ਪੰਜਾਬੀ ਯੂਨੀਵਰਸਿਟੀ ਦਾ ਵੱਡਾ ਫੈਸਲਾ;ਇਸ ਵਾਰ ਲੜਕੇ ਵੀ ਦੇ ਸਕਣਗੇ ਪ੍ਰਾਈਵੇਟ ਇਮਤਿਹਾਨ

3046

ਪੰਜਾਬੀ ਯੂਨੀਵਰਸਿਟੀ ਦਾ ਵੱਡਾ ਫੈਸਲਾ;ਇਸ ਵਾਰ ਲੜਕੇ ਵੀ ਦੇ ਸਕਣਗੇ ਪ੍ਰਾਈਵੇਟ ਇਮਤਿਹਾਨ

ਪਟਿਆਲਾ/ ਸਤੰਬਰ 9, 2023

ਪੰਜਾਬੀ ਯੂਨੀਵਰਸਿਟੀ ਨੇ ਇਸ ਵਾਰ ਲੜਕਿਆਂ ਨੂੰ ਵੀ ਪ੍ਰਾਈਵੇਟ ਤੌਰ ਉੱਤੇ ਐੱਮ. ਏ. ਅਤੇ ਬੀ. ਏ. ਕੋਰਸ ਕਰਵਾਉਣ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਾਈਵੇਟ ਇਮਤਿਹਾਨ ਦੀ ਇਹ ਸੁਵਿਧਾ ਸਿਰਫ਼ ਲੜਕੀਆਂ ਲਈ ਹੀ ਸੀ। ਯੂਨੀਵਰਸਿਟੀ ਨੇ ਇਸ ਸੰਬੰਧੀ ਹਦਾਇਤਾਂ ਆਪਣੀ ਵੈਬਸਾਈਟ ਉੱਤੇ ਪ੍ਰਦਰਸ਼ਿਤ ਕਰ ਦਿੱਤੀਆਂ ਹਨ।

ਪ੍ਰਾਈਵੇਟ ਤੌਰ ਉੱਤੇ ਬੀ.ਏ. ਕੋਰਸ ਵਿਚ ਅਪੀਅਰ ਹੋਣ ਲਈ ਪਾਤਰਤਾ/ਜ਼ਰੂਰੀ ਹਦਾਇਤਾਂ ਵਿੱਚ ਸ਼ਾਮਿਲ ਹੈ ਕਿ ਹਰੇਕ ਭਾਗ/ਸਮੈਸਟਰ ਵਿਚ ਇਮਤਿਹਾਨ ਨੂੰ ਪਾਸ ਕਰਨ ਲਈ ਲੋੜੀਂਦੇ ਅੰਕਾਂ ਦੀ ਨਿਊਨਤਮ ਸੰਖਿਆ ਹਰੇਕ ਵਿਸ਼ੇ ਵਿਚ 35 ਪ੍ਰਤੀਸ਼ਤ ਹੋਵੇਗੀ। ਪ੍ਰਾਈਵੇਟ ਵਿਦਿਆਰਥੀਆਂ ਵਾਸਤੇ ਕੋਈ ਅੰਦਰੂਨੀ ਮੁਲਾਂਕਣ ਨਹੀਂ ਹੋਵੇਗਾ। ਬੀ.ਏ. ਭਾਗ ਪਹਿਲਾ ਦੇ ਪ੍ਰਾਈਵੇਟ ਵਿਦਿਆਰਥੀਆਂ ਦੀ ਪ੍ਰੀਖਿਆ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਕਾਲਜ/ਐਫੀਲਿਏਟਡ ਕਾਲਜ ਵਿਖੇ ਹੀ ਹੋਵੇਗੀ। ਪ੍ਰਾਈਵੇਟ ਵਿਦਿਆਰਥੀ ਪ੍ਰੈਕਟੀਕਲ ਵਿਸਾ ਨਹੀਂ ਲੈ ਸਕਦਾ।

