ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਦੇ ਖੇਤੀਬਾੜੀ ਫਾਰਮ ਦਾ ਕੀਤਾ ਵਿਸ਼ੇਸ਼ ਉਦਯੋਗਿਕ ਦੌਰਾ
ਫ਼ਤਹਿਗੜ੍ਹ ਸਾਹਿਬ, 1 ਦਸੰਬਰ,2023
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ, ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀਆਂ ਨੇ ਨੈਸ਼ਨਲ ਸਕਿੱਲ ਕੁਆਲੀਫ਼ਿਕੇਸ਼ਨ ਫ਼ਰੇਮਵਰਕ ਸਕੀਮ ਅਧੀਨ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਦੇ ਖੇਤੀਬਾੜੀ ਫਾਰਮ ਦਾ ਵਿਸ਼ੇਸ਼ ਉਦਯੋਗਿਕ ਦੌਰਾ ਕੀਤਾ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਸਕੂਲ ਦੇ ਪ੍ਰਿੰਸੀਪਲ ਨਰਿੰਦਰ ਕੌਰ ਨੇ ਕਾਲਜ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਅਤੇ ਖੇਤੀਬਾੜੀ ਵਿਭਾਗ ਦੇ ਸਟਾਫ਼ ਦਾ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਖੇਤੀਬਾੜੀ ਨਾਲ ਸਬੰਧਿਤ ਉਚੇਰੀ ਵਿੱਦਿਆ ਦੇ ਵਿਕਲਪਾਂ ਅਤੇ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਬਾਰੇ ਜਾਣੂ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਦਯੋਗਿਕ ਦੌਰਾ ਸਕੂਲ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਰਿਹਾ ਹੈ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਦਾ ਖੇਤੀਬਾੜੀ ਵਿਭਾਗ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਦੁਆਰਾ ਪ੍ਰਮਾਣਿਤ ਹੈ ਅਤੇ ਇਸ ਵਿਭਾਗ ਕੋਲ ਅਤਿ ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਪ੍ਰੈਕਟੀਕਲ ਕਾਰਜਾਂ ਲਈ 50 ਏਕੜ ਫਾਰਮ ਦੇ ਨਾਲ-ਨਾਲ ਉੱਚ ਵਿੱਦਿਆ ਪ੍ਰਾਪਤ ਤਜ਼ਰਬੇਕਾਰ ਅਧਿਆਪਕ ਹਨ।
ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ ਬੀ.ਐਸ.ਸੀ. ਆਨਰਜ਼ ਐਗਰੀਕਲਚਰ ਦੇ ਕੋਰਸ ਵਿੱਚ 120 ਸੀਟਾਂ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਸਫ਼ਲਤਾਪੂਰਵਕ ਚੱਲ ਰਿਹਾ ਹੈ।
ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਨਾਮਵਰ ਸਕੂਲਾਂ ਦੇ ਪ੍ਰਬੰਧਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਸਬੰਧੀ ਜਾਣਕਾਰੀ ਦਿਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉੱਚਕੋਟੀ ਦੇ ਵਿੱਦਿਅਕ ਅਦਾਰੇ ਮਾਤਾ ਗੁਜਰੀ ਕਾਲਜ ਦੀ ਚੋਣ ਕੀਤੀ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ।
ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਸੰਦੀਪ ਕੁਮਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਉਦਯੋਗਿਕ ਦੌਰੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਖੇਤੀਬਾੜੀ ਨਾਲ ਸਬੰਧਿਤ ਉਪਯੋਗੀ ਸੰਦਾਂ, ਡ੍ਰਿਪ ਸਿੰਚਾਈ, ਮੌਸਮ ਨਿਰੀਖਣਸ਼ਾਲਾ, ਵਰਮੀ ਕੰਪੋਸਟ, ਆਰਗੈਨਿਕ ਫਾਰਮਿੰਗ, ਸੌਇਲ ਸੈਂਪਲਿੰਗ, ਪੌਲੀ ਹਾਊਸ ਅਧੀਨ ਸਬਜ਼ੀਆਂ ਦੀ ਕਾਸ਼ਤ, ਵਿਗਿਆਨਕ ਤਰੀਕੇ ਨਾਲ ਫ਼ਲ, ਫੁੱਲਾਂ ਅਤੇ ਸਬਜ਼ੀਆਂ ਦੀ ਖੇਤੀ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਸੂਪਰਸੀਡਰ ਦੀ ਵਰਤੋਂ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।
ਡਾ. ਸੰਦੀਪ ਨੇ ਕਿਹਾ ਕਿ ਕਾਲਜ ਦੇ ਪ੍ਰਯੋਗਾਤਮਕ ਫ਼ਾਰਮ ਵਿਚ ਤਕਰੀਬਨ 8 ਕਿੱਲੇ ਦਾ ਬਗ਼ੀਚਾ ਵੀ ਹੈ, ਜਿਸ ਵਿਚ ਅਮਰੂਦ, ਚੀਕੂ, ਕਿੰਨੂ, ਅੰਬ, ਆਮਲਾ, ਅੰਜੀਰ, ਲੀਚੀ, ਜਾਮਣ ਅਤੇ ਸੇਬ ਆਦਿ ਫ਼ਲਾਂ ਦੀ ਸਫ਼ਲਤਾਪੂਰਵਕ ਖੇਤੀ ਕੀਤੀ ਜਾਂਦੀ ਹੈ।
ਸਕੂਲ ਦੇ ਅਧਿਆਪਕ ਕਮਲਦੀਪ ਸਿੰਘ ਅਤੇ ਪ੍ਰੇਮੋ ਬਾਈ ਨੇ ਦੱਸਿਆ ਕਿ ਇਹ ਦੌਰਾ ਉਨ੍ਹਾਂ ਦੇ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਰਿਹਾ ਹੈ। ਇਸ ਮੌਕੇ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਡਾ. ਹੇਮਰਾਜ, ਡਾ. ਨਿਕੇਸ਼, ਇੰਜੀ. ਅਮਿਤ ਮਿਸ਼ਰਾ, ਪ੍ਰੋ. ਪੂਨਮ ਅਤੇ ਪ੍ਰੋ. ਤਲਵਿੰਦਰ ਸਿੰਘ ਆਦਿ ਹਾਜ਼ਰ ਸਨ।