ਬਿਜਲੀ ਚੋਰ ਸਾਵਧਾਨ! ਪਾਵਰਕਾਮ ਸਬਅਰਬਨ ਸਰਕਲ ਅੰਮ੍ਰਿਤਸਰ ਵੱਲੋਂ ਚੋਰੀ ਦੇ 82 ਖਪਤਕਾਰਾਂ ਨੂੰ ਬਿਜਲੀ ਚੋਰੀ ਤੇ ਬੇਨਿਯਮੀਆ ਲਈ 22.38 ਲੱਖ ਰੁਪਏ ਜੁਰਮਾਨਾ
ਅਮ੍ਰਿਤਸਰ 23 ਦਿਸੰਬਰ, 2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਚੋਰੀ ਨੂੰ ਕਾਬੂ ਕਰਨ ਲਈ ਸ਼ੁਰੂ ਵਿਸ਼ੇਸ਼ ਮੁਹਿੰਮ ਤਹਿਤ ਸੰਚਾਲਨ ਸਬਅਰਬਨ ਸਰਕਲ, ਅੰਮ੍ਰਿਤਸਰ ਦੀਆਂ ਸਾਰੀਆਂ ਡਵੀਜ਼ਨਾਂ ਦੀਆਂ ਵੱਖ-ਵੱਖ ਟੀਮਾਂ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਅਤੇ ਹੋਰ ਬੇਨਿਯਮੀਆਂ ਦਾ ਪਤਾ ਲਗਾਇਆ। ਐਸ.ਡੀ.ਓ. ਅਤੇ ਜੇ.ਈਆਂ ਦੀ ਅਗਵਾਈ ਵਿੱਚ ਟੀਮਾਂ ਨੇ ਪੂਰਬੀ, ਪੱਛਮ ਸਬ ਅਰਬਨ, ਅਜਨਾਲਾ ਅਤੇ ਜੰਡਿਆਲਾ ਗੁਰੂ ਡਿਵੀਜ਼ਨਾਂ ਅਧੀਨ ਆਉਂਦੇ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਦੀ ਚੋਰੀ ਨੂੰ ਕਾਬੂ ਕਰਨ ਲਈ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਵਿੱਚ ਕੁੱਲ 2226 ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਪੂਰਬ ਵਿੱਚ 19, ਪੱਛਮੀ ਅਤੇ ਸਬ ਅਰਬਨ ਵਿੱਚ 17-17, ਅਜਨਾਲਾ ਵਿੱਚ 13 ਅਤੇ ਜੰਡਿਆਲਾ ਗੁਰੂ ਡਵੀਜ਼ਨ ਵਿੱਚ 16 ਖਪਤਕਾਰ ਬਿਜਲੀ ਚੋਰੀ ਕਰਦੇ ਪਾਏ ਗਏ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਸਬਅਰਬਨ ਸਰਕਲ, ਅੰਮ੍ਰਿਤਸਰ ਦੇ ਨਿਗਰਾਨ
ਇੰਜਨੀਅਰ ਗੁਲਸ਼ਨ ਕੁਮਾਰ ਚੁਟਾਨੀ ਨੇ ਦੱਸਿਆ ਕਿ ਇਹ ਬਿਜਲੀ ਚੌਰੀ ਨੂੰ ਕੰਟਰੋਲ ਕਰਨ ਲਈ ਮੁਹਿੰਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਅਧਿਕਾਰੀਆਂ ਦੇ ਨਿਰਦੇਸਾਂ ਅਧੀਨ ਚਲਾਈ ਗਈ ਹੈ। ਪਿਛਲੇ ਇੱਕ ਮਹੀਨੇ ਤੋਂ ਬਿਜਲੀ ਚੋਰੀ ਰੋਕਣ ਦੀ ਚੈਕਿੰਗ ਕਾਫੀ ਤੇਜ਼ ਕੀਤੀ ਗਈ ਹੈ। ਇਸ ਚੈਕਿੰਗ ਦੌਰਾਨ ਬਿਜਲੀ ਚੋਰੀ ਲਈ ਵਰਤੇ ਜਾ ਰਹੇ ਕਈ ਬਿਜਲੀ ਦੇ ਹੀਟਰ, ਕੇਬਲ ਅਤੇ ਤਾਰਾਂ ਵੀ ਜ਼ਬਤ ਕੀਤੀਆਂ ਗਈਆਂ।
ਗੌਰਤਲਬ ਹੈ ਕਿ ਭਾਵੇਂ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ ਮਾਸਿਕ 300 ਯੂਨਿਟ ਮੁਫ਼ਤ ਮੁਹੱਈਆ ਕਰਵਾ ਰਹੀ ਹੈ ਪਰ ਫਿਰ ਵੀ ਬਿਜਲੀ ਚੋਰੀ ਦਾ ਸਿਲਸਿਲਾ ਜਾਰੀ ਹੈ। ਪੀ.ਐਸ.ਪੀ.ਸੀ.ਐਲ. ਵੱਲੋਂ ਹਾਲ ਹੀ ਵਿੱਚ ਸਕੂਲ ਆਫ਼ ਐਮੀਨੈਂਸ, ਜੰਡਿਆਲਾ ਗੁਰੂ ਵਿਖੇ ਊਰਜਾ ਸੰਭਾਲ ਦਿਵਸ ਮਨਾਇਆ ਗਿਆ ਜਿੱਥੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੀ ਮੌਜੂਦ ਸਨ ਅਤੇ ਲੋਕਾਂ ਨੂੰ ਬਿਜਲੀ ਚੋਰੀ ਨਾ ਕਰਨ ਦੀ ਬਜਾਏ ਸਰਕਾਰ ਦੀ 300 ਯੂਨਿਟਾਂ ਦੀ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ। ਇੰਜਨੀਅਰ ਚੁਟਾਨੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਵੀ ਆਪਣੇ ਘਰਾਂ ਵਿੱਚ ਸੁਚੇਤ ਰਹਿਣ ਅਤੇ ਬਿਜਲੀ ਦੀ ਬਰਬਾਦੀ ਨੂੰ ਰੋਕਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਬਿਜਲੀ ਚੋਰੀ਼ ਨੂੰ ਫੜਨ ਲਈ ਅਚਨਚੇਤ ਚੈਕਿੰਗਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ. ਨੇ ਪੰਜਾਬ ਦੇ ਸਾਰੇ ਵਡਮੁੱਲੇ ਖਪਤਕਾਰਾਂ/ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਨੂੰ ਕਾਬੂ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਦੇ ਵਟਸਐਪ ਨੰਬਰ 96461-75770 ‘ਤੇ ਬਿਜਲੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਵਿਚ ਯੋਗਦਾਨ ਪਾ ਸਕਦੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।