ਵਧੀਕ ਡੀਜੀਪੀ ਪੰਜਾਬ ਆਰ.ਕੇ ਜੈਸਵਾਲ ਨੇ ਰੂਪਨਗਰ ਵਿਖੇ ਚਲਾਏ ਕਾਸੋ ਓਪਰੇਸ਼ਨ ਦਾ ਕੀਤਾ ਨਿਰੀਖਣ

61

ਵਧੀਕ ਡੀਜੀਪੀ ਪੰਜਾਬ ਆਰ.ਕੇ ਜੈਸਵਾਲ ਨੇ ਰੂਪਨਗਰ ਵਿਖੇ ਚਲਾਏ ਕਾਸੋ ਓਪਰੇਸ਼ਨ ਦਾ ਕੀਤਾ ਨਿਰੀਖਣ

ਬਹਾਦਰਜੀਤ ਸਿੰਘ /ਰੂਪਨਗਰ, 14 ਜੂਨ,2025

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਬੈਨਰ ਹੇਠ ਅਪਣਾਈ ਨੀਤੀ ਦੇ ਮੱਦੇਨਜ਼ਰ ਅੱਜ ਵਧੀਕ ਡਾਇਰੈਕਟਰ ਜਨਰਲ ਪੁਲਿਸ, ਪੰਜਾਬ  ਆਰ.ਕੇ. ਜੈਸਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਰੂਪਨਗਰ ਵਿੱਚ ਪੈਦੀਆਂ ਸਾਰੀਆਂ ਸਬ-ਡਵੀਜਨਾਂ ਦੇ ਡਰੱਗ ਹਾਟ-ਸਪਾਟ ਥਾਵਾਂ ਤੇ “ਕਾਰਡਨ ਐਂਡ ਸਰਚ ਓਪਰੇਸ਼ਨ” ਚਲਾਇਆ ਗਿਆ।

ਵਧੀਕ ਡਾਇਰੈਕਟਰ ਜਨਰਲ ਪੁਲਿਸ, ਪੰਜਾਬ  ਆਰ.ਕੇ. ਜੈਸਵਾਲ ਵੱਲੋਂ ਰੂਪਨਗਰ ਸ਼ਹਿਰ ਦੇ ਨੇੜਲੇ ਪਿੰਡ ਸ਼ਾਮਪੁਰਾ ਕਲੋਨੀ ਵਿਖੇ ਇਸ ਸਰਚ ਓਪਰੇਸ਼ਨ ਦੀ ਅਗਵਾਈ ਕੀਤੀ ਗਈ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਸਮੇਤ ਹੋਰ ਵੱਡੀ ਗਿਣਤੀ ’ਚ ਅਧਿਕਾਰੀ ਮੌਜੂਦ ਰਹੇ।

ਇਸ ਮੌਕੇ ਏਡੀਜੀਪੀ ਆਰ ਕੇ ਜੈਸਵਾਲ ਨੇ ਕਿਹਾ ਕਿ ਕਾਸੋ ਆਪ੍ਰੇਸ਼ਨ ’ਚ ਮਾੜੇ ਅਨਸਰਾਂ ਨੂੰ ਗਲਤ ਕੰਮ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਪਰਾਧਾਂ ਨਾਲ ਜੁੜੇ ਹੋਏ ਵਿਅਕਤੀਆਂ ਦੀ ਸ਼ਨਾਖਤ ਕੀਤੇ ਸਥਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਜਿੱਥੇ ਮਾੜੇ ਅਨਸਰਾਂ ’ਚ ਡਰ ਦਾ ਮਾਹੌਲ ਪੈਦਾ ਹੋਵੇਗਾ, ਉੱਥੇ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਵੀ ਕਰਦੇ ਹਨ।

