HomeEducationਪੰਜਾਬੀ ਯੂਨੀਵਰਸਿਟੀ ਵਿਖੇ ‘ਵਿਸਾਖੀ ਮੇਲਾ 2024’ ਕਰਵਾਇਆ ਗਿਆ

ਪੰਜਾਬੀ ਯੂਨੀਵਰਸਿਟੀ ਵਿਖੇ ‘ਵਿਸਾਖੀ ਮੇਲਾ 2024’ ਕਰਵਾਇਆ ਗਿਆ

ਪੰਜਾਬੀ ਯੂਨੀਵਰਸਿਟੀ ਵਿਖੇ ‘ਵਿਸਾਖੀ ਮੇਲਾ 2024’ ਕਰਵਾਇਆ ਗਿਆ

ਪਟਿਆਲਾ, 13 ਅਪ੍ਰੈਲ,2024

ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਵਿਸਾਖੀ ਮੇਲਾ 2024’ ਕਰਵਾਇਆ ਗਿਆ। ਸੰਗੀਤ ਵਿਭਾਗ, ਨ੍ਰਿਤ ਵਿਭਾਗ, ਵਿਹਾਰਕ ਪ੍ਰਬੰਧਨ ਯੂਨੀਵਰਸਿਟੀ ਸਕੂਲ, ਯੁਵਕ ਭਲਾਈ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਪੰਜਾਬੀ ਪ੍ਰਤੀਨਿਧੀਆਂ ਅਤੇ ਸਰਬ ਸਾਂਝੀ ਸੰਸਥਾ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਮੇਲੇ ਦੇ ਪਹਿਲੇ ਭਾਗ ਵਿੱਚ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਜਦੋਂ ਕਿ ਦੂਜੇ ਪੜਾਅ ਵਿੱਚ ਕਲਾ ਭਵਨ ਦੇ ਬਾਹਰ ਰੰਗਾ-ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ।

ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਇਤਿਹਾਸ ਵਿੱਚ, ਸਾਲ 1968 ਨੂੰ, ਅੱਜ ਹੀ ਦੇ ਦਿਨ ਭਾਵ ਵਿਸਾਖੀ ਵਾਲੇ ਦਿਨ ‘ਪੰਜਾਬੀ ਭਵਨ’ ਦੀ ਨੀਂਹ ਰੱਖੀ ਗਈ ਸੀ।

