ਭਾਜਪਾ ਹਮੇਸ਼ਾਂ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਦੀ ਵਿਰੋਧੀ ਰਹੀ ਹੈਃ ਅਸ਼ਵਨੀ ਸ਼ਰਮਾ

46

ਭਾਜਪਾ ਹਮੇਸ਼ਾਂ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਦੀ ਵਿਰੋਧੀ ਰਹੀ ਹੈਃ ਅਸ਼ਵਨੀ ਸ਼ਰਮਾ

ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,15 ਮਾਰਚ,2026

ਮੋਗਾ ਵਿਖੇ ਹੋਈ ਬੀਜੇਪੀ ਦੀ ਰੈਲੀ ਤੇ ਪ੍ਰਤੀਕਰਮ ਦਿੰਦਿਆਂ ਜ਼ਿਲ੍ਹਾ ਰੂਪਨਗਰ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਮਸ਼ਹੂਰ ਤੇ ਮਕਬੂਲ ਪੰਜਾਬੀ ਅਖਾਣ “ਕਣਕ ਖੇਤ, ਕੁੜੀ ਪੇਟ, ਅਖੇ ਆ ਜਵਾਈ ਮੰਡੇ ਖਾ” ਦੇ ਰੂਪ ਵਿੱਚ ਵਿਅੰਗ ਕਰਦਿਆਂ ਪੰਜਾਬ ਭਾਜਪਾ ਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਕਾਸ਼ ਪੰਜਾਬ ਭਾਜਪਾ ਦੇ ਲੀਡਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬੀਆਂ ਦੇ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਬਾਰੇ ਵੀ ਦੱਸਦੇ।

ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਅੱਜ ਐਲਪੀਜੀ ਗੈਸ ਦੀ ਕਿਲਤ ਦਾ ਸ਼ਿਕਾਰ ਹੋ ਰਿਹਾ ਹੈ, ਪਰ ਬੀਜੇਪੀ ਦੀ ਕੇਂਦਰ ਸਰਕਾਰ ਇਲੈਕਸ਼ਨ ਮੋਡ ਵਿੱਚ ਚੱਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਜੇਪੀ ਨੂੰ ਆਮ ਆਦਮੀ ਦੀ ਕੋਈ ਚਿੰਤਾ ਨਹੀਂ, ਸਿਰਫ਼ ਹਰ ਹੀਲੇ-ਵਸੀਲੇ ਨਾਲ ਸਰਕਾਰ ਬਣਾਉਣਾ ਹੀ ਉਸਦਾ ਮਕਸਦ ਬਣ ਗਿਆ ਹੈ।

ਅਸ਼ਵਨੀ ਸ਼ਰਮਾ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਬੀਜੇਪੀ ਦੀ ਪੰਜਾਬ ਵਿੱਚ ਦਾਲ ਨਹੀਂ ਗਲਣੀ ਕਿਉਂਕਿ ਭਾਜਪਾ ਹਮੇਸ਼ਾਂ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਦੀ ਵਿਰੋਧੀ ਰਹੀ ਹੈ। ਉਹ ਚਾਹੇ ਕਿਸਾਨੀ ਸਬੰਧੀ ਤਿੰਨ ਕਾਲੇ ਕਾਨੂੰਨ ਹੋਣ, ਮਨਰੇਗਾ ਵਿੱਚ ਬਦਲਾਅ ਹੋਣ, ਪੰਜਾਬ ਦਾ ਜੀਐਸਟੀ ਪੈਸਾ ਹੋਵੇ, ਬੀਬੀਐਮਬੀ ਦਾ ਮੁੱਦਾ ਹੋਵੇ, ਚੰਡੀਗੜ੍ਹ ਦਾ ਮੁੱਦਾ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ — ਭਾਜਪਾ ਨੇ ਹਮੇਸ਼ਾਂ ਹੀ ਪੰਜਾਬ ਦੇ ਹੱਕ ਖੋਹਣ ਦਾ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਹੁਣੇ ਹੀ ਚੰਡੀਗੜ੍ਹ ਵਿੱਚ ਹਰਿਆਣਾ ਕੈਡਰ ਦੇ ਅਫਸਰ ਦੀ ਐਸ.ਐਸ.ਪੀ. ਵਜੋਂ ਨਿਯੁਕਤੀ ਵੀ ਪੰਜਾਬ ਦੇ ਹੱਕਾਂ ਨਾਲ ਖਿਲਵਾਡ਼ ਦੀ ਇੱਕ ਹੋਰ ਮਿਸਾਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਬੀਜੇਪੀ ਆਗੂਆਂ ਦਾ ਇਸ ਮਾਮਲੇ ’ਤੇ ਚੁੱਪ ਰਹਿਣਾ ਬਹੁਤ ਹੀ ਸ਼ਰਮਨਾਕ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਪੂਰਾ ਪੰਜਾਬ ਹੜ੍ਹਾਂ ਦੀ ਚਪੇਟ ਵਿੱਚ ਸੀ, ਉਸ ਵੇਲੇ ਵੀ ਪ੍ਰਧਾਨ ਮੰਤਰੀ ਦਾ ਪੰਜਾਬ ਦਾ ਦੌਰਾ ਕਰਨਾ ਅਤੇ ਪੰਜਾਬੀਆਂ ਲਈ ਇੱਕ ਫੁੱਟੀ ਕੋੜੀ ਵੀ ਨਾ ਦੇਣਾ ਪੰਜਾਬੀਆਂ ਨਾਲ ਵੱਡਾ ਧੋਖਾ ਸੀ। ਪਰ ਪੰਜਾਬੀ ਲੋਕ ਭਾਜਪਾ ਨੂੰ ਇਨ੍ਹਾਂ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।

