ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਪ੍ਰੀਖਿਆਵਾਂ ਸਮੇਂ ਸਿਰ ਮੁਕੰਮਲ ਕਰਨ ਹਿਤ ਪੂਰਨ ਸਹਿਯੋਗ ਦੇਣ ਬਾਰੇ ਅਧਿਆਪਕਾਂ ਨੂੰ ਕੀਤੀ ਅਪੀਲ

571

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਪ੍ਰੀਖਿਆਵਾਂ ਸਮੇਂ ਸਿਰ ਮੁਕੰਮਲ ਕਰਨ ਹਿਤ ਪੂਰਨ ਸਹਿਯੋਗ ਦੇਣ ਬਾਰੇ ਅਧਿਆਪਕਾਂ ਨੂੰ ਕੀਤੀ ਅਪੀਲ

ਪਟਿਆਲਾ / ਦਸੰਬਰ 17, 2023

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਯੂਨੀਵਰਸਿਟੀ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯੂਨੀਵਰਸਿਟੀ ਵਿੱਚ ਚੱਲ ਰਹੀਆਂ ਪ੍ਰੀਖਿਆਵਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਹਿਤ ਪੂਰਨ ਸਹਿਯੋਗ ਦੇਣ।

ਆਪਣੀ ਅਪੀਲ ਰਾਹੀਂ ਉਨ੍ਹਾਂ ਕਿਹਾ ਕਿ ਇਸ ਸਮੇਂ ਯੂਨੀਵਰਸਿਟੀ ਵਿੱਚ ਅਗਸਤ ਦਸੰਬਰ 2023 ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਬੜੇ ਲੰਮੇ ਸਮੇਂ ਬਾਅਦ ਅਜਿਹਾ ਹੋ ਰਿਹਾ ਹੈ ਕਿ ਯੂਨੀਵਰਸਿਟੀ ਆਪਣਾ ਸਮੈਸਟਰ ਸਮੇਂ ਸਿਰ ਖਤਮ ਕਰ ਰਹੀ ਹੈ। ਪਿਛਲੇ ਸਮੇਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਰਹੀਆਂ ਹਨ। ਕੋਵਿਡ ਤੋਂ ਬਾਅਦ ਪਹਿਲੀ ਵਾਰ ਇਹ ਸਮੈਸਟਰ ਸਮੇਂ ਸਿਰ ਖਤਮ ਹੋਣ ਜਾ ਰਿਹਾ ਹੈ। ਹੁਣ ਪ੍ਰੀਖਿਆਵਾਂ ਦੀਆਂ ਮਿਤੀਆਂ ਤੈਅ ਹਨ। ਇਸ ਹਵਾਲੇ ਨਾਲ਼ ਉਨ੍ਹਾਂ ਸਮੂਹ ਅਧਿਆਪਕ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰੀਖਿਆਵਾਂ ਦੇ ਸਮੇਂ ਸਿਰ ਖਾਤਮੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦਾ ਵਿਘਨ ਨਾ ਪਾਉਣ ਦੇਣ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਅਧਿਆਪਕ ਆਪਣੀਆਂ ਬਣਦੀਆਂ ਸੇਵਾਵਾਂ ਨਿਭਾਉਣ।

ਤਨਖਾਹ ਦੇ ਮਾਮਲੇ ਉੱਪਰ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਧਿਆਪਕਾਂ ਦੀ ਨਵੰਬਰ ਮਹੀਨੇ ਦੀ ਤਨਖਾਹ ਜਲਦੀ ਹੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੀ ਵਿੱਤੀ ਹਾਲਤ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਸੁਧਾਰ ਹੋਇਆ ਹੈ। ਪਿਛਲੇ ਸਾਲ ਦਸੰਬਰ ਮਹੀਨੇ ਦੇ ਮੁਕਾਬਲੇ ਇਸ ਵਾਰ ਤਨਖਾਹ ਪੱਖੋਂ ਸਥਿਤੀ ਬਿਹਤਰ ਹੈ। ਪਿਛਲੇ ਸਾਲ ਦਸੰਬਰ ਮਹੀਨੇ ਡੇਢ ਮਹੀਨੇ ਦੀ ਤਨਖਾਹ ਬਕਾਇਆ ਸੀ ਜਦੋਂ ਕਿ ਇਸ ਵਾਰ ਸਿਰਫ 15 ਦਿਨ ਦੀ ਹੀ ਦੇਰੀ ਹੋਈ ਹੈ। ਗ਼ੈਰ ਅਧਿਆਪਨ ਵਿੱਚੋਂ ‘ਸੀ’ ਸ਼੍ਰੇਣੀ ਦੀ ਤਨਖਾਹ ਪਾਈ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਇਹ ਗੱਲ ਵੀ ਵਿਸ਼ੇਸ਼ ਤੌਰ ਉੱਤੇ ਵਰਨਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਆਪਣੀ ਫ਼ੈਕਲਟੀ ਨੂੰ ਅਕਤੂਬਰ 2022 ਤੋਂ ਵਧੇ ਹੋਏ ਗਰੇਡ ਅਨੁਸਾਰ ਤਨਖਾਹ ਦੇਣੀ ਸ਼ੁਰੂ ਕੀਤੀ ਹੋਈ ਹੈ। ਇਹ ਵੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਪ੍ਰੀਖਿਆਵਾਂ ਸਮੇਂ ਸਿਰ ਮੁਕੰਮਲ ਕਰਨ ਹਿਤ ਪੂਰਨ ਸਹਿਯੋਗ ਦੇਣ ਬਾਰੇ ਅਧਿਆਪਕਾਂ ਨੂੰ ਕੀਤੀ ਅਪੀਲ
Punjabi University

