ਪੰਜਾਬੀ ਯੂਨੀਵਰਸਿਟੀ, ਪਟਿਆਲਾ-ਵਿਗਿਆਨ ਮੇਲੇ ਦਾ ਪੰਜਵਾਂ ਦਿਨ ਨਾਟਕਾਂ ਅਤੇ ਕਵਿਤਾਵਾਂ ਨੂੰ ਰਿਹਾ ਸਮਰਪਿਤ

353

ਪੰਜਾਬੀ ਯੂਨੀਵਰਸਿਟੀ, ਪਟਿਆਲਾ-ਵਿਗਿਆਨ ਮੇਲੇ ਦਾ ਪੰਜਵਾਂ ਦਿਨ ਨਾਟਕਾਂ ਅਤੇ ਕਵਿਤਾਵਾਂ ਨੂੰ ਰਿਹਾ ਸਮਰਪਿਤ

ਪਟਿਆਲਾ/ 26-02-2022
ਜਿਗਿਆਸਾ, ਵਿਗਿਆਨ ਅਤੇ ਕਲਾ ਦਾ ਆਪਸ ਵਿੱਚ ਅਨਿੱਖਵੜਾਂ ਰਿਸ਼ਤਾ ਹੈ। ਇਸ ਗੱਲ ਦਾ ਮੁਜ਼ਹਰਾ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੇ ਨਾਲ ਨਾਲ ਕਾਂਸਟੀਚੁਐਂਟ ਕਾਲਜਾਂ ਅਤੇ ਰੀਜਨਲ ਸੈਂਟਰਾਂ ਵਿੱਚ ਚੱਲ ਰਹੇ ਵਿਗਿਆਨ ਹਫ਼ਤੇ ਨਾਲ ਸੰਬੰਧਤ ਪ੍ਰੋਗਰਾਮਾਂ ਦੌਰਾਨ ਹੋ ਰਿਹਾ ਹੈ।

‘ਵਿਗਿਆਨ ਸਰਵੱਤ ਪੂਜਯਤੇ’ ਸਿਰਲੇਖ ਅਧੀਨ ਚੱਲ ਰਹੇ ਵਿਗਿਆਨ ਹਫ਼ਤੇ ਦੇ ਪੰਜਵੇਂ ਦਿਨ ਇੱਥੇ ਹੋ ਰਹੀਆਂ ਗਤੀਵਿਧੀਆਂ ਹੋਰ ਰਫ਼ਤਾਰ ਫੜ੍ਹ ਗਈਆਂ।
ਵਿਗਿਆਨ ਮੇਲੇ ਦਾ ਇਹ ਪੰਜਵਾਂ ਦਿਨ ਵਿਗਿਆਨ ਅਧਾਰਤ ਨਾਟਕ/ਸਕਿੱਟ ਅਤੇ ਕਵਿਤਾ ਉਚਾਰਨ ਮੁਕਾਬਲਿਆਂ ਨੂੰ ਸਮਰਪਿਤ ਰਿਹਾ। ਸੂਬੇ ਭਰ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਤੋਂ ਪਹੁੰਚੀਆਂ ਟੀਮਾਂ ਵੱਲੋਂ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਤ ਨਾਟਕਾਂ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਜੋ ਵੇਖਣ ਵਾਲਿ਼ਆਂ ਲਈ ਖਿੱਚ ਦਾ ਕੇਂਦਰ ਰਹੀ।

ਜਿ਼ਕਰਯੋਗ ਹੈ ਕਿ ਇਸ ਵਿਗਿਆਨ ਮੇਲੇ ਦਾ ਮੁੱਖ ਮਕਸਦ ਵਿਗਿਆਨ ਦੇ ਸੰਕਲਪਾਂ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਉਨ੍ਹਾਂ ਤੱਕ ਪਹੁੰਚਦੇ ਕਰ ਕੇ ਉਨ੍ਹਾਂ ਨੂੰ ਵਿਗਿਆਨ ਬਾਰੇ ਜਾਗਰੂਕ ਕਰਨਾ ਹੈ ਜਿਸ ਲਈ ਨਾਟਕ/ਸਕਿੱਟ, ਕਵਿਤਾ ਆਦਿ ਜਿਹੇ ਮਾਧਿਅਮ ਇੱਕ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਕੰਮ ਕਰਦੇ ਹਨ।

