ਮੁੱਖ ਮੰਤਰੀ ਕਰਦੇ ਰਹੇ ਕੇਂਦਰ ਸਰਕਾਰ ਉੱਤੇ ਹੱਲੇ, ਆਪ ਆਗੂ ਤੋਂ ਫੜੇ ਚਿੱਟੇ ਨੇ ਕੁਝ ਨਾ ਛੱਡਿਆ ਪੱਲੇ- ਵਿਨੀਤ ਜੋਸ਼ੀ
ਚੰਡੀਗੜ੍ਹ/ ਅਪ੍ਰੈਲ 19, 2024 :
ਗੁਜਰਾਤ ਦੇ ਦੋ ਦਿਨਾ ਚੋਣਾਵੀ ਦੌਰੇ ਤੋਂ ਪਰਤਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਸਭਾ ਚੋਣਾਂ ਲਈ ਸੂਬਾ ਪੱਧਰੀ ਪ੍ਰਚਾਰ ਮੁਹਿੰਮ ਦਾ ‘ਨਸ਼ਿਆਂ ਦੇ ਗ੍ਰਹਿਣ’ ਨੇ ਅਣਚਾਹਿਆ ‘ਸਵਾਗਤ’ ਕੀਤਾ ਹੈ, ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਤੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਦਾ।
ਜ਼ਿਕਰਯੋਗ ਹੈ ਜਿਸ ਸਮੇਂ ਡੇਰਾ ਬੱਸੀ ਚ ਸੀਐਮ ਭਗਵੰਤ ਮਾਨ ਵੱਖ-ਵੱਖ ਮੁੱਦਿਆਂ ਉੱਤੇ ਕੇਂਦਰ ਸਰਕਾਰ ਉੱਤੇ ਵਰ੍ਹ ਰਹੇ ਸਨ, ਬਿਲਕੁੱਲ ਉਸੇ ਸਮੇਂ ਸਥਾਨਕ ਸ਼ਹਿਰ ਚ ਇਕ ਆਪ ਆਗੂ ਦੀ ਚਿੱਟੇ ਸਮੇਤ ਗ੍ਰਿਫਤਾਰੀ ਚਰਚਾ ਦਾ ਵਿਸ਼ਾ ਬਣ ਗਈ ।
ਦੱਸਣਾ ਬਣਦਾ ਹੈ ਕਿ ਸੀਐਮ ਭਗਵੰਤ ਮਾਨ ਨੇ ਡੇਰਾ ਬੱਸੀ ਤੋਂ ਮਿਸ਼ਨ 13-0 ਦੀ ਸ਼ੁਰੂਆਤ ਕੀਤੀ। ਹਾਲਾਂਕਿ ਇਸ ਮੌਕੇ ਭਗਵੰਤ ਮਾਨ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਗ੍ਰਿਫਤਾਰੀ ਨੂੰ ਉਭਾਰਦਿਆਂ ਕੇਂਦਰ ਸਰਕਾਰ ਉੱਤੇ ਤਾਨਾਸ਼ਾਹ ਹੋਣ ਦੇ ਦੋਸ਼ ਲਾਏ, ਪਰ ਇਸ ਮੌਕੇ ਉਹ ਆਪਣੀ ਸਰਕਾਰ ਦੇ ਕਰੀਬ ਦੋ ਸਾਲਾ ਰਿਪੋਰਟ ਕਾਰਡ ਖੋਲ੍ਹਣ ਤੋਂ ਬਚਦੇ ਨਜ਼ਰ ਆਏ ।
ਜੋਸ਼ੀ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਇਸ ਮੌਕੇ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਨੂੰ ਸੱਚ ਕਰਦੀ ਨਜ਼ਰ ਵੀ ਆਈ, ਕਿਉਂਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਮੁੱਖ ਨਾਅਰਿਆਂ ਚੋਂ ਇੱਕ ਪੰਜਾਬ ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹਵਾ-ਹਵਾਈ ਹੋ ਚੁੱਕਾ ਹੈ। ਇਥੋਂ ਤੱਕ ਕਿ ਨਸ਼ਿਆਂ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਸਰਕਾਰ ਦੀ ਖਿਚਾਈ ਕਰਨ ਲੱਗ ਪਏ ਹਨ। ਬੀਤੇ ਦਿਨੀਂ ਅੰਮ੍ਰਿਤਸਰ ਤੋਂ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵੀਡੀਓ ਵੀ ਖੂਬ ਵਾਇਰਲ ਹੋਈ, ਜਿਸ ਚ ਉਹ ਨਸ਼ਿਆਂ ਦੇ ਗੋਰਖਧੰਦੇ ਵਿੱਚ ਪੁਲਿਸ ਦੀ ਅਫਸਰਸ਼ਾਹੀ ਤੇ ਭਗਵੰਤ ਮਾਨ ਸਰਕਾਰ ਦੀ ਸਿੱਧੀ-ਅਸਿੱਧੀ ਮਿਲੀਭੁਗਤ ਦੇ ਸੰਗੀਨ ਦੋਸ਼ ਲਾ ਰਹੇ ਸੁਣੇ ਗਏ ਸਨ।
ਵਰਨਣਯੋਗ ਯੋਗ ਹੈ ਕਿ ਬੀਤੇ ਕੱਲ੍ਹ ਡੇਰਾ ਬੱਸੀ ਦੇ ਪਿੰਡ ਜੌਲਾ ਕਲਾਂ ਚੋਂ ਸੰਜੀਵ ਕੁਮਾਰ ਸੰਜੂ ਨਾਮੀ ਇੱਕ ਵਿਅਕਤੀ ਨੂੰ (ਚਿੱਟੇ ਹੈਰੋਇਨ) ਦੀ 3 ਗ੍ਰਾਮ ਡੋਜ ਸਮੇਤ ਗ੍ਰਿਫਤਾਰ ਕੀਤਾ ਗਿਆ, ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਸਰਗਰਮ ਆਗੂ ਵੀ ਦੱਸਿਆ ਗਿਆ ਹੈ।
ਇਲਾਕੇ ਦੇ ਲੋਕਾਂ ਅਨੁਸਾਰ ਸੰਜੀਵ ਕੁਮਾਰ ਉਰਫ ਸੰਜੂ ਆਪਣੇ ਆਪ ਨੂੰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਪ੍ਰਚਾਰਦਾ ਹੈ ਤੇ ਇਸ ਦੀਆਂ ਵੱਖ-ਵੱਖ ਸਮਾਗਮਾਂ ਮੌਕੇ ਹਲਕਾ ਵਿਧਾਇਕ ਤੇ ਆਪ ਆਗੂਆਂ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ।
ਜੋਸ਼ੀ ਨੇ ਅੱਗੇ ਕਿਹਾ ਕਿ ਇਹ ਵੀ ਸਮੇਂ ਦਾ ਸੱਚ ਹੈ ਕਿ ਇੱਕ ਪਾਸੇ ਇਲਾਕੇ ਦੇ ਲੋਕ ਨਸ਼ਿਆਂ ਖਿਲਾਫ ਮੁਹਿੰਮ ਚਲਾ ਰਹੇ ਹਨ, ਦੂਜੇ ਪਾਸੇ ਆਪ ਆਗੂਆਂ ਦੀ ਨਸ਼ਿਆਂ ਦੇ ਗੋਰਖਧੰਦੇ ਚ ਸ਼ਮੂਲੀਅਤ ਸਾਹਮਣੇ ਆ ਰਹੀ ਹੈ ਤੇ ਸੀਐਮ ਭਗਵੰਤ ਮਾਨ ਇਸ ਹਲਕੇ ਮੁੱਖ ਮਸਲੇ ਨਸ਼ਿਆਂ ਦੀ ਲਾਹਣਤ ਖਿਲਾਫ ਬੋਲਣ ਤੋਂ ਵੀ ਗੁਰੇਜ਼ ਕਰ ਰਹੇ ਹਨ ।