ਐਸ ਪੀ ਐਸ ਓਬਰਾਏ ਦੇ ਪ੍ਰਾਜੈਕਟ ਨੂੰ ਆਪਣਾ ਦੱਸ ਕੇ ਸੇਵਾਮੁਕਤ ਕਮਾਂਡੈਂਟ ਨਾਲ ਧੋਖਾਧੜੀ ਦੇ ਦੋਸ਼; ਮਾਮਲਾ ਦਰਜ ਹੋਣ ਮਗਰੋਂ ਵੀ ਪੁਲਿਸ ਚਲਾਨ ਪੇਸ਼ ਨਹੀਂ ਕਰ ਸਕੀ

269

ਐਸ ਪੀ ਐਸ ਓਬਰਾਏ ਦੇ ਪ੍ਰਾਜੈਕਟ ਨੂੰ ਆਪਣਾ ਦੱਸ ਕੇ ਸੇਵਾਮੁਕਤ ਕਮਾਂਡੈਂਟ ਨਾਲ ਧੋਖਾਧੜੀ ਦੇ ਦੋਸ਼; ਮਾਮਲਾ ਦਰਜ ਹੋਣ ਮਗਰੋਂ ਵੀ ਪੁਲਿਸ ਚਲਾਨ ਪੇਸ਼ ਨਹੀਂ ਕਰ ਸਕੀ

ਪਟਿਆਲਾ, 15 ਨਵੰਬਰ,2023:

ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ (ਸੀ ਆਈ ਐਸ ਐਫ) ਦੇ ਸੇਵਾ ਮੁਕਤ ਕਮਾਡੈਂਟ ਪਵਨ ਕੁਮਾਰ ਨੇ ਕਿਹਾ ਹੈ ਕਿ ਇਕ ਵਕੀਲ ਤੇ ਉਸਦੇ ਸਾਥੀ ਨੇ ਪ੍ਰਸਿੱਧ ਸਮਾਜ ਸੇਵੀ ਐਸ ਪੀ ਐਸ ਓਬਰਾਏ ਦੇ ਪ੍ਰਾਜੈਕਟ ਨੁੰ ਆਪਣਾ ਦੱਸ ਕੇ ਉਹਨਾਂ ਨਾਲ 16 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ ਤੇ ਧੋਖੇ ਦਾ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਮਾਮਲੇ ਵਿਚ ਚਲਾਨ ਪੇਸ਼ ਨਹੀਂ ਕਰ ਸਕੀ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਕਮਾਂਡੈਂਟ ਪਵਨ ਕੁਮਾਰ ਨੇ ਦੱਸਿਆ ਕਿ ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਜਾਂਚ ਮਗਰੋਂ ਤਿੰਨ ਮੁਲਜ਼ਮਾਂ ਖਿਲਾਫ 20 ਅਪ੍ਰੈਲ 2022 ਨੂੰ ਥਾਣਾ ਸਦਰ ਪਟਿਆਲਾ ਵਿਚ ਧੋਖਾਧੜੀ ਤੇ ਜਾਅਲਸਾਜ਼ੀ ਦਾ ਕੇਸ ਦਰਜ ਵੀ ਕੀਤਾ ਗਿਆ ਪਰ ਇਸਦੇ ਬਾਵਜੂਦ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ।

ਉਹਨਾਂ ਦੱਸਿਆ ਕਿ ਉਹਨਾਂ ਦੀ ਪੋਸਟਿੰਗ ਦਿੱਲੀ ਤੇ ਛਤੀਸਗੜ੍ਹ ਵਿਚ ਰਹੀ ਹੈ। ਛਤੀਸਗੜ੍ਹ ਦੇ ਟਰੇਨਿੰਗ ਕਾਲਜ ਵਿਚ ਬਤੌਰ ਪ੍ਰਿੰਸੀਪਲ ਤੇ ਭਿਲਾਈ ਸਟੀਲ ਦੇ ਸੁਰੱਖਿਆ ਕਮਾਂਡੈਂਟ ਰਹਿੰਦਿਆਂ ਉਹ ਸੇਵਾ ਮੁਕਤ ਹੋਏ। ਉਹਨਾਂ ਦੱਸਿਆ ਕਿ ਸੇਵਾ ਮੁਕਤੀ ਮਗਰੋਂ ਉਹ ਪਟਿਆਲਾ ਆ ਗਏ।

ਪਟਿਆਲਾ ਦੇ ਵਕੀਲ ਤਰਸੇਮ ਚੰਦ ਜ਼ਿੰਦਲ ਤੇ ਰਤਨਾਕਰ ਪਪਨੇਜਾ ਨਾਲ ਉਹਨਾਂ ਦੀ ਮੁਲਾਕਾਤ 36 ਕਮਾਂਡੋ ਬਟਾਲੀਅਨ ਬਹਾਦਰਗੜ੍ਹ ਵਿਚ ਲੱਗੇ ਖੂਨਦਾਨ ਕੈਂਪ ਵਿਚ ਹੋਈ ਤੇ ਇਹ ਮੁਲਾਕਾਤ ਦੋਸਤੀ ਵਿਚ ਬਦਲ ਗਏ।