ਪੰਜਾਬੀ ਯੂਨੀਵਰਸਿਟੀ ਦੇ ਇਸ ਵਿਗਿਆਨਕ ਮੇਲੇ ਵਿੱਚ ਸਿਰਫ਼ ਵਿਦਿਆਰਥੀਆਂ ਨੇ ਨਾਟਕ ਹੀ ਨਹੀਂ ਖੇਡੇ ਸਗੋਂ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਤ ਨਾਟਕਾਂ ਦੀ ਲੇਖਣੀ ਬਾਰੇ ਗੱਲ ਕਰਦਾ ਇੱਕ ਮਹੱਤਵਪੂਰਨ ਭਾਸ਼ਣ ਵੀ ਕਰਵਾਇਆ ਗਿਆ। ਇਸ ਪੰਜਵੇਂ ਦਿਨ ਦੇ ਭਾਸ਼ਣਾਂ ਵਿੱਚ ਸ਼ਾਮਿਲ ਡਾ. ਏ.ਐੱਸ. ਢੀਂਡਸਾ ਦਾ ਭਾਸ਼ਣ ਇਸੇ ਨੁਕਤੇ ਉੱਤੇ ਕੇਂਦਰਿਤ ਸੀ ਕਿ ਵਿਗਿਆਨ ਦੇ ਵਿਸ਼ੇ ਵਿੱਚ ਨਾਟਕ ਲੇਖਣੀ ਰਾਹੀਂ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੀ ਗੱਲ ਰੱਖੀ ਜਾ ਸਕਦੀ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਅਜਿਹੇ ਨਾਟਕ ਲਿਖਣ ਸਮੇਂ ਕਿਹੜੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ। ਆਪਣੇ ਅਜਿਹੇ ਨੁਕਤੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵਿਸ਼ੇਸ਼ ਖਿ਼ਆਲ ਰੱਖਣਾ ਹੁੰਦਾ ਹੈ ਕਿ ਨਾਟਕ ਰਾਹੀਂ ਆਮ ਦਰਸ਼ਕ ਦੇ ਰੂ-ਬ-ਰੂ ਹੋਣਾ ਹੁੰਦਾ ਹੈ ਇਸ ਲਈ ਵਿਗਿਆਨ ਨਾਲ ਸੰਬੰਧਤ ਖੋਜਾਂ ਜਾਂ ਪ੍ਰਾਪਤੀਆਂ ਬਾਰੇ ਜੋ ਵੀ ਗੱਲ ਕਰਨੀ ਹੈ ਉਸ ਨੂੰ ਸਰਲ ਅਤੇ ਰੌਚਿਕ ਭਾਸ਼ਾ ਵਿੱਚ ਲਿਖਣਾ ਜ਼ਰੂਰੀ ਹੈ। ਅਜਿਹਾ ਕਰ ਕੇ  ਹੀ ਇਨ੍ਹਾਂ ਦੀ ਪਹੁੰਚ ਵਿਆਪਕ ਹੋ ਸਕਦੀ ਹੈ।

ਪੰਜਵੇਂ ਦਿਨ ਦਾ ਦੂਜਾ ਭਾਸ਼ਣ ਇੰਡੀਅਨ ਸਪੇਸ ਰਿਸਰਚ ਔਰਗੇਨਾਈਜ਼ੇਸ਼ਨ (ਇਸਰੋ) ਦੇ ਮੋਹਾਲ਼ੀ ਕੇਂਦਰ ਤੋਂ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸ੍ਰ. ਗੁਰਵਿੰਦਰ ਸਿੰਘ ਵੱਲੋਂ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇਸਰੋ ਦੇ ਵੱਖ-ਵੱਖ ਪ੍ਰਾਜੈਕਟਾਂ ਬਾਰੇ ਵਿਸਥਾਰ ਵਿੱਚ ਦੱਸਿਆ। ਇਸਰੋ ਦੇ ਕੰਮ ਕਰਨ ਦੇ ਢੰਗਾਂ ਅਤੇ ਹੋਰਨਾਂ ਪੱਖਾਂ ਬਾਰੇ ਰੌਚਿਕ ਢੰਗ ਨਾਲ ਆਪਣੀ ਗੱਲ ਰਖਦਿਆਂ ਉਨ੍ਹਾਂ ਨੇ ਇੱਥੇ ਸ਼ਾਮਿਲ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਵੱਲ ਰੁਚਿਤ ਹੋਣ ਲਈ ਉਤਸਾਹਿਤ ਕੀਤਾ।