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਪ੍ਰੀਖਿਆਵਾਂ ਸਮੇਂ ਸਿਰ ਮੁਕੰਮਲ ਕਰਨ ਹਿਤ ਪੂਰਨ ਸਹਿਯੋਗ ਦੇਣ ਬਾਰੇ ਅਧਿਆਪਕਾਂ ਨੂੰ ਕੀਤੀ ਅਪੀਲI ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਮਤਿਹਾਨ ਕਿਸੇ ਵੀ ਕੀਮਤ ਉੱਤੇ ਪ੍ਰਭਾਵਿਤ ਨਹੀਂ ਹੋਣ ਦੇਣੇ ਚਾਹੀਦੇ ਕਿਉਂਕਿ ਜਦੋਂ ਇਮਤਿਹਾਨ ਮੁਲਤਵੀ ਹੁੰਦੇ ਹਨ ਜਾਂ ਪ੍ਰਭਾਵਿਤ ਹੁੰਦੇ ਹਨ ਤਾਂ ਇਸ ਦਾ ਸਿੱਧਾ ਅਸਰ ਵਿਦਿਆਰਥੀਆਂ ਉੱਤੇ ਪੈਂਦਾ ਹੈ। ਅਜਿਹਾ ਹੋਣ ਨਾਲ ਪੰਜਾਬੀ ਯੂਨੀਵਰਸਿਟੀ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬ, ਖਾਸ ਤੌਰ ਉੱਤੇ ਮਾਲਵਾ ਖੇਤਰ, ਦੇ ਵਿਦਿਆਰਥੀ ਆਪਣੀ ਉਚੇਰੀ ਸਿੱਖਿਆ ਦੇ ਮੰਤਵ ਨਾਲ਼ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਇਸ ਲਈ ਸਾਨੂੰ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਵੱਲ ਸਾਡਾ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਸਾਹਮਣੇ ਆਵੇ।

ਉਨ੍ਹਾਂ ਕਿਹਾ ਕਿ ਹਾਲੇ ਯੂਨੀਵਰਸਿਟੀ ਦੇ ਬਹੁਤ ਸਾਰੇ ਗ਼ੈਰ ਅਧਿਆਪਨ ਕਰਮਚਾਰੀਆਂ (ਸਿਰਫ਼ ‘ਸੀ’ ਸ਼੍ਰੇਣੀ ਨੂੰ ਛੱਡ ਕੇ) ਅਤੇ ਸੇਵਾ ਨਵਿਰਤ ਕਰਮਚਾਰੀਆਂ ਨੂੰ ਵੀ ਨਵੰਬਰ ਮਹੀਨੇ ਦੀ ਤਨਖਾਹ/ਪੈਨਸ਼ਨ ਪ੍ਰਾਪਤ ਨਹੀਂ ਹੋਈ, ਪਰ ਉਨ੍ਹਾਂ ਸਭ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਨ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਤਰਜ਼ ਉੱਤੇ ਅਧਿਆਪਕਾਂ ਤੋਂ ਵੀ ਇਹੋ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਵੀ ਹਰ ਪੱਖੋਂ ਸਹਿਯੋਗ ਦੇਣਗੇ ਅਤੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨਿਰਵਿਘਨ ਕਰਵਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਗੇ।