ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨਾਲ ਕੀਤੀ ਮੁਲਾਕਾਤ

89

ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨਾਲ ਕੀਤੀ ਮੁਲਾਕਾਤ

ਬਹਾਦਰਜੀਤ ਸਿੰਘ / ਰੂਪਨਗਰ,23 ਮਾਰਚ,2025
ਭਾਜਪਾ ਦੇ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਭਾਰਤ ਦੇ ਮਾਣਯੋਗ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨਾਲ ਮੁਲਾਕਾਤ ਕਰਕੇ ਰੂਪਨਗਰr ਅਤੇ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਰੇਲਵੇ ਸੰਬੰਧੀ ਮੁੱਖ ਸਮੱਸਿਆਵਾਂ ਉਠਾਈਆਂ। ਲਾਲਪੁਰਾ ਨੇ ਖ਼ਾਸ ਤੌਰ ‘ਤੇ ਹਰਿਦੁਆਰ-ਹਿਮਾਚਲ ਐਕਸਪ੍ਰੈੱਸ ਵਿੱਚ ਰਿਜ਼ਰਵੇਸ਼ਨ ਕੋਚ ਸ਼ਾਮਲ ਕਰਨ, ਘਨੌਲੀ ਰੇਲਵੇ ਸਟੇਸ਼ਨ ਦੀ ਅਪਗ੍ਰੇਡੇਸ਼ਨ ਅਤੇ ਮੀਆਂਪੁਰ ਰੇਲਵੇ ਸਟੇਸ਼ਨ ‘ਤੇ ਓਵਰਬ੍ਰਿਜ਼ ਬਣਾਉਣ ਦੀ ਮੰਗ ਕੀਤੀ।

ਲਾਲਪੁਰਾ ਨੇ ਕਿਹਾ ਕਿ 12064 ਉਨਾ ਹਿਮਾਚਲ-ਹਰਿਦੁਆਰ ਐਕਸਪ੍ਰੈੱਸ ਹਿਮਾਚਲ ਤੇ ਪੰਜਾਬ ਦੇ ਹਜ਼ਾਰਾਂ ਯਾਤਰੀਆਂ ਲਈ ਸਿਰਫ਼ ਇੱਕ ਰੇਲਗੱਡੀ ਨਹੀਂ, ਸਗੋਂ ਇੱਕ ਆਧਿਆਤਮਿਕ ਯਾਤਰਾ ਬਣ ਗਈ ਹੈ ਜੋ ਲੋਕਾਂ ਨੂੰ ਹਰਿਦੁਆਰ ਵਰਗੇ ਮਹੱਤਵਪੂਰਨ ਤੀਰਥ ਸਥਾਨ ਤੱਕ ਲੈ ਕੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਟ੍ਰੇਨ ਵਿੱਚ ਦਿਨੋ-ਦਿਨ ਯਾਤਰੀਆਂ ਦੀ ਗਿਣਤੀ ਵੱਧ ਰਹੀ ਹੈ, ਜਿਸ ਕਰਕੇ ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦੀ ਸੁਵਿਧਾ ਲਈ ਰਿਜ਼ਰਵੇਸ਼ਨ ਕੋਚ ਦੀ ਲੋੜ ਬਹੁਤ ਜ਼ਰੂਰੀ ਹੈ। ਇਸ ਨਾਲ ਲੋਕਾਂ ਨੂੰ ਮਹਿੰਗੇ ਨਿੱਜੀ ਸਾਧਨਾਂ ਤੋਂ ਛੁਟਕਾਰਾ ਮਿਲੇਗਾ ਅਤੇ ਉਹ ਆਸਾਨੀ ਨਾਲ ਹਰਿਦੁਆਰ ਤੱਕ ਪੁੱਜ ਸਕਣਗੇ।