ਜਿਨ੍ਹਾਂ ਵਿਦਿਆਰਥੀਆਂ ਦੀ ਬਾਰਵੀਂ (+2) ਦੇ ਵਿਸ਼ੇ ਵਿੱਚ ਰੀਅਪੀਅਰ ਹੈ, ਉਹਨਾਂ ਵਿਦਿਆਰਥੀਆਂ ਨੂੰ ਉਸੇ ਸਾਲ ਦੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਆਪਣੀ ਰੀਅਪੀਅਰ ਦੀ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸ ਦਾ ਬੀ.ਏ.ਭਾਗ-ਪਹਿਲਾ ਕੋਰਸ ਵਿਚ ਦਾਖਲਾ ਆਪਣੇ ਆਪ ਰੱਦ ਹੋ ਜਾਵੇਗਾ। ਯੂਨੀਵਰਸਿਟੀ ਵਿਖੇ ਪ੍ਰੀਖਿਆ ਫਾਰਮ ਦੀ ਵੈਰੀਫਿਕੇਸ਼ਨ ਕਰਵਾਉਣ ਸਮੇਂ ਵਿਦਿਆਰਥੀ +2 ਦਾ ਆਪਣਾ ਅਸਲ ਸਰਟੀਫਿਕੇਟ ਲੈ ਕੇ ਆਉਣ। ਫੋਟੋ ਕਾਪੀ ਉੱਤੇ ਪੁਸ਼ਟੀ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਵਿਦਿਆਰਥੀਆਂ ਵੱਲੋਂ ਬਾਰਵੀਂ (+2) ਸੀ.ਬੀ.ਐਸ.ਈ. ਬੋਰਡ ਜਾਂ ਕੋਈ ਕਿਸੇ ਹੋਰ ਬੋਰਡ ਤੋਂ ਕੀਤੀ ਹੈ, ਉਹ ਵਿਦਿਆਰਥੀ ਆਪਣੇ ਅਸਲ ਮਾਈਗ੍ਰੇਸ਼ਨ ਸਰਟੀਫਿਕੇਟ ਵੈਰੀਫਿਕੇਸ਼ਨ ਸਮੇਂ ਨਾਲ ਲੈ ਕੇ ਜ਼ਰੂਰ ਆਉਣ। ਪੱਕੇ ਤੌਰ ਉੱਤੇ ਅੰਗਹੀਣ ਉਮੀਦਵਾਰਾਂ ਨੂੰ ਪ੍ਰੀਖਿਆ ਫ਼ੀਸ ਤੋਂ ਛੋਟ ਯੂਨੀਵਰਸਿਟੀ ਨਿਯਮਾਂ ਅਨੁਸਾਰ ਜ਼ਿਲ੍ਹੇ ਦੇ ਸਿਵਲ ਸਰਜਨ ਵੱਲੋਂ ਤਸਦੀਕ ਅਪਾਹਜ ਸਰਟੀਫਿਕੇਟ ਦੇ ਤਾਬੇ ਹੋਵੇਗੀ। ਅਯੋਗ ਘੋਸ਼ਿਤ ਹੋਣ ਦੀ ਸੂਰਤ ਵਿੱਚ ਜਾਂ ਕਿਸੇ ਵੀ ਸਥਿਤੀ ਵਿਚ ਪ੍ਰੀਖਿਆ ਫ਼ੀਸ/ਲੇਟ ਫ਼ੀਸ/ਵਾਧੂ ਫ਼ੀਸ ਜੋ ਇਕ ਵਾਰ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ, ਉਹ ਵਾਪਸੀਯੋਗ ਨਹੀ ਹੋਵੇਗੀ ਅਤੇ ਨਾ ਹੀ ਕਿਸੇ ਹੋਰ ਪ੍ਰੀਖਿਆ ਵਿਚ ਅਡਜਸਟ ਹੋਵੇਗੀ। ਪ੍ਰੀਖਿਆ ਫਾਰਮ ਵਿੱਚ ਕਿਸੇ ਵੀ ਤਰ੍ਹਾਂ ਦੀ ਗ਼ਲਤ ਜਾਣਕਾਰੀ ਦੇਣ ਦੀ ਸੂਰਤ ਵਿੱਚ ਦਾਖ਼ਲਾ ਕੈਂਸਲ ਕੀਤਾ ਜਾ ਸਕਦਾ ਹੈ, ਜਿਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਵਿਦਿਆਰਥੀ ਦੀ ਹੋਵੇਗੀ।

