ਘਨੌਰ ਹਲਕੇ ਦੇ ਰਾਜਪੁਰਾ ਆਈਟੀ ਪ੍ਰੋਜੈਕਟ ਦੇ ਤਹਿਤ ਆਉਂਦੇ 5 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਫੰਡਾਂ ਦੀ ਗੜਬੜੀ ਤੋਂ ਬਾਅਦ ਹੁਣ ਨਲਾਸ ਪਿੰਡ ਦੀ ਪੰਚਾਇਤ ਵਿਜੀਲੈਂਸ ਦੇ ਰਾਡਾਰ ਤੇ
ਪਟਿਆਲਾ /30 ਜੁਲਾਈ,2025
ਘਨੌਰ ਹਲਕੇ ਦੇ ਰਾਜਪੁਰਾ ਆਈਟੀ ਪ੍ਰੋਜੈਕਟ ਦੇ ਤਹਿਤ ਆਉਂਦੇ 5 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਥਿਤ ਰੂਪ ਵਿਚ ਫੰਡਾਂ ਦੀ ਗੜਬੜੀ ਦੀ ਜਾਂਚ ਤੋਂ ਬਾਅਦ ਹੁਣ ਰਾਜਪੁਰਾ ਦੇ ਨਲਾਸ ਪਿੰਡ ਦੀ ਪੰਚਾਇਤ ਤੇ ਵਿਜੀਲੈਂਸ ਦੇ ਰਾਡਾਰ ਤੇ । 2013 ਵਿਚ ਰਾਜਪੁਰਾ ਦੇ ਨਜ਼ਦੀਕ ਨਲਾਸ ਪਿੰਡ ਵਿਚ ਨਾਭਾ ਥਰਮਲ ਪਲਾਂਟ ਐੱਲ ਐਂਡ ਟੀ ਕੰਪਨੀ ਵੱਲੋਂ ਸਥਾਪਤ ਕੀਤਾ ਗਿਆ ਸੀ ।
ਇਸ ਪਲਾਂਟ ਦੇ ਲਈ ਪਿੰਡ ਦੀ ਪੰਚਾਇਤ ਨੂੰ ਜ਼ਮੀਨ ਐਕੁਆਇਰ ਕਰਨ ਦੇ ਬਦਲੇ ਸਰਕਾਰ ਵੱਲੋਂ ਸੱਠ ਕਰੋੜ ਰੁਪਏ ਦਿੱਤੇ ਗਏ ਸਨ
ਮੌਜੂਦਾ ਪੰਚਾਇਤ ਨੇ 2018 ਵਿਚ ਜਦੋਂ ਕਾਰਜਕਾਲ ਸੰਭਾਲਿਆ ਸੀ ਤਾਂ ਇਸ ਦੇ ਖਾਤੇ ਵਿੱਚ 55 ਕਰੋੜ ਰੁਪਏ ਪਏ ਦੱਸੇ ਜਾਂਦੇ ਹਨ ।
ਪਰ ਪਿੰਡ ਦੇ ਕੁਝ ਲੋਕਾਂ ਵੱਲੋਂ ਫੰਡ ਬਚਾਓ ਪਿੰਡ ਬਚਾਓ ਮੁਹਿੰਮ ਦੇ ਤਹਿਤ RTI ਕਢਵਾਉਣ ਤੋਂ ਬਾਅਦ ਇਹ ਪਤਾ ਲੱਗਾ ਕਿ ਪੰਚਾਇਤ ਦੇ ਖਾਤੇ ਵਿਚ ਹੁਣ ਕੇਵਲ 30 ਕਰੋੜ ਦੇ ਕਰੀਬ ਰਕਮ ਰਹਿ ਗਈ ਹੈ ।
ਪਿੰਡ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਮੌਜੂਦਾ ਸਰਪੰਚ ਅਤੇ ਪੰਚਾਇਤ ਵੱਲੋਂ ਸਿਆਸੀ ਸਰਪ੍ਰਸਤਾਂ ਨਾਲ ਮਿਲ ਕੇ ਫੰਡਾਂ ਵਿੱਚ ਹੇਰਾਫੇਰੀ ਕੀਤੀ ਹੈ ।
ਪਿੰਡ ਦੇ ਲੋਕਾਂ ਵੱਲੋਂ ਪਿੰਡ ਵਿੱਚ ਹੀ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਖਿਲਾਫ ਅਤੇ ਪੰਚਾਇਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ।
ਮੁਨਸ਼ੀ ਰਾਮ, ਸਰਪੰਚ ,ਸੁਰਿੰਦਰ ਸਿੰਘ, ਪੰਚ, ਸੋਮ ਚੰਦ, ਪੰਚ,ਜੰਗੀਰ ਸਿੰਘ, ਪੰਚ ਵੇਦ ਪ੍ਰਕਾਸ਼ ਪੰਚ ਗ੍ਰਾਮ ਪੰਚਾਇਤ ਨਲਾਸ ਖੁਰਦ ਬਲਾਕ ਰਾਜਪੁਰਾ, ਅਮਰਜੀਤ ਕੁਮਾਰ, ਜੇ.ਈ./ਐਸ.ਡੀ.