ਇਸ ਦੇ ਨਾਲ-ਨਾਲ, ਲਾਲਪੁਰਾ ਨੇ ਘਨੌਲੀ ਰੇਲਵੇ ਸਟੇਸ਼ਨ ਦੀ ਦੁਰਵਸਥਾ ਵੱਲ ਧਿਆਨ ਦਿਵਾਇਆ। ਉਨ੍ਹਾਂ ਦੱਸਿਆ ਕਿ ਇਹ ਸਟੇਸ਼ਨ ਹਿਮਾਚਲ ਦੇ ਉਦਯੋਗਿਕ ਇਲਾਕੇ ਨਾਲਾਗੜ੍ਹ ਦੇ ਨੇੜੇ ਹੋਣ ਕਰਕੇ ਹਰ ਰੋਜ਼ ਹਜ਼ਾਰਾਂ ਮਜ਼ਦੂਰ ਇੱਥੋਂ ਰੂਪਨਗਰ ਅਤੇ ਹੋਰ ਇਲਾਕਿਆਂ ਵਿੱਚ ਆਉਂਦੇ ਹਨ। ਬਾਵਜੂਦ ਇਸਦੇ, ਸਟੇਸ਼ਨ ‘ਤੇ ਨਾ ਤਾਂ ਦਿਵਿਆਂਗ ਯਾਤਰੀਆਂ ਲਈ ਰੈਂਪ ਜਾਂ ਲਿਫਟ ਹਨ ਅਤੇ ਨਾ ਹੀ ਬੈਠਣ ਅਤੇ ਛਾਂਹ ਦੀ ਢੰਗੀ ਵਿਵਸਥਾ ਹੈ। ਉਨ੍ਹਾਂ ਮੰਗ ਕੀਤੀ ਕਿ ਇਥੇ ਤੁਰੰਤ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

ਮੀਆਂਪੁਰ ਰੇਲਵੇ ਸਟੇਸ਼ਨ ਦੀ ਗੱਲ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਇਹ ਸਟੇਸ਼ਨ 50 ਤੋਂ ਵੱਧ ਪਿੰਡਾਂ ਲਈ ਇਕ ਜੀਵਨ ਰੇਖਾ ਹੈ ਪਰ ਇੱਥੇ ਓਵਰਬ੍ਰਿਜ਼ ਦੀ ਗੈਰਮੌਜੂਦਗੀ ਕਾਰਨ ਲੋਕਾਂ ਨੂੰ ਅਤੇ ਵਿਸ਼ੇਸ਼ ਤੌਰ ‘ਤੇ ਬੱਚਿਆਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਓਵਰਬ੍ਰਿਜ਼ ਅਤੇ ਹੋਰ ਵਿਕਾਸ ਕਾਰਜ ਇਥੇ ਜਲਦ ਕਰਵਾਏ ਜਾਣ ਚਾਹੀਦੇ ਹਨ।

ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨਾਲ ਕੀਤੀ ਮੁਲਾਕਾਤ

ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਲਾਲਪੁਰਾ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਰੇਲਵੇ ਮੰਤਰਾਲਾ ਇਨ੍ਹਾਂ ਮੁੱਦਿਆਂ ‘ਤੇ ਜਲਦ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਯਾਤਰੀਆਂ ਨੂੰ ਸੁਰੱਖਿਅਤ, ਆਧੁਨਿਕ ਅਤੇ ਸੁਵਿਧਾਜਨਕ ਸੇਵਾਵਾਂ ਦਿਵਾਉਣ ਦੀ ਹੈ ਅਤੇ ਪੰਜਾਬ ਤੇ ਹਿਮਾਚਲ ਦੇ ਯਾਤਰੀਆਂ ਨੂੰ ਲਾਭ ਹੋਵੇ, ਇਸ ਉੱਤੇ ਵੀ ਜਲਦੀ ਫੈਸਲੇ ਲਏ ਜਾਣਗੇ।

ਮੁਲਾਕਾਤ ਦੀ ਅੰਤ ਵਿੱਚ ਲਾਲਪੁਰਾ ਨੇ ਮੰਤਰੀ ਵੈਸ਼ਣਵ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਮੰਤਰੀ ਜੀ ਦੇ ਨੇਤ੍ਰਤਵ ਵਿੱਚ ਭਾਰਤੀ ਰੇਲ ਹੋਰ ਨਵੀਆਂ ਉੱਚਾਈਆਂ ਤੇ ਪਹੁੰਚੇਗੀ ਅਤੇ ਇਲਾਕੇ ਦੇ ਯਾਤਰੀਆਂ ਨੂੰ ਵਿਸ਼ੇਸ਼ ਲਾਭ ਹੋਵੇਗਾ।