ਪੰਜਾਬੀ ਯੂਨੀਵਰਸਿਟੀ ਦਾ ਵੱਡਾ ਫੈਸਲਾ;ਇਸ ਵਾਰ ਲੜਕੇ ਵੀ ਦੇ ਸਕਣਗੇ ਪ੍ਰਾਈਵੇਟ ਇਮਤਿਹਾਨ

ਪ੍ਰਾਈਵੇਟ ਤੌਰ ਉੱਤੇ ਦਾਖ਼ਲ ਹੋਏ ਵਿਦਿਆਰਥੀ ਜੇਕਰ ਸਮੈਸਟਰ-1 ਵਿੱਚ ਲੌਕ ਕੀਤੇ ਹੋਏ ਪੇਪਰਾਂ ਵਿਚ ਕੋਈ ਤਬਦੀਲੀ ਕਰਨਾ ਚਾਹੁੰਦੇ ਹਨ ਤਾਂ ਉਹ ਵਿਦਿਆਰਥੀ ਸਮੈਸਟਰ-1 ਦੇ ਪੇਪਰ ਸ਼ੁਰੂ ਹੋਣ ਤੋਂ ਇੱਕ ਮਹੀਨੇ ਪਹਿਲਾਂ ਨਿਯਮਾਂ ਅਨੁਸਾਰ ਫ਼ੀਸ ਭਰ ਕੇ ਕਰ ਸਕਦੇ ਹਨ ਅਤੇ ਜੇਕਰ ਵਿਦਿਆਰਥੀ ਆਪਣਾ ਵਿਸ਼ਾ/ਪੇਪਰ ਪ੍ਰੀਖਿਆ ਤੋਂ 20 ਦਿਨਾਂ ਪਹਿਲਾਂ ਬਦਲਣ ਲਈ ਬੇਨਤੀ ਕਰਦੇ ਹਨ ਤਾਂ ਉਹ ਵਿਦਿਆਰਥੀ ਨਿਯਮਾਂ ਅਨੁਸਾਰ ਵਿਸ਼ਾ ਬਦਲਣ ਦੀ ਫ਼ੀਸ ਭਰਨ ਉੱਤੇ ਨਾਲ਼ ਨਾਲ਼ ਆਪਣਾ ਬਦਲਿਆ ਹੋਇਆ ਪੇਪਰ ਉਸੇ ਪ੍ਰੀਖਿਆ ਕੇਂਦਰ ਵਿਚ ਦੇਣਗੇ, ਜਿੱਥੇ ਬਦਲਿਆ ਹੋਇਆ ਪੇਪਰ ਸਬੰਧਤ ਸੈੱਟ ਵਲੋਂ ਭੇਜਿਆ ਹੋਵੇਗਾ।

