ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਸਿਫ਼ਤ ਕੌਰ ਸਮਰਾ ਨੇ ਮਿਊਨਿਖ ISSF ਵਿਸ਼ਵ ਕੱਪ ’ਚ ਜਿੱਤਿਆ ਕਾਂਸੀ ਦਾ ਤਗਮਾ
ਅੰਮ੍ਰਿਤਸਰ, 12 ਜੂਨ 2025:
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਸਿਫ਼ਤ ਕੌਰ ਸਮਰਾ ਨੇ ਜਰਮਨੀ ਦੇ ਮਿਊਨਿਖ ਵਿਖੇ ਹੋਏ ISSF ਵਿਸ਼ਵ ਕੱਪ ’ਚ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸਿਫ਼ਤ ਕੌਰ ਜੀ.ਐੱਨ.ਡੀ.ਯੂ. ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ’ਚ ਬੈਚਲਰ ਆਫ਼ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (ਬੀ.ਪੀ.ਈ.ਐੱਸ.) ਦੀ ਵਿਦਿਆਰਥਣ ਹੈ, ਨੇ ਫਾਈਨਲ ’ਚ 453.1 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਰਵੇ ਦੀ ਜੀਨੈੱਟ ਹੈਗ ਡੂਏਸਟੈਡ (466.9 ਅੰਕ) ਨੇ ਸੋਨਾ ਅਤੇ ਸਵਿਟਜ਼ਰਲੈਂਡ ਦੀ ਐਮਿਲੀ ਜੈਗੀ (464.8 ਅੰਕ) ਨੇ ਚਾਂਦੀ ਦਾ ਤਗਮਾ ਜਿੱਤਿਆ।
ਸਿਫ਼ਤ ਦੀ ਇਹ ਜਿੱਤ 2025 ’ਚ ਉਸ ਦੀਆਂ ਸਫ਼ਲਤਾਵਾਂ ਦੀ ਲੜੀ ’ਚ ਇਕ ਹੋਰ ਮੀਲ ਪੱਥਰ ਹੈ। ਇਸ ਤੋਂ ਪਹਿਲਾਂ ਉਸ ਨੇ ਬੁਏਨਸ ਆਇਰਸ ’ਚ ISSF ਵਿਸ਼ਵ ਕੱਪ ’ਚ ਸੋਨ ਤਗਮਾ ਜਿੱਤਿਆ ਸੀ ਅਤੇ 2022 ਦੀਆਂ ਏਸ਼ੀਅਨ ਖੇਡਾਂ ’ਚ 469.6 ਅੰਕਾਂ ਨਾਲ ਵਿਸ਼ਵ ਰਿਕਾਰਡ ਵੀ ਬਣਾਇਆ ਸੀ। ਮਿਊਨਿਖ ’ਚ ਉਸ ਨੇ ਕੁਆਲੀਫਿਕੇਸ਼ਨ ਰਾਊਂਡ ’ਚ 592 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਂਸੀ ’ਤੇ ਕਬਜ਼ਾ ਕੀਤਾ।
ਸਿਫ਼ਤ ਨੇ ਪੈਰਿਸ ਓਲੰਪਿਕਸ 2024 ’ਚ ਵੀ ਭਾਰਤ ਦੀ ਪ੍ਰਤੀਨਿਧਤਾ ਕਰਕੇ ਦੇਸ਼ ਦਾ ਮਾਣ ਵਧਾਇਆ, ਜਿਸ ਨਾਲ ਉਸ ਦੀ ਅੰਤਰਰਾਸ਼ਟਰੀ ਪਛਾਣ ਹੋਰ ਮਜ਼ਬੂਤ ਹੋਈ ਹੈ।