ਉਨ੍ਹਾਂ ਕਿਹਾ ਕਿ ਅਪਰਾਧਾਂ ਨੂੰ ਖਤਮ ਕਰਨਾ, ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਤੇ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢਣਾ ਹੀ ਇਸ ਆਪ੍ਰੇਸ਼ਨ ਦਾ ਮੁੱਖ ਨਿਸ਼ਾਨਾ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਇਸ ਕਾਰਜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨਾ ਨੰਬਰੀ ਮੋਟਰਸਾਈਕਲ ਚਲਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ ਤੇ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਸ਼ਿਕੰਜਾ ਕੱਸ ਕੇ ਪੂਰੇ ਸੂਬੇ ’ਚੋਂ ਅਪਰਾਧ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੀ ਅਲਾਮਤ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।

ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਇਸ “ਕਾਰਡਨ ਐਂਡ ਸਰਚ ਓਪਰੇਸ਼ਨ” ਵਿੱਚ 03 ਐਸ.ਪੀਜ, 07 ਡੀ.ਐਸ.ਪੀਜ. 10 ਇੰਸਪੈਕਟਰ ਅਤੇ 173 ਦੇ ਕਰੀਬ ਪੁਲਿਸ ਮੁਲਾਜਮ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸ “ਕਾਰਡਨ ਐਂਡ ਸਰਚ ਓਪਰੇਸ਼ਨ” ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ 08 ਮੁਕਦਮੇ ਦਰਜ ਰਜਿਸਟਰ ਕਰਕੇ 09 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 85 ਗ੍ਰਾਮ ਨਸ਼ੀਲਾ ਪਾਊਡਰ, 20 ਗ੍ਰਾਮ ਹੈਰੋਇਨ, 250 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ ਗਈਆ ਹਨ।

ਵਧੀਕ ਡੀਜੀਪੀ ਪੰਜਾਬ ਆਰ.ਕੇ ਜੈਸਵਾਲ ਨੇ ਰੂਪਨਗਰ ਵਿਖੇ ਚਲਾਏ ਕਾਸੋ ਓਪਰੇਸ਼ਨ ਦਾ ਕੀਤਾ ਨਿਰੀਖਣ

ਐਸਐਸਪੀ ਨੇ ਖੇਤਰ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਤੁਹਾਡੇ ਆਂਢ-ਗੁਆਂਢ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਜਾਂ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਪਰਾਧਿਕ ਘਟਨਾਵਾਂ ’ਤੇ ਠੱਲ੍ਹ ਪਾਉਣ ਲਈ ਜਨਤਾ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਪੁਲਿਸ ਨੂੰ ਕੀਤੀ ਗਈ ਇਕ ਫੋਨ ਕਾਲ ਕਿਸੇ ਵੱਡੀ ਵਾਰਦਾਤ ਨੂੰ ਵਾਪਰਨ ਤੋਂ ਰੋਕ ਸਕਦੀ ਹੈ।

ਇਸ ਮੌਕੇ ਐਸ ਪੀ (ਹੈਡਕੁਆਰਟਰ) ਅਰਵਿੰਦ ਮੀਨਾ, ਡੀ.ਐਸ.ਪੀ ਰਾਜਪਾਲ ਸਿੰਘ ਗਿੱਲ, ਡੀ.ਐਸ.ਪੀ ਜਸ਼ਨਪ੍ਰੀਤ ਸਿੰਘ, ਡੀ.ਐਸ.ਪੀ ਗੁਰਮੀਤ ਸਿੰਘ, ਐੱਸਐੱਚਓ ਪਵਨ ਚੌਧਰੀ, ਐੱਸਐੱਚਓ ਗੁਰਵਿੰਦਰ ਸਿੰਘ ਢਿੱਲੋਂ, ਐੱਸਐੱਚਓ ਸ਼ਵਿੰਦਰ ਸਿੰਘ ਅਤੇ ਹੋਰ ਪੁਲਿਸ ਕਰਮੀ ਹਾਜ਼ਰ ਸਨ।