50 ਸਾਲ ਬਾਅਦ ਆਪਣੀ ਕਰਮਭੂਮੀ ਤੇ ਪਹੁੰਚੇ ਡਾ. ਉਜਾਗਰ ਸਿੰਘ ਬੰਗਾ
ਪਟਿਆਲਾ/ royalpatiala.in News/ 31 ਦਸੰਬਰ, 2025
ਡਾ. ਉਜਾਗਰ ਸਿੰਘ ਬੰਗਾ ਨੇ ਮਿਤੀ 30 ਦਸੰਬਰ, 1975 ਨੂੰ ਪ੍ਰੋਫੈਸਰ ਗੁਰਸੇਵਕ ਸਿੰਘ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਵਿਖੇ ਬਤੌਰ ਪ੍ਰਿੰਸੀਪਲ ਜੁਆਇੰਨ ਕੀਤਾ ਸੀ ਅੱਜ 50 ਸਾਲ ਬਾਅਦ ਆਪਣੀ ਕਰਮਭੂਮੀ ਤੇ ਪਹੁੰਚੇ।
ਕਾਲਜ ਦੇ ਪ੍ਰੋਫੈਸਰ ਸਾਹਿਬਾਨ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਗਰਮ ਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਫੈਸਰ ਗਗਨਦੀਪ ਕੌਰ ਨੇ ਡਾ. ਉਜਾਗਰ ਸਿੰਘ ਬੰਗਾ ਦੇ ਜੀਵਨ ਦੀਆਂ ਉਪਲੱਬਧੀਆਂ ਤੇ ਚਾਨਣਾ ਪਾਇਆ।
ਪ੍ਰੋਫੈਸਰ ਡਾ. ਤਰਲੋਕ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਡਾ. ਬੰਗਾ ਜੀ ਨੂੰ ਫਿਜ਼ੀਕਲ ਕਾਲਜ ਅਤੇ ਫਿਜ਼ੀਕਲ ਸਿੱਖਿਆ ਦਾ ਬਾਬਾ ਬੋਹੜ ਦੱਸਦੇ ਹੋਏ ਕਿਹਾ ਕਿ ਉਹ ਖੇਡਾਂ ਅਤੇ ਸਿੱਖਿਆ ਦੇ ਸੁਮੇਲ ਦੀ ਇੱਕ ਸੰਸਥਾ ਹਨ। ਜਿਹਨਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਹੀ ਵਿਦਿਆਰਥੀ ਅੱਜ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ।
ਪ੍ਰੋਫੈਸਰ ਡਾ. ਦੇਵ ਰਾਜ ਅੱਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ.ਬਾਂਗਾ ਜੀ ਦੀਆਂ ਖੇਡ ਪ੍ਰਾਪਤੀਆਂ ਨਾਲ ਸਿੱਖਿਆ ਦੇ ਖੇਤਰ ਦੀਆਂ ਪ੍ਰਾਪਤੀਆਂ ਤੋਂ ਵਿਦਿਆਰਥੀਆਂ ਨੂੰ ਸੇਧ ਲੈ ਕੇ ਜੀਵਨ ਵਿੱਚ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਲੈਕਚਰਾਰ ਸ੍ਰੀ ਮਤੀ ਨੀਲਮ ਅੱਤਰੀ ਨੇ ਡਾ. ਬੰਗਾ ਜੀ ਨੂੰ ਇਸ ਸਦੀ ਦੇ ਫਿਜ਼ੀਕਲ ਐਜੂਕੇਸ਼ਨ ਦੇ ਪਿਤਾਮਾ ਕਹਿ ਕੇ ਸੰਬੋਧਿਤ ਕੀਤਾ।

ਇਸ ਮੌਕੇ ਰਿਟਾਇਰਡ ਡਿਪਟੀ ਡਾਇਰੈਕਟਰ (ਸਿੱਖਿਆ ਵਿਭਾਗ)ਡਾ.ਧਰਮਪਾਲ ਜੀ , ਮੈਡਮ ਸੁਪਰਿਆ ਪਵਾਰ , ਸੁਪਰਵਾਈਜ਼ਰ ਸ.ਨਿਰਮਲ ਸਿੰਘ, ਮੈਡਮ ਸਮਨਦੀਪ ਕੌਰ ,ਮੈਡਮ ਆਚਲਪ੍ਰੀਤ ਕੌਰ ਅਤੇ ਅਧਿਆਪਕ ਸ ਹਰਦੀਪ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵਾਇਸ ਆਫ ਕੈਨੇਡਾ,ਅਲਬਰਟਾ ਸਟਾਰ ਨੀਤਿਨ ਸੁਰਾਨ ਨੇ ਆਪਣੀ ਮਧੁਰ ਆਵਾਜ਼ ਨਾਲ ਸਮੂਹ ਸਟਾਫ,ਵਿਦਿਆਰਥੀਆਂ, ਅਤੇ ਪਹੁੰਚੇ ਪਤਵੰਤੇ ਸੱਜਣਾਂ ਨੂੰ ਮੰਤਰ ਮੁਗਧ ਕੀਤਾ।
ਡਾ. ਉਜਾਗਰ ਸਿੰਘ ਬੰਗਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਫਿਜ਼ੀਕਲ ਕਾਲਜ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਫਿਜ਼ੀਕਲ ਕਾਲਜ ਨੂੰ ਯੂਨੀਵਰਸਿਟੀ ਬਣਨ ਦੇ ਸਫ਼ਰ ਨੂੰ ਸਾਂਝਾ ਕੀਤਾ। ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ਼- ਨਾਲ਼ ਸਿੱਖਿਆ ਦੇ ਖੇਤਰ ਵਿੱਚ ਹੋਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਦਿੱਤਾ।











