ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਮਿਲਣੀ ਕਰਵਾਈ ਗਈ
ਪਟਿਆਲਾ / royalpatiala.in News/ ਮਾਰਚ , 17,2026
ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਵਿਖੇ ਪ੍ਰਿੰਸੀਪਲ ਡਾ. ਵਨੀਤਾ ਰਾਣੀ ਦੀ ਯੋਗ ਅਗਵਾਈ ਵਿੱਚ ਕਾਲਜ ਵਿਖੇ ਅੱਜ , ਮਾਰਚ , 17,2026 ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਮਿਲਣੀ ਕਰਵਾਈ ਗਈ।
ਇਸ ਸਾਹਿਤਕ ਮਿਲਣੀ ਦਾ ਆਰੰਭ ਸਮ੍ਹਾ ਰੋਸ਼ਨ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿੱਚ ਚਰਨਜੀਤ ਕੌਰ (ਲਾਇਬ੍ਰੇਰੀਅਨ) ਸਰਕਾਰੀ ਕਾਲਜ ਲੜਕੀਆਂ, ਪਟਿਆਲਾ, ਪ੍ਰਿੰਸੀਪਲ ਸਕਿੰਦਰ ਕੌਰ, ਸਰਕਾਰੀ ਕਾਲਜ ਕਪੂਰਥਲਾ, ਅਰਵਿੰਦਰ ਸਿੰਘ ਢਿੱਲੋਂ (ਸਾਹਿਤਕਾਰ), ਡਾ. ਅਮਰਜੀਤ ਸਿੰਘ, ਅਵਿਨਾਸ਼ ਰਾਣਾ (ਸਮਾਜ ਸੇਵਕ), ਅਮਰਜੀਤ ਕਾਉਂਕੇ ਨੇ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦੀ ਇਹ ਸਾਹਿਤਕ ਮਿਲਣੀ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਹੈ ਅਤੇ ਕਾਲਜ ਦੇ ਵਿਦਿਆਰਥੀ ਬਹੁਤ ਹੀ ਖੁਸ਼ਕਿਸਮਤ ਹਨ ਕਿ ਅੱਜ ਉਨ੍ਹਾਂ ਨੂੰ ਇੱਕ ਸਫਲ ਔਰਤ ਦੇ ਵਜੋਂ ਪੰਜਾਬੀ ਸਾਹਿਤ ਦੀ ਉੱਘੀ ਸ਼ਖਸ਼ੀਅਤ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ।

ਸੁਖਵਿੰਦਰ ਅੰਮ੍ਰਿਤ ਨੇ ਆਪਣੇ ਸਾਹਿਤਕ ਖਜ਼ਾਨੇ ਦੇ ਭੰਡਾਰ ਵਿਚੋਂ ਵਿਦਿਆਰਥੀਆਂ ਦੇ ਸਨਮੁੱਖ ਕਵਿਤਾਵਾਂ, ਗਜ਼ਲਾਂ, ਗੀਤ ਪੇਸ਼ ਕੀਤੇ ਜਿਸ ਦੇ ਨਾਲ ਕਿ ਉਨ੍ਹਾਂ ਨੇ ਇਸ ਸਾਹਿਤਕ ਮਿਲਣੀ ਦਾ ਢੁਕਵਾਂ ਆਗਾਜ਼ ਕਰਕੇ ਰੰਗ ਬੰਨਿ੍ਹਆ। ਉਨ੍ਹਾਂ ਨੇ ਆਪਣੇ ਜੀਵਨ ਦੇ ਸਫਰ ਦੀ ਉਦਾਹਰਨ ਦਿੰਦੇ ਹੋਏ ਵਿਦਿਆਰਥੀਆਂ ਦੇ ਵਿੱਚ ਹੌਂਸਲਾ, ਸਬਰ ਅਤੇ ਠਰੰਮੇ ਜਿਹੇ ਗੁਣ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਿਸ ਨਾਲ ਉਨ੍ਹਾਂ ਨੂੰ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਮਿਲੀ।
ਮੰਚ ਦਾ ਸੰਚਾਲਨ ਡਾ. ਅਲਕਾ ਧਾਰੀਵਾਲ ਵੱਲੋਂ ਕੀਤਾ ਗਿਆ। ਅਸਿ. ਪ੍ਰੋ. ਮੂਰਤੀ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਅਵਸਰ ਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਰਹੇ।












