ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ਵਿਚ ਹਰਜੋਤ ਬੈਂਸ ਤੁਰੰਤ ਅਸਤੀਫਾ ਦੇਣ: ਡਾ. ਦਲਜੀਤ ਸਿੰਘ ਚੀਮਾ

173

ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ਵਿਚ ਹਰਜੋਤ ਬੈਂਸ ਤੁਰੰਤ ਅਸਤੀਫਾ ਦੇਣ: ਡਾ. ਦਲਜੀਤ ਸਿੰਘ ਚੀਮਾ

ਬਹਾਦਰਜੀਤ  ਸਿੰਘ/ਰੂਪਨਗਰ,22 ਅਕਤੂਬਰ,2023

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਫਰੰਟ ਦੇ ਮੈਂਬਰ ਬਲਵਿੰਦਰ ਕੌਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਅੱਜ ਬਲਵਿੰਦਰ ਕੌਰ ਦੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਤੇ ਦੁਖਦਾਈ ਘਟਨਾ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਮ੍ਰਿਤਕ ਦੀ ਦੇਹ ਲੱਭਣ ਵਾਸਤੇ ਸੰਜੀਦਗੀ ਨਾਲ ਯਤਨ ਕੀਤੇ ਜਾਣ ਅਤੇ ਐਸ ਆਈ ਟੀ ਬਣਾ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

ਡਾ. ਚੀਮਾ ਨੇ ਕਿਹਾ ਕਿ ਖੁਦਕੁਸ਼ੀ ਦੇ ਨੋਟ ਵਿਚ ਜੋ ਕੁਝ ਸਾਹਮਣੇ ਆਇਆ, ਉਹ ਬੇਹੱਦ ਦੁਖਦਾਈ ਹੈ। ਉਹਨਾਂ ਕਿਹਾ ਕਿ ਇਕ ਪੀ ਐਚ ਡੀ ਸਿੱਖਿਆ ਪ੍ਰਾਪਤ ਲੜਕੀ ਆਪਣੇ ਸਾਥੀਆਂ ਨਾਲ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ। ਉਹਨਾਂ ਕਿਹਾ ਕਿ ਖੁਦਕੁਸ਼ੀ ਨੋਟ ਵਿਚ ਮਹਿਕਮੇ ਦੇ ਮੰਤਰੀ ਦਾ ਨਾਂ ਵੀ ਲਿਖਿਆ ਹੈ। ਇਹ ਵੀ ਲਿਖਿਆ ਹੈ ਕਿ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ। ਉਹਨਾਂ ਕਿਹਾ ਕਿ ਖੁਦਕੁਸ਼ੀ ਨੋਟ ਤੋਂ ਪਤਾ ਲੱਗਦਾ ਹੈ ਕਿ ਬਲਵਿੰਦਰ ਕੌਰ ਕਿੰਨੇ ਮਾਨਸਿਕ ਤਣਾਅ ਸੀ।

ਉਹਨਾਂ ਕਿਹਾ ਕਿ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਬਹੁਤ ਨਿੰਦਣਯੋਗ ਹੈ ਜਿਸਨੇ ਪਤੀ ਤੇ ਸਹੁਰਾ ਸਾਹਿਬ ਨੂੰ ਹਿਰਾਸਤ ਵਿਚ ਲੈ ਲਿਆਹੈ।  ਉਹਨਾਂ ਕਿਹਾ ਕਿ ਇਹਨਾਂ ਯਤਨਾਂ ਨਾਲ ਇਨਸਾਫ ਦੀ ਆਸ ਪਹਿਲੇ ਦਿਨ ਤੋਂ ਹੀ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ਵਿਚ ਹਰਜੋਤ ਬੈਂਸ ਤੁਰੰਤ ਅਸਤੀਫਾ ਦੇਣ: ਡਾ. ਦਲਜੀਤ ਸਿੰਘ ਚੀਮਾ

ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹਨ ਕਿ ਉਹ ਆਪ ਬਲਵਿੰਦਰ ਕੌਰ ਦੇ ਖੁਦਕੁਸ਼ੀ ਨੋਟ ਨੁੰ ਜ਼ਰੂਰ ਪੜ੍ਹਨ ਤਾਂ ਜੋ ਪਤਾ ਲੱਗ ਸਕੇ ਕਿ ਕਿੰਨੀ ਮਾਨਸਿਕ ਪੀੜਾ ਵਿਚੋਂ ਇਹ ਬੱਚੇ ਲੰਘ ਰਹੇ ਹਨ। ਉਹਨਾਂ ਨੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਨੂੰ ਇਸ ਰਾਹ ’ਤੇ ਨਹੀਂ ਪੈਣਾ ਚਾਹੀਦਾ। ਉਹਨਾਂ ਕਿਹਾ ਕਿ ਜੀਵਨ ਵਿਚ ਸੰਘਰਸ਼ ਕਰਨਾ ਚਾਹੀਦਾ ਹੈ ਤੇ ਹਥਿਆਰ ਨਹੀਂ ਸੁੱਟਣੇ ਚਾਹੀਦੇ।

ਡਾ. ਚੀਮਾ ਨੇ ਮੰਤਰੀ ਹਰਜੋਤ ਬੈਂਸ ਨੂੰ ਵੀ ਆਖਿਆ ਕਿ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਤੇ ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਮੁੱਖ ਮੰਤਰੀ ਨੂੰ ਉਹਨਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ।