411 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਤੁਰੰਤ ਨਿਯੁਕਤ ਕਰੇ ‘ਆਪ’ ਸਰਕਾਰ : ਪ੍ਰੋ. ਸਮਰਾ

57

411 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਤੁਰੰਤ ਨਿਯੁਕਤ ਕਰੇ ‘ਆਪ’ ਸਰਕਾਰ : ਪ੍ਰੋ. ਸਮਰਾ

ਪਟਿਆਲਾ/ 9 ਨਵੰਬਰ, 2024

1158 ਭਰਤੀ ਤਹਿਤ ਰਹਿੰਦੇ 411 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਤੁਰੰਤ ਨਿਯੁਕਤੀ ਦੀ ਮੰਗ ਦੀ ਹਮਾਇਤ ਕਰਦਿਆਂ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਅੰਮ੍ਰਿਤ ਸਮਰਾ ਨੇ ‘ਆਪ’ ਸਰਕਾਰ ‘ਤੇ ਦੋਸ਼ ਲਾਇਆ ਕਿ ਸਰਕਾਰ 1158 ਭਰਤੀ ਨੂੰ ਅੱਧ ਵਿਚਾਲੇ ਲਟਕਾ ਰਹੀ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਪ੍ਰੋ. ਸਮਰਾ ਨੇ ਕਿਹਾ ਕਿ  600 ਉਮੀਦਵਾਰ ਕਾਲਜਾਂ ਵਿਚ ਨਿਯੁਕਤ ਕਰ ਲਏ ਗਏ ਹਨ ਪਰ 411 ਉਮੀਦਵਾਰਾਂ ਨੂੰ ਹਾਈਕੋਰਟ ਦੇ ਫ਼ੈਸਲੇ ਦੇ ਬਾਵਜੂਦ ਡੇਢ ਮਹੀਨੇ ਤੋਂ ਖੱਜਲ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਦਿਆਂ ‘ਆਪ’ ਸਰਕਾਰ ਭਾਸ਼ਾਵਾਂ ਖ਼ਾਸਕਰ ਮਾਂ-ਬੋਲੀ ਪੰਜਾਬੀ ਨਾਲ ਵਿਤਕਰਾ ਕਰ ਰਹੀ ਹੈ। ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦੀ ਫੂਕ ਨਿੱਕਲ ਰਹੀ ਹੈ ਤੇ ਸਰਕਾਰ ਜਨਤਾ ਦਾ ਪੈਸਾ ਅੰਨ੍ਹੇਵਾਹ ਇਸ਼ਤਿਹਾਰਬਾਜ਼ੀ ‘ਤੇ ਲਾ ਰਹੀ ਹੈ। ਸਰਕਾਰ ਦੀ ਇਸ ਬਦਨੀਤ ਤੇ ਟਾਲਮਟੋਲ ਦੀ ਨੀਤੀ ਤੋਂ ਇਸਦੇ ਲੋਕ ਵਿਰੋਧੀ ਹੋਣ ਦਾ ਪਤਾ ਲੱਗ ਰਿਹਾ ਹੈ। ਪ੍ਰੋ. ਸਮਰਾ ਨੇ 1158 ਫ਼ਰੰਟ ਵੱਲੋਂ ਜ਼ਿਮਨੀ ਚੋਣਾਂ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਵੀ ਹਮਾਇਤ ਕੀਤੀ।

411 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਤੁਰੰਤ ਨਿਯੁਕਤ ਕਰੇ 'ਆਪ' ਸਰਕਾਰ : ਪ੍ਰੋ. ਸਮਰਾ

ਜ਼ਿਕਰਯੋਗ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਮਿਤੀ 23 ਸਤੰਬਰ, 2024 ਨੂੰ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ। ਪੰਜਾਬ ਸਰਕਾਰ ਨੇ ਮਾਣਯੋਗ ਅਦਾਲਤ ਦੇ ਹੁਕਮ ਅਨੁਸਾਰ ਭਰਤੀ ਨੂੰ ਨੇਪਰੇ ਚੜ੍ਹਾਉਣ ਦਾ ਕਾਰਜ ਸ਼ੁਰੂ ਤਾਂ ਕੀਤਾ ਪਰ ਅੱਧ ਵਿਚਾਲੇ ਲਟਕਾ ਦਿੱਤਾ। ਮਸਲਨ 600 ਤੋਂ ਵੱਧ ਸਹਾਇਕ ਪ੍ਰੋਫ਼ੈਸਰ ਕਾਲਜਾਂ ਵਿਚ ਨਿਯੁਕਤ ਹੋ ਚੁੱਕੇ ਹਨ ਪਰ ਪਿੱਛੇ ਬਚਦੇ 411 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਉਮੀਦਵਾਰ ਪਿਛਲੇ ਡੇਢ ਮਹੀਨੇ ਤੋਂ ਨਿਯੁਕਤੀ ਦੀ ਉਡੀਕ ਵਿੱਚ ਹਨ। ਪੰਜਾਬੀ ਦੇ 142, ਅੰਗਰੇਜ਼ੀ ਦੇ 154, ਹਿੰਦੀ ਦੇ 30, ਭੂਗੋਲ ਦੇ 15, ਐਜੂਕੇਸ਼ਨ ਦੇ 03 ਸਹਾਇਕ ਪ੍ਰੋਫ਼ੈਸਰ ਅਤੇ 67 ਲਾਇਬ੍ਰੇਰੀਅਨ ਕਾਲਜਾਂ ਵਿਚ ਨਿਯੁਕਤ ਹੋਣੋਂ ਰਹਿੰਦੇ ਹਨ। ਇਹ ਸਮੁੱਚੀ 1158 ਭਰਤੀ ਦਾ ਲਗਭਗ 34% ਹਿੱਸਾ ਹੈ।