ਬੀ.ਏ. ਭਾਗ ਪਹਿਲਾ (ਪਹਿਲਾ ਸਮੈਸਟਰ) ਪ੍ਰਾਈਵੇਟ ਦੇ ਵਿਦਿਆਰਥੀ ਪਾਤਰਤਾ ਚੈੱਕ ਕਰਵਾਉਣ ਲਈ ਸੰਬੰਧਿਤ ਅਸਲ ਦਸਤਾਵੇਜ਼ 15 ਅਕਤੂਬਰ ਤੋਂ ਬਾਅਦ ਜਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਤੱਕ ਚੈਕ ਕਰਵਾਉਣ ਲਈ ਖੁਦ ਆ ਸਕਦੇ ਹਨ। ਕੇਵਲ ਕੰਮ-ਕਾਜ ਵਾਲੇ ਦਿਨ ਹੀ ਆਉਣਾ ਹੋਵੇਗਾ ਜਾਂ ਰਜਿਸਟਰਡ ਡਾਕ/ਕੋਰੀਅਰ ਰਾਹੀਂ ‘ਨਿਗਰਾਨ, ਬੀ.ਏ. ਭਾਗ ਪਹਿਲਾ, ਪ੍ਰਬੰਧਕੀ ਬਲਾਕ ਨੰਬਰ: 1, ਪੰਜਾਬੀ ਯੂਨੀਵਰਸਿਟੀ, ਪਟਿਆਲਾ’ ਪਤੇ ਉੱਤੇ ਭੇਜ ਸਕਦੇ ਹਨ।

ਇਸੇ ਤਰ੍ਹਾਂ ਪ੍ਰਾਈਵੇਟ ਤੌਰ ਉੱਤੇ ਐੱਮ.ਏ. ਵਿਚ ਦਾਖ਼ਲਾ ਲੈਣ ਲਈ ਪਾਤਰਤਾ/ ਜ਼ਰੂਰੀ ਹਦਾਇਤਾਂ ਵਿੱਚ ਸ਼ਾਮਿਲ ਹੈ ਕਿ ਐਮ.ਏ. ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਆਪਣੇ ਜਿਸ ਕੋਰਸ ਦੇ ਆਧਾਰ ਉੱਤੇ ਐੱਮ.ਏ. ਵਿੱਚ ਦਾਖ਼ਲਾ ਲੈ ਰਹੇ ਹਨ, ਉਸ ਦੇ ਅਸਲ ਅੰਕ ਬਿਉਰਾ ਕਾਰਡ ਪ੍ਰੀਖਿਆ ਸ਼ਾਖਾ ਦੇ ਐੱਮ.ਏ. ਸੈੱਟ ਤੇ ਵੈਰੀਫ਼ਾਈ ਕਰਵਾਉਣਗੇ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਬਿਨ੍ਹਾਂ ਦੂਜੀ ਯੂਨੀਵਰਸਿਟੀ ਤੋਂ ਪਾਸ ਕੋਰਸ ਦੇ ਆਧਾਰ ਉੱਤੇ ਐੱਮ.ਏ. ਵਿੱਚ ਦਾਖ਼ਲਾ ਲੈਣ ਵਾਲ਼ੇ ਵਿਦਿਆਰਥੀ ਆਪਣਾ ਅਸਲ ਮਾਈਗ੍ਰੇਸ਼ਨ ਸਰਟੀਫ਼ਿਕੇਟ ਸਬੰਧਤ ਸੈੱਟ ਪ੍ਰੀਖਿਆ ਸ਼ਾਖਾ ਵਿਚ ਜਮ੍ਹਾਂ ਕਰਵਾਉਣਗੇ। ਜਿਹੜੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਨਾਲ਼ ਰਜਿਸਟਰਡ ਨਹੀਂ ਹਨ, ਉਹ ਪ੍ਰੀਖਿਆ ਫ਼ੀਸ ਨਾਲ਼ ਨਿਰਧਾਰਿਤ ਰਜਿਸਟਰੇਸ਼ਨ ਫ਼ੀਸ ਅਤੇ ਵੈਰੀਫਿਕੇਸ਼ਨ ਫ਼ੀਸ ਵੀ ਜ਼ਰੂਰ ਜਮ੍ਹਾਂ ਕਰਵਾਉਣਗੇ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧਿਕਾਰ ਖੇਤਰ ਵਿਚ ਸਿਰਫ਼ ਬਰਨਾਲਾ, ਬਠਿੰਡਾ, ਫਰੀਦਕੋਟ, ਮਾਨਸਾ, ਮੋਹਾਲੀ, ਪਟਿਆਲਾ, ਰੋਪੜ, ਸੰਗਰੂਰ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਜ਼ਿਲ੍ਹੇ ਆਉਂਦੇ ਹਨ।