ਪੰਜਾਬੀ ਯੂਨੀਵਰਸਿਟੀ, ਪਟਿਆਲਾ-ਵਿਗਿਆਨ ਮੇਲੇ ਦਾ ਪੰਜਵਾਂ ਦਿਨ ਨਾਟਕਾਂ ਅਤੇ ਕਵਿਤਾਵਾਂ ਨੂੰ ਰਿਹਾ ਸਮਰਪਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ-ਵਿਗਿਆਨ ਮੇਲੇ ਦਾ ਪੰਜਵਾਂ ਦਿਨ ਨਾਟਕਾਂ ਅਤੇ ਕਵਿਤਾਵਾਂ ਨੂੰ ਰਿਹਾ ਸਮਰਪਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ-ਵਿਗਿਆਨ ਮੇਲੇ ਦਾ ਪੰਜਵਾਂ ਦਿਨ ਨਾਟਕਾਂ ਅਤੇ ਕਵਿਤਾਵਾਂ ਨੂੰ ਰਿਹਾ ਸਮਰਪਿਤ

ਵੱਖ-ਵੱਖ ਵਿਗਿਆਨਕ ਪੱਖਾਂ ਦੇ ਮਹੱਤਵ ਨੂੰ ਦਰਸਾਉਣ ਵਾਲੀਆਂ ਪ੍ਰਦਰਸ਼ਨੀਆਂ ਦੀ ਸੋਸ਼ਲ ਮੀਡੀਆ ਸਮੇਤ ਹੋਰਨਾਂ ਮੰਚਾਂ ਉੱਤੇ ਚਰਚਾ ਹੋਣ ਕਾਰਨ ਇੱਥੇ ਆਉਣ ਵਾਲੇ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਵੇਖਣ ਨੂੰ ਮਿਲਿਆ। ਜਿ਼ਕਰਯੋਗ ਹੈ ਕਿ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਵਿਗਿਆਨਕ ਮਹੱਤਵ ਵਾਲੇ ਬਹੁਤ ਸਾਰੇ ਤੱਥਾਂ ਨੂੰ ਜਿੱਥੇ ਮਾਡਲ, ਵਰਕਿੰਗ ਮਾਡਲ, ਪੋਸਟਰ ਆਦਿ ਦੇ ਜ਼ਰੀਏ ਵਿਖਾਇਆ ਜਾ ਰਿਹਾ ਹੈ ਉੱਥੇ ਹੀ ਹਰੇਕ ਪ੍ਰਦਰਸ਼ਨੀ ਉੱਪਰ ਮੌਜੂਦ ਮਾਹਿਰ ਵਿਦਿਆਰਥੀ ਲੋੜੀਂਦੀ ਵਿਗਿਆਨਕ ਵਿਆਖਿਆ ਕਰ ਕੇ ਆਉਣ ਵਾਲਿਆਂ ਦੀ ਜਾਣਕਾਰੀ ਵਿੱਚ ਮੁੱਲਵਾਨ ਵਾਧਾ ਕਰਦੇ ਹਨ।

ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਵਿਗਿਆਨ ਮੇਲੇ ਦੇ ਪੰਜਵੇਂ ਦਿਨ ਦੌਰਾਨ 1000 ਤੋਂ ਵੱਧ ਵਿਦਿਆਰਥੀਆਂ ਅਤੇ ਆਮ ਜਨਤਾ ਨੇ ਇਸ ਮੇਲੇ ਵਿੱਚ ਲੱਗੀਆਂ ਵਿਗਿਆਨ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ।

ਵਰਨਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਇਸ ਵਿਗਿਆਨ ਮੇਲੇ ਉੱਤੇ ਆਪਣੀਆਂ ਪ੍ਰਯੋਗਸ਼ਾਲਾਵਾਂ ਅਤੇ ਵਿਗਿਆਨਕ ਮਹੱਤਵ ਵਾਲੀਆਂ ਹੋਰਨਾਂ ਥਾਵਾਂ ਨੂੰ ਆਮ ਲੋਕਾਂ ਲਈ ਖੋਲ੍ਹਿਆ ਹੋਇਆ ਹੈ। ਬੋਟੈਨੀਕਲ ਗਾਰਡਨ, ਹਾਰਬੇਰੀਅਮ, ਔਬਜ਼ਰਵੇਟਰੀ ਆਦਿ ਥਾਵਾਂ ਨੂੰ ਵੇਖਣ ਲਈ ਵਿਦਿਆਰਥੀ, ਅਧਿਆਪਕ ਅਤੇ ਹੋਰ ਲੋਕ ਬੇਹੱਦ ਉਤਸਾਹ ਵਿਖਾ ਰਹੇ ਹਨ।

ਪੰਜਾਬ ਦੇ ਵੱਖ-ਵੱਖ ਸਕੂਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਇਸ ਵਿਗਿਆਨ ਮੇਲੇ ਦਾ ਦੌਰਾ ਕਰਵਾਇਆ ਜਾ ਰਿਹਾ ਹੈ। ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਇਹ ਵਿਗਿਆਨ ਮੇਲਾ ਦੇਸ ਦੀ 75ਵੀਂ ਅਜ਼ਾਦੀ ਵਰ੍ਹੇਗੰਢ ਨੂੰ ਸਮਰਪਿਤ ਹੈ। ਭਾਰਤ ਸਰਕਾਰ ਦੇ ਵਿਗਿਆਨ ਪ੍ਰਸਾਰ ਵਿਭਾਗ ਵੱਲੋਂ ‘ਵਿਗਿਆਨ ਸਰਵੱਤ ਪੂਜਯਤੇ’ ਸਿਰਲੇਖ ਅਧੀਨ ਭਾਰਤ ਦੀ ਅਜਾਦੀ ਦੀ 75ਵੀਂ ਵਰੇਗੰਢ ਨੂੰ ਮਨਾਉਣ ਲਈ ਭਾਰਤ ਵਿੱਚ ਵੱਖ-ਵੱਖ 75 ਥਾਵਾਂ ਅਤੇ 19 ਅਲੱਗ ਅਲੱਗ ਭਾਸ਼ਾਵਾਂ ਵਿੱਚ ਇੱਕ ਹਫਤਾ ਵਿਗਿਆਨ ਮੇਲੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਇਨ੍ਹਾਂ 75 ਥਾਵਾਂ ਵਿੱਚੋਂ ਇੱਕ ਹੈ।
ਮੇਲੇ ਦੇ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਕਰਵਾਏ ਗਏ ਨਾਟਕ/ਸਕਿੱਟ ਮੁਕਾਲਿਆਂ ਵਿੱਚ ਵਿੱਚ 15 ਟੀਮਾਂ ਨੇ ਭਾਗ ਲਿਆ ਅਤੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਲੱਗਭਗ 50 ਵਿਦਿਆਰਥੀਆਂ ਨੇ ਭਾਗ ਲਿਆ।

ਨਾਟਕ ਅਤੇ ਕਵਿਤਾ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਸਮਾਰੋਹ ਵਿੱਚ ਇਨਾਮ ਪ੍ਰਦਾਨ ਕੀਤੇ ਗਏ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਰਮਨ ਮੈਣੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਮਾਮਲਿਆਂ ਸੰਬੰਧੀ ਡਾਇਰੈਕਟੋਰੇਟ ਦੇ ਡੀਨ ਪ੍ਰੋ. ਰਣਜੀਤ ਕੌਰ ਵੱਲੋਂ ਇਸ ਮੌਕੇ ਸਭ ਨੂੰ ਸਰਟੀਫੀਕੇਟ ਤਕਸੀਮ ਕੀਤੇ ਗਏ। ਇਹ ਮੁਕਾਬਲੇ ਡਾ. ਜਸਵਿੰਦਰ ਸਿੰਘ ਅਤੇ ਡਾ. ਰਾਜੀਵ ਦੀ ਦੇਖ ਰੇਖ ਵਿੱਚ ਸਫਲਤਾ ਪੂਰਵਕ ਨੇਪਰੇ ਚੜ੍ਹੇ।