ਉਹਨਾਂ ਦੱਸਿਆ ਕਿ ਟੀ ਸੀ ਜ਼ਿੰਦਲ ਨੇ ਉਹਨਾਂ ਨੂੰ ਗੋਲਡ ਕਲੱਬ ਤੇ ਮਾਈ ਜੀ ਦੀ ਰਸੋਈ ਬਹਾਦਰਗੜ੍ਹ ਵਿਖਾਉਂਦਿਆਂ ਕਿਹਾ ਕਿ ਕਮਾਂਡੋ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਚੰਗੀਆਂ ਸਹੂਲਤਾਂ ਲਈ ਪੈਸੇ ਦੀ ਲੋੜ ਹੈ ਤੇ ਇਸ ਵਾਸਤੇ ਉਹ ਇਸ ਬਿਜ਼ਨਸ ਵਿਚ ਆਪਣਾ ਪੈਸਾ ਲਗਾ ਦਿੰਦੇ ਹਨ ਤਾਂ ਉਹਨਾਂ ਨੂੰ ਵਿਆਜ਼ ਸਮੇਤ ਮੋੜ ਦਿੱਤਾ ਜਾਵੇਗਾ।ਟੀ ਸੀ ਜ਼ਿੰਦਲ ਨੇ ਮਸ਼ਹੂਰ ਸਮਾਜ ਸੇਵੀ ਐਸ ਪੀ ਐਸ ਓਬਰਾਏ ਨਾਲ ਪਾਰਟਨਰਸ਼ਿਪ ਦੇ ਕਾਗਜ਼ ਵੀ ਵਿਖਾਏ ਜਿਸ ’ਤੇ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਤੇ ਉਹਨਾਂ 16 ਲੱਖ ਰੁਪਏ ਟੀ ਸੀ ਜ਼ਿੰਦਲ ਤੇ ਰਤਨਾਕਰ ਪਪਨੇਜਾ ਨੂੰ ਦਿੱਤੇ। ਜਦੋਂ ਦੋ ਮਹੀਨਿਆਂ ਮਗਰੋਂ ਉਹਨਾਂ ਪੈਸੇ ਵਾਪਸ ਮੰਗੇ ਤਾਂ ਉਹਨਾਂ ਨਾਂਹ ਕਰ ਦਿੱਤੀ।

ਐਸ ਪੀ ਐਸ ਓਬਰਾਏ ਦੇ ਪ੍ਰਾਜੈਕਟ ਨੂੰ ਆਪਣਾ ਦੱਸ ਕੇ ਸੇਵਾਮੁਕਤ ਕਮਾਂਡੈਂਟ ਨਾਲ ਧੋਖਾਧੜੀ ਦੇ ਦੋਸ਼; ਮਾਮਲਾ ਦਰਜ ਹੋਣ ਮਗਰੋਂ ਵੀ ਪੁਲਿਸ ਚਲਾਨ ਪੇਸ਼ ਨਹੀਂ ਕਰ ਸਕੀ
SPS Oberoi

ਉਹਨਾਂ ਕਿਹਾ ਕਿ ਜਦੋਂ ਉਹ ਮਾਮਲੇ ਦੀ ਡੂੰਘਾਈ ਤੱਕ ਗਏ ਤਾਂ ਪਤਾ ਲੱਗਾ ਕਿ ਸਾਰਾ ਪੈਸਾ ਸਮਾਜ ਸੇਵੀ ਐਸ ਪੀ ਐਸ ਓਬਰਾਏ ਖਰਚ ਕਰ ਰਹੇ ਸਨ ਤੇ ਪ੍ਰਾਜੈਕਟ ਦੇ ਵਿਕਾਸ ਦੇ ਨਾਂ ’ਤੇ ਇਹ ਲੋਕ ਸਿਰਫ ਠੱਗੀ ਮਾਰ ਰਹੇ ਸਨ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਸੀ ਆਈ ਏ ਸਮਾਣਾ, ਡੀ ਐਸ ਪੀ ਸਪੈਸ਼ਲ ਬ੍ਰਾਂਚ ਕ੍ਰਿਮੀਨਲ ਇੰਟੈਲੀਜੈਂਸ ਨੇ ਸਾਰੇ ਮਾਮਲੇ ਦੀ ਜਾਂਚ ਕਰ ਰਤਨਾਕਰ ਪਪਨੇਜਾ, ਵਕੀਲ ਤਰਸੇਮ ਚੰਦ ਜ਼ਿੰਦਲ ਤੇ ਅਨੁਰਾਗ ਪਪਨੇਜਾ ਖਿਲਾਫ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਹਾਲੇ ਤੱਕ ਕੋਰਟ ਵਿਚ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਜ਼ਿੰਦਲ ਨੂੰ ਪੇਸ਼ ਹੋਣ ਵਾਸਤੇ ਕਿਹਾ ਤੇ ਜਦੋਂ ਪੇਸ਼ ਨਾ ਹੋਇਆ ਤਾਂ 15 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ।

ਮੁਲਜ਼ਮਾਂ ਖਿਲਾਫ ਕੇਸ ਦਰਜ, ਬਣੇ ਭਗੌੜੇ
ਇਸ ਮਾਮਲੇ ਵਿਚ ਐਸ ਪੀ ਐਸ ਓਬਰਾਏ ਨਾਲ ਸੂਤਰਾਂ ਰਾਹੀਂ ਸੰਪਰਕ ਕਰਨ ’ਤੇ ਉਹਨਾਂ ਦੱਸਿਆ ਕਿ ਇਹਨਾਂ ਮੁਲਜ਼ਮਾਂ ਖਿਲਾਫ ਇਕ ਸਾਲ ਪਹਿਲਾਂ ਹੀ ਕੇਸ ਦਰਜ ਕਰਵਾ ਦਿੱਤਾ ਸੀ ਤੇ ਇਹ ਭਗੌੜੇ ਬਣੇ ਹੋਏ ਹਨ ਤੇ ਵਕੀਲ ਦਾ ਲਾਇਸੰਸ ਵੀ ਮੁਅੱਤਲ ਕਰ ਦਿੱਤਾ ਗਿਆ ਹੈ।