ਪਤਨੀ ਪੀੜਤ ਸਮਾਜ ਸੇਵੀ ਸੰਦੀਪ ਮੋਮੀ ਨੇ ਪੁਲਿਸ ’ਤੇ ਲਾਏ ਇਨਸਾਫ ਨਾ ਦੇਣ ਦੇ ਦੋਸ਼
ਪਟਿਆਲਾ, 26 ਜੁਲਾਈ,2024:
ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਸੰਦੀਪ ਮੋਮੀ ਨੇ ਪੁਲਿਸ ’ਤੇ ਦੋਸ਼ ਲਗਾਇਆ ਹੈ ਕਿ ਉਹ ਉਸਦੀ ਪਤਨੀ ਦੀ ਸ਼ਹਿ ’ਤੇ ਉਹਨਾਂ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜਦੋਂ ਕਿ ਪਤਨੀ ਖਿਲਾਫ ਦਿੱਤੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ।
ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਦੀਪ ਮੋਮੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਮਾਰਗੇਟ ਡਿਸੂਜ਼ਾ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੇ ਉਹਨਾਂ ਦੀ ਜਾਇਦਾਦ ਹੜੱਪ ਕਰਨਾ ਚਾਹੁੰਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਜਾਇਦਾਦ ਆਪਣੀ ਬੇਟੀ ਦੇ ਨਾਮ ਲਗਵਾ ਦਿੱਤੀ ਸੀ ਤੇ ਹੁਣ ਪਤਨੀ ਮੰਗ ਕਰ ਰਹੀ ਹੈ ਕਿ ਜਾਇਦਾਦ ਮੈਂ ਆਪਣੇ ਨਾਂ ’ਤੇ ਵਾਪਸ ਲਵਾਂ ਤੇ ਫਿਰ ਉਸਦੇ ਨਾਮ ਕਰਵਾ ਕੇ ਦਿਆਂ।
ਉਹਨਾਂ ਦੱਸਿਆ ਕਿ ਉਹਨਾਂ ਦੀ ਪਤਨੀ ਨੇ ਉਹਨਾਂ ਦੀ ਮਾਤਾ, ਬੇਟੀ ਤੇ ਹੋਰ ਪਰਿਵਾਰਕ ਮੈਂਬਰਾਂ ਬਾਰੇ ਸੋਸ਼ਲ ਮੀਡੀਆ ’ਤੇ ਬਹੁਤ ਇਤਰਾਜ਼ਯੋਗ ਸ਼ਬਦਾਵਲੀ ਵਾਲੀਆਂ ਪੋਸਟਾਂ ਪਾਈਆਂ ਹੋਈਆਂ ਹਨ ਜਿਹਨਾਂ ਖਿਲਾਫ ਉਹਨਾਂ ਨੇ ਹੇਠੋਂ ਲੈ ਕੇ ਉਪਰ ਮੁੱਖ ਮੰਤਰੀ, ਡੀ ਜੀ ਪੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਹਨ ਪਰ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਦੂਜੇ ਪਾਸੇ ਪਤਨੀ ਦੀ ਸ਼ਿਕਾਇਤ ’ਤੇ ਪੁਲਿਸ ਹਰ ਤੀਜੇ ਦਿਨ ਉਹਨਾਂ ਦੇ ਘਰ ਛਾਪੇਮਾਰੀ ਕਰਦੀ ਹੈ ਤੇ ਉਹਨਾਂ ਨੂੰ ਪੁਲਿਸ ਥਾਣੇ ਸੱਦ ਕੇ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਹੁਣ ਪਤਨੀ ਨਾਲ ਤਲਾਕ ਦਾ ਕੇਸ ਅਦਾਲਤ ਵਿਚ ਦਾਇਰ ਕੀਤਾ ਹੋਇਆ ਹੈ ਤੇ ਜੋ ਅਦਾਲਤ ਫੈਸਲਾ ਕਰੇਗੀ, ਉਸ ਮੁਤਾਬਕ ਉਹ ਕੰਮ ਕਰਨਗੇ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਕੁਝ ਸਥਾਨਕ ਆਗੂ ਉਹਨਾਂ ਦੀ ਪਤਨੀ ਦੀ ਮਦਦ ਕਰ ਰਹੇ ਹਨ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਪਤਨੀ ਨੇ ਉਹਨਾਂ ਦੇ ਘਰ ’ਤੇ ਵੀ ਕਬਜ਼ਾ ਕੀਤਾ ਹੋਇਆ ਹੈ।
ਪਤਨੀ ਨੇ ਦੋਸ਼ ਨਕਾਰੇ
ਦੂਜੇ ਪਾਸੇ ਸੰਪਰਕ ਕਰਨ ’ਤੇ ਪਤਨੀ ਮਾਰਗੇਟ ਡਿਸੂਜ਼ਾ ਨੇ ਇਹਨਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਦੱਸਿਆ ਕਿ ਸੰਦੀਪ ਮੋਮੀ ਨੇ ਉਹਨਾਂ ਨੂੰ ਮੀਡੀਆ ਕਟਿੰਗਾਂ ਵਿਖਾ ਕੇ ਤੇ ਹੋਰ ਲਾਲਚ ਦੇ ਕੇ ਆਪਣੇ ਵੱਲ ਆਕਰਸ਼ਤ ਕਰ ਲਿਆ ਤੇ ਉਹਨਾਂ ਫੈਸਲਾ ਲਿਆ ਕਿ ਉਹ ਆਪਣਾ ਸਾਰਾ ਜੀਵਨ ਹੁਣ ਇਹਨਾਂ ਨਾਲ ਹੀ ਬਤੀਤ ਕਰਨਗੇ ਤੇ ਉਹਨਾਂ ਨੇ ਵਿਆਹ ਕਰਵਾ ਲਿਆ। ਉਹਨਾਂ ਕਿਹਾ ਕਿ ਪਹਿਲੇ 5 ਸਾਲ ਤੱਕ ਤਾਂ ਜ਼ਿੰਦਗੀ ਵਧੀਆ ਚੱਲੀ ਪਰ ਹੁਣ ਉਹਨਾਂ ਦੀ ਮਾਤਾ ਤੇ ਹੋਰ ਪਰਿਵਾਰਕ ਮੈਂਬਰਾਂ ਕਰ ਕੇ ਜ਼ਿੰਦਗੀ ਨਰਕ ਬਣ ਗਈ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੇ ਮੋਮੀ ਦਾ ਡੀ ਐਮ ਸੀ ਹਸਪਤਾਲ ਵਿਚ ਬਹੁਤ ਇਲਾਜ ਕਰਵਾਇਆ ਕਿਉਂਕਿ ਉਹ ਬਹੁਤ ਨਸ਼ੇ ਕਰਦਾ ਸੀ। ਉਹਨਾਂ ਕਿਹਾ ਕਿ ਉਹ ਆਪਣਾ ਪੱਖ ਵੀ ਪ੍ਰੈਸ ਕਾਨਫਰੰਸ ਕਰ ਕੇ ਮੀਡੀਆ ਅਤੇ ਲੋਕਾਂ ਸਾਹਮਣੇ ਰੱਖਣਗੇ।