ਐੱਮ.ਏ. ਪੰਜਾਬੀ, ਡਿਫੈਂਸ ਸਟੱਡੀਜ਼, ਸੰਸਕ੍ਰਿਤ, ਉਰਦੂ ਅਤੇ ਪਰਸ਼ੀਅਨ ਵਿਸ਼ਿਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੇ ਵਿਦਿਆਰਥੀ ਐੱਮ.ਏ. ਪ੍ਰਾਈਵੇਟ ਵਿਚ ਦਾਖ਼ਲਾ ਨਹੀਂ ਲੈ ਸਕਦੇ। ਐੱਮ.ਏ. ਸਮੈਸਟਰ ਤੀਜਾ ਵਿਚ ਅਪੀਅਰ ਹੋਣ ਲਈ ਸਮੈਸਟਰ ਪਹਿਲੇ ਅਤੇ ਦੂਜੇ ਦੇ ਕੁੱਲ ਪੇਪਰਾਂ ਵਿੱਚੋਂ 50 ਪ੍ਰਤੀਸ਼ਤ ਪੇਪਰ ਪਾਸ ਹੋਣੇ ਜ਼ਰੂਰੀ ਹਨ। ਜੇਕਰ ਕੋਈ ਵਿਦਿਆਰਥੀ ਫਾਰਮ ਭਰਨ ਤੋਂ ਬਾਅਦ ਐੱਮ.ਏ. ਦਾ ਵਿਸ਼ਾ ਬਦਲਣਾ ਚਾਹੁੰਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਵਿਦਿਆਰਥੀ ਨੂੰ ਦੁਬਾਰਾ ਫਾਰਮ ਅਤੇ ਫ਼ੀਸ ਭਰਨੀ ਪਵੇਗੀ, ਉਸ ਵੱਲੋਂ ਪਹਿਲਾਂ ਜਮ੍ਹਾਂ ਕਰਵਾਈ ਫ਼ੀਸ ਵਾਪਸੀਯੋਗ ਨਹੀਂ ਹੋਵੇਗੀ ਅਤੇ ਐਡਜਸਟ ਵੀ ਨਹੀਂ ਹੋਵੇਗੀ। ਐਮ.ਏ. ਭਾਗ ਪਹਿਲਾ (ਪਹਿਲਾ ਸਮੈਸਟਰ) ਪ੍ਰਾਈਵੇਟ ਦੇ ਵਿਦਿਆਰਥੀ ਪਾਤਰਤਾ ਚੈੱਕ ਕਰਵਾਉਣ ਲਈ ਸੰਬੰਧਿਤ ਅਸਲ ਦਸਤਾਵੇਜ਼ 15 ਅਕਤੂਬਰ ਤੋਂ ਬਾਅਦ ਜਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਤੱਕ ਖੁਦ ਆ ਸਕਦੇ ਹਨ ਜਾਂ ਰਜਿਸਟਰਡ ਡਾਕ/ਕੋਰੀਅਰ ਰਾਹੀਂ ‘ਨਿਗਰਾਨ, ਐੱਮ.ਏ. ਭਾਗ ਪਹਿਲਾ, ਪ੍ਰਬੰਧਕੀ ਬਲਾਕ ਨੰਬਰ: 1, ਪੰਜਾਬੀ ਯੂਨੀਵਰਸਿਟੀ, ਪਟਿਆਲਾ’ ਪਤੇ ਉੱਤੇ ਭੇਜ ਸਕਦੇ ਹਨ।