ਜੀ.ਐੱਨ.ਡੀ.ਯੂ. ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਡਾ ਪਲਵਿੰਦਰ ਸਿੰਘ ਪ੍ਰੋ. (ਡਾ.) ਕੇ ਐਸ ਚਾਹਲ, ਰਜਿਸਟਰਾਰ, ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਅਮਨਦੀਪ ਸਿੰਘ, ਡਾਇਰੈਕਟਰ ਸਪੋਰਟਸ ਡਾ. ਕੰਵਰਮਨਦੀਪ ਸਿੰਘ, ਸ਼ੂਟਿੰਗ ਕੋਚ ਰਜਵਿੰਦਰ ਕੌਰ ਅਤੇ ਸਮੁੱਚੀ ਫੈਕਲਟੀ ਨੇ ਸਿਫ਼ਤ ਕੌਰ ਸਮਰਾ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਵਾਈਸ-ਚਾਂਸਲਰ ਨੇ ਕਿਹਾ, “ਸਿਫ਼ਤ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਪੰਜਾਬ ਅਤੇ ਭਾਰਤ ਦਾ ਨਾਂ ਦੁਨੀਆ ਭਰ ’ਚ ਰੌਸ਼ਨ ਕੀਤਾ ਹੈ। ਉਹ ਸਾਡੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ।
”ਡਾ. ਅਮਨਦੀਪ ਸਿੰਘ ਨੇ ਸਿਫ਼ਤ ਦੀ ਸਫ਼ਲਤਾ ਨੂੰ ਯੂਨੀਵਰਸਿਟੀ ਦੇ ਸ਼ੂਟਿੰਗ ਪ੍ਰੋਗਰਾਮ ਦੀ ਮਜ਼ਬੂਤੀ ਦਾ ਸਬੂਤ ਦੱਸਿਆ। ਉਨ੍ਹਾਂ ਕਿਹਾ ਕਿ ਜੀ.ਐੱਨ.ਡੀ.ਯੂ. ਦੀ ਨਵੀਂ ਖੇਡ ਨੀਤੀ, ਜਿਸ ਵਿੱਚ ਮੁਫ਼ਤ ਦਾਖਲਾ, ਮੁਫ਼ਤ ਰਿਹਾਇਸ਼, ਮਹੀਨਾਵਾਰ ਖੁਰਾਕ ਸਹਾਇਤਾ (3,500 ਤੋਂ 18,000 ਰੁਪਏ), ਯਾਤਰਾ ਸਹਾਇਤਾ ਅਤੇ ਕਰੀਅਰ ਮਾਰਗਦਰਸ਼ਨ ਸ਼ਾਮਲ ਹੈ, ਸਿਫ਼ਤ ਕੌਰ ਵਰਗੇ ਖਿਡਾਰੀਆਂ ਨੂੰ ਹੋਰ ਸਸ਼ਕਤ ਕਰੇਗੀ। ਇਸ ਨੀਤੀ ਨੇ ਯੂਨੀਵਰਸਿਟੀ ਨੂੰ 25 ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ।
ਡਾਇਰੈਕਟਰ ਸਪੋਰਟਸ ਡਾ. ਕੰਵਰਮਨਦੀਪ ਸਿੰਘ ਅਤੇ ਕੋਚ ਰਜਵਿੰਦਰ ਕੌਰ ਨੇ ਸਿਫ਼ਤ ਦੀ ਮਿਹਨਤ ਅਤੇ ਯੂਨੀਵਰਸਿਟੀ ਦੀ ਅਤਿ-ਆਧੁਨਿਕ ਸ਼ੂਟਿੰਗ ਰੇਂਜ ਦੀ ਸਫ਼ਲਤਾ ’ਤੇ ਮਾਣ ਜਤਾਇਆ। 2007-08 ’ਚ ਸਥਾਪਤ ਇਸ ਰੇਂਜ ਨੇ ਕਈ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਯੂਨੀਵਰਸਿਟੀ ਦਾ 8-9 ਕਰੋੜ ਰੁਪਏ ਦਾ ਸਾਲਾਨਾ ਖੇਡ ਬਜਟ ਅਤੇ ਮੈਡਲ ਜੇਤੂਆਂ ਲਈ ਮਹੀਨਾਵਾਰ ਸਟਾਈਪੈਂਡ ਦੀ ਯੋਜਨਾ ਸਿਫ਼ਤ ਵਰਗੇ ਖਿਡਾਰੀਆਂ ਦੀ ਸਫ਼ਲਤਾ ਨੂੰ ਹੋਰ ਵਧਾਵਾ ਦੇਵੇਗੀ।