ਓ, ਜਸਵੀਰ ਚੰਦ, ਪੰਚਾਇਤ ਸਕੱਤਰ, ਰਜਿੰਦਰ ਕੁਮਾਰ, ਪੰਚਾਇਤ ਸਕੱਤਰ ਬਲਾਕ ਰਾਜਪੁਰਾ, ਦਿਨੇਸ਼ ਕੁਮਾਰ ਬਾਂਸਲ, ਠੇਕੇਦਾਰ ਮੋਹਨ ਲਾਲ, ਪਿੰਡ ਮਾਣਕਪੁਰ, ਰਾਜਪੁਰਾ ਨੂੰ ਵਿਜੀਲੈਂਸ ਬਿਊਰੋ ਨੇ ਐਫਆਈਆਰ ਵਿੱਚ ਨਾਮਜ਼ਦ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਸਕੱਤਰ ਜਸਵੀਰ ਚੰਦ ਉਰਫ਼ ਫ਼ੌਜੀ ਸਾਬਕਾ ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ ਦੀ ਮਾਸੀ ਦਾ ਪੁੱਤਰ ਹੈ ਅਤੇ ਠੇਕੇਦਾਰ ਦਿਨੇਸ਼ ਕੁਮਾਰ ਬਾਂਸਲ ਵੀ ਸੇਹਰਾ-ਸੇਹਰੀ ਘੁਟਾਲੇ ਵਿੱਚ ਸ਼ਾਮਲ ਸੀ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਨਲਾਸ ਖੁਰਦ ਦੀ ਪੰਚਾਇਤ ਨੇ ਫੰਡਾਂ ਨੂੰ ਨਿੱਜੀ ਹਿੱਤਾਂ ਖਾਤਰ ਖੁਰਦ ਬੁਰਦ ਕਰ ਦਿੱਤਾ।
ਪਿੰਡ ਦੇ ਵਸਨੀਕ ਸਵਰਨ ਸਿੰਘ ਰਣਜੀਤ ਸਿੰਘ ਸੈਣੀ , ਸਰਬਜੀਤ ਸਿੰਘ , ਆਦਿ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ । ਹਾਈ ਕੋਰਟ ਨੇ ਪਿੰਡ ਦੀ ਪੰਚਾਇਤ ਦੇ 55 ਕਰੋੜ 13 ਲੱਖ 20 ਹਜ਼ਾਰ 500 ਰੁਪਏ ਫੰਡ ਖਰਚਣ ‘ ਤੇ 29 ਮਈ 2019 ਨੂੰ ਸਟੇਅ ਲਗਾਈ ਸੀ ।
ਅਦਾਲਤੀ ਹੁਕਮਾਂ ਅਨੁਸਾਰ ਪੰਚਾਇਤ ਸਿਰਫ ਇਸ ਰਕਮ ਦੇ ਵਿਆਜ ਨੂੰ ਪਿੰਡ ਦੇ ਵਿਕਾਸ ਕਾਰਜਾਂ ‘ ਤੇ ਖਰਚ ਕਰ ਸਕਦੀ ਹੈ ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪੰਚਾਇਤ ਵੱਲੋਂ ਪੰਚਾਇਤੀ ਫੰਡ ਵਿੱਚੋਂ ਵੀ ਕਰੋੜਾਂ ਰੁਪਏ ਕਢਵਾ ਲਏ ਗਏ । ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੰਚਾਇਤ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਵਿਜੀਲੈਂਸ ਬਿਊਰੋ ਪਟਿਆਲਾ ਨੇ 23 ਜੁਲਾਈ, 2025 ਨੂੰ ਐਫਆਈਆਰ ਨੰਬਰ 37 ਦਰਜ ਕੀਤੀ ਹੈ। ਉਧਰ ਸਰਪੰਚ ਮੁਨਸ਼ੀ ਰਾਮ ਦੀ ਨਲਾਸ ਮੰਦਰ ਸਥਿਤ ਦੁਕਾਨ ਵਿੱਚ ਜਾ ਸੰਪਰਕ ਕੀਤਾ ਤਾਂ ਉਥੋਂ ਪ੍ਰਾਪਤ ਮੋਬਾਇਲ ਨੰਬਰ ਤੇ ਮੁਨਸ਼ੀ ਰਾਮ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਨੇ ਫੰਡਾਂ ਨੂੰ ਖੁਰਦ ਬੁਰਦ ਕਰਨ ਤੋਂ ਇਨਕਾਰ ਕੀਤਾ । ਉਨ੍ਹਾਂ ਕਿਹਾ ਲਾਕ ਡਾਊਨ। ਦੌਰਾਨ ਪਿੰਡ ਦੇ ਲੋਕਾਂ ਨੂੰ ਰਾਸ਼ਨ ਵੰਡਣ ਤੋਂ ਇਲਾਵਾ ਕਿਸਾਨੀ ਅੰਦੋਲਨ ਦੌਰਾਨ ਵੀ ਪਿੰਡ ਵਾਸੀਆਂ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।