ਐਸ ਡੀ ਐਮ ਰਾਜਪੁਰਾ ’ਤੇ ਇਕ ਸਾਲ ਤੋਂ ਇੰਤਕਾਲ ਦਰਜ ਨਾ ਕਰਨ ਦਾ ਦੋਸ਼

239

ਐਸ ਡੀ ਐਮ ਰਾਜਪੁਰਾ ’ਤੇ ਇਕ ਸਾਲ ਤੋਂ ਇੰਤਕਾਲ ਦਰਜ ਨਾ ਕਰਨ ਦਾ ਦੋਸ਼

ਪਟਿਆਲਾ, 11 ਦਸੰਬਰ,2024:

ਪਿੰਡ ਮਲਕਪੁਰ ਜੱਟਾਂ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੇ ਗੁਰਚਰਨ ਸਿੰਘ ਅੰਟਾਲ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਵੱਲੋਂ ਪਿੰਡ ਸਲੇਮਪੁਰ ਸੇਖਾਂ ਤਹਿਸੀਲ ਰਾਜਪੁਰਾ ਵਿਖੇ ਸੱਤ ਬੀਘੇ ਜ਼ਮੀਨ ਖਰੀਦੀ ਗਈ ਹੈ ਪਰ ਐਸ ਡੀ ਐਮ ਰਾਜਪੁਰਾ ਵੱਲੋਂ ਪਿਛਲੇ ਤਕਰੀਬਨ ਇਕ ਸਾਲ ਤੋਂ ਉਹਨਾਂ ਦਾ ਇੰਤਕਾਲ ਦਰਜ ਨਹੀਂ ਕੀਤਾ ਜਾ ਰਿਹਾ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਅੰਟਾਲ ਤੇ ਲਵਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਦੋਸ਼ ਲਗਾਇਆ ਕਿ ਉਹਨਾਂ ਦਾ ਇੰਤਕਾਲ 29 ਜਨਵਰੀ 2024 ਤੋਂ ਐਸ ਡੀ ਐਮ ਰਾਜਪੁਰਾ ਕੋਲ ਪੈਂਡਿੰਗ ਪਿਆ ਹੈ।

ਉਹਨਾਂ ਦੱਸਿਆ ਕਿ ਜਿਹੜੀ ਜ਼ਮੀਨ ਉਹਨਾਂ ਖਰੀਦੀ ਹੈ, ਉਸ ’ਤੇ ਪਹਿਲਾਂ ਪਟਵਾਰੀ ਕੋਲੋਂ ਗਲਤੀ ਨਾਲ ਸਟੇਅ ਆਰਡਰ ਚੜ੍ਹ ਗਿਆਸੀ  ਜੋ ਪਟਵਾਰੀ ਨੇ ਠੀਕ ਵੀ ਕਰ ਦਿੱਤਾ ਹੈ। ਇਸ ਬਾਬਤ ਅਦਾਲਤੀ ਕੇਸ 21 ਮਾਰਚ 2024 ਦਾ ਖ਼ਤਮ ਹੋ ਚੁੱਕਾ ਹੈ। ਉਹਨਾਂ ਦੋਸ਼ ਲਗਾਇਆ ਕਿ ਐਸ ਡੀ ਐਮ ਰਾਜਪੁਰਾ ਵੱਲੋਂ ਵਾਰ-ਵਾਰ ਤਰੀਕਾਂ ਪਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ 9 ਦਸੰਬਰ ਨੂੰ ਉਹਨਾਂ ਦੀ ਫਿਰ ਤਾਰੀਕ ਸੀ ਤੇ ਜਦੋਂ ਉਹ ਐਸ ਡੀ ਐਮ ਦਫਤਰ ਗਏ ਤਾਂ ਮੁਲਾਜ਼ਮਾਂ ਨੇ ਕਹਿ ਦਿੱਤਾ ਕਿ ਤੁਹਾਡੀ ਫਿਰ ਤਾਰੀਕ ਪੈ ਗਈ ਹੈ। ਉਹਨਾਂ ਦੋਸ਼ ਲਗਾਇਆ ਕਿ ਅਸੀਂ ਜਦੋਂ ਐਸ ਡੀ ਐਮ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਅਦਾਲਤੀ ਕਮਰੇ ਵਿਚ ਸਾਨੂੰ ਸੱਦ ਲਿਆ। ਅਸੀਂ ਕਿਹਾ ਕਿ ਜੇਕਰ ਤੁਸੀਂ ਸਾਡਾ ਨਿਬੇੜਾ ਨਾ ਕੀਤਾ ਤਾਂ ਅਸੀਂ ਧਰਨਾ ਲਾਵਾਂਗੇ। ਇਸ ’ਤੇ ਐਸ ਡੀ ਐਮ ਭੜਕ ਉਠੇ ਤੇ ਉਹਨਾਂ ਸਾਨੂੰ ਧਮਕੀ ਦਿੱਤੀ ਕਿ ਉਹ ਸਾਡੇ ’ਤੇ ਝੂਠਾ ਕੇਸ ਦਰਜ ਕਰ ਕੇ ਸਾਨੂੰ ਜੇਲ੍ਹ ਭੇਜ ਦੇਣਗੇ।

ਐਸ ਡੀ ਐਮ ਰਾਜਪੁਰਾ ’ਤੇ ਇਕ ਸਾਲ ਤੋਂ ਇੰਤਕਾਲ ਦਰਜ ਨਾ ਕਰਨ ਦਾ ਦੋਸ਼

ਇਹਨਾਂ ਵਿਅਕਤੀਆਂ ਨੇ ਕਿਹਾ ਕਿ ਅਸੀਂ ਹੁਣ 25 ਦਿਨਾਂ ਦਾ ਸਮਾਂ ਐਸ ਡੀ ਐਮ ਨੂੰ ਦੇ ਰਹੇ ਹਾਂ, ਜੇਕਰ ਸਾਡਾ ਇੰਤਕਾਲ ਨਾ ਕੀਤਾ ਤਾਂ ਅਸੀਂ ਐਸ ਡੀ ਐਮ ਦਫਤਰ ਦੇ ਬਾਹਰ ਪੱਕਾ ਧਰਨਾ ਲਗਾਵਾਂਗੇ।

ਐਸ ਡੀ ਐਮ ਦਾ ਪੱਖ
ਇਸ ਮਾਮਲੇ ਵਿਚ ਜਦੋਂ ਐਸ ਡੀ ਐਮ ਅਵਿਕੇਸ਼ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਵਿਅਕਤੀ ਮੇਰੇ ’ਤੇ ਦਬਾਅ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਮੈਂ ਡਿਪਟੀ ਕਮਿਸ਼ਨਰ ਨੂੰ ਲਿਖਤੀ ਬੇਨਤੀ ਕਰ ਦਿੱਤੀ ਹੈ ਕਿ ਇਹ ਕੇਸ ਮੇਰੇ ਕੋਲੋਂ ਟਰਾਂਸਫਰ ਕਰ ਕੇ ਕਿਸੇ ਹੋਰ ਅਫਸਰ ਦੇ ਸੁਪਰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਬਿਨਾਂ ਦੂਜੀ ਧਿਰ ਦੀ ਸੁਣਵਾਈ ਕੀਤਿਆਂ ਕਿਸੇ ਵੀ ਕੇਸ ਦਾ ਫੈਸਲਾ ਨਹੀਂ ਦਿੱਤਾ ਜਾ ਸਕਦਾ।