ਵਿਸ਼ੇਸ਼ ਭਾਸ਼ਣ ਦੇ ਬੁਲਾਰੇ ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਨੇ ਇਸ ਮੌਕੇ ‘ਵਿਸਾਖੀ ਮੇਲੇ ਦੀ ਸਮਕਾਲੀਨ ਸਾਰਥਿਕਤਾ’ ਵਿਸ਼ੇ ਉੱਤੇ ਬੋਲਦਿਆਂ ਵਿਸਾਖੀ ਸੰਬੰਧੀ ਇਤਿਹਾਸਿਕ ਹਵਾਲਿਆਂ ਨਾਲ਼ ਗੱਲ ਕਰਦੇ ਹੋਏ ਮੌਜੂਦਾ ਸਮੇਂ ਵਿੱਚ ਇਸ ਦੀ ਪ੍ਰਸੰਗਿਕਤਾ ਅਤੇ ਨਵੇਂ ਰੁਝਾਨਾਂ ਜਾਂ ਤਬਦੀਲੀਆਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਜਿੱਥੇ ਮੌਸਮ ਦੀ ਬਦਲੀ ਅਤੇ ਫ਼ਸਲ ਦੇ ਪੱਕਣ ਸੰਬੰਧੀ ਜਸ਼ਨ ਨਾਲ਼ ਜੁੜਿਆ ਹੋਇਆ ਹੈ ਪਰ ਪੰਜਾਬ ਵਿੱਚ 1699 ਤੋਂ ਬਾਅਦ ਇਸ ਦਿਨ ਦਾ ਮਹੱਤਵ ਹੋਰ ਵੀ ਵਧ ਗਿਆ। 1699 ਦੀ ਵਿਸਾਖੀ ਮੌਕੇ ਖਾਲਸਾ ਪੰਥ ਦੀ ਸਾਜਨਾ ਉਪਰੰਤ ਪੰਜਾਬੀਆਂ ਵਿੱਚ ਦਲੇਰੀ ਅਤੇ ਜਜ਼ਬਾ ਭਰਿਆ ਗਿਆ ਜਿਸ ਨਾਲ਼ ਇੱਕ ਨਵੇਂ ਪੰਜਾਬ ਦਾ ਜਨਮ ਹੋਇਆ। ਅਜਿਹਾ ਹੋਣਾ ਉਪਰੰਤ ਵਿਦੇਸ਼ੀ ਹਮਲਿਆਂ ਨੂੰ ਠੱਲ੍ਹ ਪਈ ਅਤੇ ਉਲਟਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਜਮਰੌਦ ਤੱਕ ਖਾਲਸਾਈ ਝੰਡੇ ਝੂਲੇ। ਇਸ ਮੌਕੇ ਉਨ੍ਹਾਂ 1919 ਦੀ ਵਿਸਾਖੀ ਦਾ ਵੀ ਜਿ਼ਕਰ ਕੀਤਾ ਜਦੋਂ ਅੰਗਰੇਜ਼ਾਂ ਨੇ ਜ਼ਲ੍ਹਿਆਂ ਵਾਲਾ ਬਾਗ ਵਿਖੇ ਨਿਹੱਥੇ ਲੋਕਾਂ ਉੱਤੇ ਗੋਲ਼ੀਆਂ ਚਲਾਈਆਂ ਸਨ। ਉਨ੍ਹਾਂ ਕਿਹਾ ਕਿ ਹੁਣ ਮੇਲਿਆਂ ਦਾ ਰਵਾਇਤੀ ਰੰਗ ਘਟਦਾ ਜਾ ਰਿਹਾ ਹੈ। ਆਪਣੀ ਸਮੇਟਵੀਂ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਨਾ ਤਾਂ ਸਾਨੂੰ ਆਪਣੇ ਬੀਤੇ ਉੱਤੇ ਬਹੁਤਾ ਰੁਦਨ ਕਰਨਾ ਚਾਹੀਦਾ ਹੈ ਅਤੇ ਨਾ ਹੀ ਬੀਤੇ ਨੂੰ ਭੁੱਲਣਾ ਚਾਹੀਦਾ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ‘ਵਿਸਾਖੀ ਮੇਲਾ 2024’ ਕਰਵਾਇਆ ਗਿਆ

ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਕੌਰ, ਜੋ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਨੇ ਕਿਹਾ ਕਿ ਵਿਸਾਖੀ ਮੌਕੇ ਸਾਨੂੰ ਕਿਸਾਨ ਆਰਥਿਕਤਾ ਨੂੰ ਮਜ਼ਬੂਤ ਕਰਨ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ। ਨਿਮਨ ਕਿਸਾਨੀ ਦੇ ਸੰਕਟ ਨੂੰ ਖ਼ਤਮ ਕੀਤੇ ਜਾਣ ਬਾਰੇ ਯਤਨ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ ਤਾਂ ਕਿ ਕਿਸਾਨ ਜਾਹੋ ਜਲਾਲ ਨਾਲ਼ ਵਿਸਾਖੀ ਮਨਾ ਸਕਣ। ਅੰਤ ਵਿੱਚ ਬਲਕਰਨ ਸਿੰਘ ਬਰਾੜ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ।

ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਹੋਏ ਰੰਗਾ-ਰੰਗ ਪ੍ਰੋਗਰਾਮ ਦੌਰਾਨ ਸੰਗੀਤ ਵਿਭਾਗ ਦੇ ਡਾ. ਬਲਕਰਨ ਸਿੰਘ, ਨਿਰਮਲ ਸਿੰਘ ਅਤੇ ਸਤਨਾਮ ਪੰਜਾਬੀ ਨੇ ਆਪਣੇ ਸੱਭਿਆਚਾਰਕ ਗੀਤਾਂ ਨਾਲ਼ ਰੰਗ ਬੰਨ੍ਹਿਆ। ਅੰਤ ਵਿੱਚ ਇਬਾਦਤ ਭੰਗੜਾ ਅਕੈਡਮੀ ਵੱਲੋਂ ਪੰਜਾਬੀ ਲੋਕ ਨਾਚ ‘ਭੰਗੜਾ’ ਦੀ ਪੇਸ਼ਕਾਰੀ ਦਿੱਤੀ ਗਈ।

LATEST ARTICLES

Most Popular

Google Play Store