖੇ ਅਨਾਜ ਮੰਡੀਆਂ ਦਾ ਦੌਰਾ; ਹੁਣ ਤੱਕ ਕਿਸਾਨਾਂ ਨੂੰ 309.45 ਕਰੋੜ ਰੁਪਏ ਦੀ ਅਦਾਇਗੀ

ਧੂਰੀ/ਭਵਾਨੀਗੜ੍ਹ, 16 ਅਪ੍ਰੈਲ,2023 –

ਡਿਪਟੀ ਕਮਿਸ਼ਨਰ  ਜਤਿੰਦਰ ਜੋਰਵਾਲ ਨੇ ਅੱਜ ਵੀ ਜ਼ਿਲ੍ਹਾ ਸੰਗਰੂਰ ਦੀਆਂ ਵੱਖ ਵੱਖ ਅਨਾਜ ਮੰਡੀਆਂ ਦੇ ਦੌਰੇ ਕਰਨ ਦੀ ਪ੍ਰਕਿਰਿਆ ਜਾਰੀ ਰੱਖੀ। ਬੀਤੇ ਦਿਨੀਂ ਬੇਨੜਾ, ਸੁਨਾਮ, ਲਹਿਰਾਗਾਗਾ ਵਿਖੇ ਦੌਰਾ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਅੱਜ ਧੂਰੀ ਅਤੇ ਭਵਾਨੀਗੜ੍ਹ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੰਡੀਆਂ ਵਿੱਚ ਮੌਜੂਦ ਕਿਸਾਨਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ  ਜਤਿੰਦਰ ਜੋਰਵਾਲ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੁਆਰਾ ਮਿਹਨਤ ਨਾਲ ਪੈਦਾ ਕੀਤੀ ਜਿਣਸ ਦੀ ਨਿਰਵਿਘਨ ਖਰੀਦ ਅਤੇ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਵਿੱਚ ਕੁੱਲ 3 ਲੱਖ 3 ਹਜ਼ਾਰ 460 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ 2 ਲੱਖ 83 ਹਜ਼ਾਰ 50 ਮੀਟ੍ਰਿਕ ਟਨ ਕਣਕ ਖਰੀਦੀ ਗਈ। ਉਨ੍ਹਾਂ ਦੱਸਿਆ ਕਿ ਖਰੀਦੀ ਜਿਣਸ ਦੀ ਹੁਣ ਤੱਕ ਕਿਸਾਨਾਂ ਨੂੰ 309.45 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਧੂਰੀ ਅਤੇ ਭਵਾਨੀਗੜ੍ਹ ਵਿਖੇ ਅਨਾਜ ਮੰਡੀਆਂ ਦਾ ਦੌਰਾ; ਹੁਣ ਤੱਕ ਕਿਸਾਨਾਂ ਨੂੰ 309.45 ਕਰੋੜ ਰੁਪਏ ਦੀ ਅਦਾਇਗੀ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਦੱਸਿਆ ਕਿ ਪੂਰੀ ਖਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਮੰਡੀਆਂ ’ਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਖਰੀਦ ਪ੍ਰਬੰਧਾਂ ਨਾਲ ਜੁੜੇ ਹਰੇਕ ਵਰਗ ਲਈ ਹਰ ਲੋੜੀਂਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਨੂੰ ਲਿਫ਼ਟਿੰਗ ਹੋਰ ਤੇਜ਼ੀ ਨਾਲ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਣਕ ਦੀ ਕਟਾਈ ਸ਼ਾਮ 7 ਵਜੇ ਤੋਂ ਅਗਲੀ ਸਵੇਰ 6 ਵਜੇ ਤੱਕ ਕਰਨ ’ਤੇ ਪਾਬੰਦੀ ਹੈ ਅਤੇ ਮੰਡੀਆਂ ਵਿੱਚ ਕਿਸਾਨ ਵੀਰ ਸਿਰਫ ਸੁੱਕੀ ਕਣਕ ਹੀ ਲਿਆਉਣ ਤਾਂ ਜੋ ਉਨ੍ਹਾਂ ਦੀ ਫਸਲ ਨਾਲੋਂ ਨਾਲ ਖਰੀਦੀ ਜਾ ਸਕੇ।