ਕਿਸਾਨਾਂ ਦੇ ਸੰਦਰਭ ਵਿੱਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ 700 ਤੋਂ ਵੱਧ ਪੰਜਾਬੀਆਂ ਨੇ ਆਪਣੀ ਸ਼ਹਾਦਤ ਦਿੱਤੀ, ਤਦ ਜਾ ਕੇ ਇਹ ਕਾਨੂੰਨ ਵਾਪਸ ਹੋਏ। ਪਰ ਹੁਣ ਕੇਂਦਰ ਦੀ ਬੀਜੇਪੀ ਸਰਕਾਰ ਨੇ ਅਮਰੀਕਾ ਟ੍ਰੇਡ ਡੀਲ ਰਾਹੀਂ ਇੱਕ ਵਾਰ ਫਿਰ ਕਿਸਾਨੀ ’ਤੇ ਕੁਹਾੜੀ ਚਲਾਉਣ ਦਾ ਕੰਮ ਕੀਤਾ ਹੈ, ਜਿਸਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਕਿਸਾਨਾਂ ’ਤੇ ਪਵੇਗਾ।

ਭਾਜਪਾ ਹਮੇਸ਼ਾਂ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਦੀ ਵਿਰੋਧੀ ਰਹੀ ਹੈਃ ਅਸ਼ਵਨੀ ਸ਼ਰਮਾ 
BJP

ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਦੌਰਾਨ ਨਿਭਾਏ ਆਪਣੇ ਰੋਲ ਲਈ ਪੰਜਾਬ ਅਤੇ ਪੰਜਾਬੀਆਂ ਨਾਲ ਬਦਲਾ ਲੈਣਾ ਚਾਹੁੰਦੀ ਹੈ, ਪਰ ਸ਼ਾਇਦ ਬੀਜੇਪੀ ਪੰਜਾਬੀਆਂ ਦੇ ਇਤਿਹਾਸ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਹੈ।

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਪਰੋਕਤ ਅਖਾਣ ਪੰਜਾਬ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੋਨਾਂ ’ਤੇ ਫਿੱਟ ਬੈਠਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਵਾਂਗ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ, ਜੋ ਕਿ ਸਰਕਾਰ ਦੇ ਕਹਿਣ ਅਨੁਸਾਰ ਅਪ੍ਰੈਲ ਮਹੀਨੇ ਤੋਂ ਲਾਗੂ ਹੋਣੀ ਹੈ, ਉਸਦੇ ਮਾਪਦੰਡ ਬਾਰੇ ਸਰਕਾਰ ਵੱਲੋਂ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਕਿਹੜੀਆਂ ਔਰਤਾਂ ਨੂੰ ਇਹ ਪੈਸਾ ਮਿਲੇਗਾ ਜਾਂ ਇਹ ਵੀ 16 ਮੈਡੀਕਲ ਕਾਲਜਾਂ ਦੀ ਤਰ੍ਹਾਂ ਸਿਰਫ਼ ਐਲਾਨ ਬਣ ਕੇ ਹੀ ਰਹਿ ਜਾਵੇਗਾ।

ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬੀ ਲੋਕ ਜਾਗਰੂਕ ਹਨ ਅਤੇ ਉਹ ਭਾਜਪਾ ਅਤੇ ‘ਆਪ ‘ ਦੇ ਇਨ੍ਹਾਂ ਛਲਾਵਿਆਂ ਵਿੱਚ ਨਹੀਂ ਫਸਣਗੇ।