ਪਟਿਆਲਾ ਲੋਕ ਸਭਾ ਹਲਕੇ ਤੋਂ ਸਰਗਰਮ ਸਮਾਜ ਸੇਵੀ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ
ਪਟਿਆਲਾ, 9 ਮਈ, 2024:
ਨੌਜਵਾਨ ਆਗੂ ਤੇ ਸਰਗਰਮ ਸਮਾਜ ਸੇਵੀ ਜਗਮਿੰਦਰ ਸਿੰਘ ਸਵਾਜਪੁਰ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ।ਇਸ ਦੌਰਾਨ ਸਿੱਖ ਸਦਭਾਵਨਾ ਦਲ ਦੇ ਆਗੂ ਬਲਦੇਵ ਸਿੰਘ ਵਡਾਲਾ, ਡੀ ਐਸ ਪੀ (ਰਿਟਾ) ਬਲਵਿੰਦਰ ਸਿੰਘ ਸੇਖੋਂ ਤੇ ਸਵਾਜਪੁਰ ਤੇ ਸਾਥੀਆਂ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਗਮਿੰਦਰ ਸਿੰਘ ਸਵਾਜਪੁਰ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਆਪਣੇ ਏਜੰਡੇ ਨੂੰ ਤਿਲਾਂਜਲੀ ਦੇ ਕੇ ਸਿਰਫ ਆਪਣੇ ਨਿੱਜੀ ਮੁਫਾਦਾਂ ਵਾਸਤੇ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਸਭ ਤੋਂ ਵੱਧ 100 ਸਾਲ ਪੁਰਾਣੀ ਹੈ ਪਰ ਹੁਣ ਇਹ ਪਾਰਟੀ ਇਕ ਹੀ ਪਰਿਵਾਰ ਦੀ ਜਗੀਰ ਬਣ ਕੇ ਰਹਿ ਗਈ ਹੈ ਤੇ ਜਿਹੜੇ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਵਿਚ ਕੰਮ ਕਰਨੇ ਸੀ, ਉਹ ਸਭ ਵਿਸਾਰ ਦਿੱਤੇ ਹਨ।
ਉਹਨਾਂ ਕਿਹਾ ਕਿ ਇਸੇ ਤਰੀਕੇ ਭਾਜਪਾ ਨੇ ਤਿੰਨ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੇ ਗੁਰਦੁਆਰਾ ਮੰਗੂ ਮੱਠ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਤੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਦਿਆਂ ਨੂੰ ਡਾਂਗਾ ਮਾਰ ਕੇ ਭਜਾਇਆ ਹੈ।
ਉਹਨਾਂ ਕਿਹਾ ਕਿ ਇਸੇ ਹੀ ਤਰੀਕੇ ਕਾਂਗਰਸ ਤੇ ਆਪ ਸਰਕਾਰ ਨੇ ਪੰਜਾਬ ਨਾਲ ਕੀਤਾ ਹੈ। ਪਹਿਲਾਂ ਕਾਂਗਰਸ ਸਰਕਾਰ ਫੇਲ੍ਹ ਸਾਬਤ ਹੋਈ ਤੇ ਆਪਣੇ ਚੋਣ ਵਾਅਦੇ ਪੂਰੇ ਕਰਨ ਤੋਂ ਭੱਜ ਗਈ ਤੇ ਹੁਣ ਆਪ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ।
ਇਸ ਮੌਕੇ ਹਾਜ਼ਰ ਸਿੱਖ ਸਦਭਾਵਨਾ ਦਲ ਦੇ ਆਗੂ ਬਲਦੇਵ ਸਿੰਘ ਵਡਾਲਾ ਤੇ ਸਾਥੀਆਂ ਨੇ ਦੱਸਿਆ ਕਿ ਉਹ 1 ਅਪ੍ਰੈਲ 2024 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ’ਤੇ ਅਰਦਾਸ ਕਰ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ ਵਾਲੇ ਆਗੂਆਂ ਦੀ ਹਮਾਇਤ ਵਿਚ ਤੁਰੇ ਹਨ। ਉਹਨਾਂ ਕਿਹਾ ਕਿ ਹੁਣ ਧਰਨੇ ਦੇਣ ਤੇ ਮੁਜ਼ਾਹਰੇ ਕਰਨ ਦਾ ਸਮਾਂ ਚਲਾ ਗਿਆ, ਹੁਣ ਚੋਣ ਮੈਦਾਨ ਵਿਚ ਜੰਗ ਲੜਨ ਦਾ ਸਮਾਂ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਅਵਤਾਰ ਸਿੰਘ ਨਗਲਾ ਨੂੰ ਉਮੀਦਵਾਰ ਬਣਾਇਆ, ਲੁਧਿਆਣਾ ਤੋਂ ਬੀਬੀ ਹਰਵਿੰਦਰ ਕੌਰ ਨੂੰ ਉਮੀਦਵਾਰ ਬਣਾਇਆ, ਸੰਗਰੂਰ ਵਿਚ ਬਲਵਿੰਦਰ ਸਿੰਘ ਸੇਖੋਂ ਸਾਬਕਾ ਡੀ ਐਸ ਪੀ ਨੂੰ ਆਜ਼ਾਦ ਤੌਰ ’ਤੇ ਹਮਾਇਤ ਦਿੱਤੀ ਤੇ ਅੱਜ ਪਟਿਆਲਾ ਲੋਕ ਸਭਾ ਹਲਕੇ ਤੋਂ ਜਗਮਿੰਦਰ ਸਿੰਘ ਸਵਾਜਪੁਰ ਦੀ ਹਮਾਇਤ ਦਾ ਐਲਾਨ ਕਰਦੇ ਹਾਂ।
ਉਹਨਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਦੀ ਭਲਾਈ ਵਿਚ ਵਿਸ਼ਵਾਸ ਰੱਖਦੇ ਲੋਕਾਂ ਨੂੰ ਜਗਮਿੰਦਰ ਸਿੰਘ ਸਵਾਜਪੁਰ ਦੀ ਹਮਾਇਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਹੁਣ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਹੁਣ ਲੋਕ ਉਹਨਾਂ ਉਮੀਦਵਾਰਾਂ ਵੱਲ ਵੇਖ ਰਹੇ ਹਨ ਜੋ ਉਹਨਾਂ ਦੀ ਬੇਹਤਰੀ ਵਾਸਤੇ ਸਹੀ ਅਰਥਾਂ ਵਿਚ ਚੰਗਾ ਕੰਮ ਕਰ ਸਕਦੇ ਹਨ।
ਪਟਿਆਲਾ ਲੋਕ ਸਭਾ ਹਲਕੇ ਤੋਂ ਸਰਗਰਮ ਸਮਾਜ ਸੇਵੀ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨI ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਚਿਤਰ ਸਿੰਘ, ਗੁਰਜਿੰਦਰ ਸਿੰਘ ਸਵਾਜਪੁਰ, ਚਰਨਜੀਤ ਸਿੰਘ ਬਾਜਵਾ, ਰਮਨਦੀਪ ਸਿੰਘ, ਸਰਤਾਜ ਸਿੰਘ ਅਤੇ ਨਿਰੰਜਣ ਸਿੰਘ ਹਸਨਪੁਰ ਆਦਿ ਪਤਵੰਤੇ ਵੀ ਹਾਜ਼ਰ ਸਨ।