ਸੀਨੀਅਰ ਦਿੱਲੀ ਪਬਲਿਕ ਸਕੂਲ ਰੂਪਨਗਰ ਵੱਲੋਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ,9 ਦਸੰਬਰ,2025
ਸੀਨੀਅਰ ਦਿੱਲੀ ਪਬਲਿਕ ਸਕੂਲ ਰੂਪਨਗਰ ਵੱਲੋਂ ਸਲਾਨਾ ਇਨਾਮ ਵੰਡ ਸਮਾਗਮ ‘ ਲਿਟਲ ਹਾਰਟ ਬਿਗ ਡਰੀਮ’ ਬੜੇ ਉਤਸਾਹ ਤੇ ਧੂਮਧਾਮ ਨਾਲ ਮਨਾਇਆ ਗਿਆ ।
‘ਡਰੀਮ ਡੈਸਟੀਨੇਸ਼ਨ ਰਿਜੋਰਟ ‘ ਰੂਪਨਗਰ ਵਿਖੇ ਕਰਵਾਏ ਗਏ ਰੰਗਾਰੰਗ ਸਮਾਗਮ ‘ਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਬਤੌਰ ਮੁੱਖ ਮਹਿਮਾਨ ਤੇ ਅਸ਼ੋਕ ਵਾਹੀ ਪ੍ਰਧਾਨ ਨਗਰ ਕੌਂਸਲ ਰੂਪਨਗਰ ਨੇ ਗੈਸਟ ਆਫ ਆਨਰ ਤੇ ਉੱਘੇ ਉਦਯੋਗਪਤੀ ਮਨੀਸ਼ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਕੂਲ ਦੇ ਚੇਅਰਮੈਨ ਜੇ.ਕੇ ਜੱਗੀ ,ਸੀ.ਈ.ਓ..ਮਨਮੋਹਨ ਕਾਲੀਆ , ਪ੍ਰਿੰ.ਪਵਨੀਤ ਕੌਰ ਤੇ ਵਿਦਿਆਰਥੀਆਂ ਨੇ ਦੋਵੇਂ ਮਹਿਮਾਨਾਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ। । ਸਮਾਗਮ ਵਿੱਚ ਵੱਡੀ ਗਿਣਤੀ ‘ਚ ਵਿਦਿਆਰਥੀਆਂ ਦੇ ਮਾਤਾ -ਪਿਤਾ ਤੇ ਇਲਾਕੇ ਦੇ ਪਤਵੰਤੇ ਸੱਜਣ ਤੇ ਪ੍ਰੈੱਸ ਦੇ ਨੁਮਾਇੰਦੇ ਸ਼ਾਮਿਲ ਹੋਏ।
ਵਿਸ਼ੇਸ਼ ਮਹਿਮਾਨ ਅਸ਼ੋਕ ਵਾਹੀ , ਜੇ.ਕੇ. ਜੱਗੀ ,ਮਨਮੋਹਨ ਕਾਲੀਆ ਪ੍ਰਿੰ .ਪਵਨੀਤ ਕੌਰ ਨੇ ਸਮੂਹਿਕ ਰੂਪ ਵਿੱਚ ਜੋਤੀ ਰੌਸ਼ਨ ਕਰਨ ਦੀ ਰਸਮਾ ਅਦਾ ਕੀਤੀ। ‘ ਧੰਨ ਗੁਰੂ ਤੇਗ ਬਹਾਦਰ ਸਾਹਿਬ’ ਸ਼ਬਦ ਦੇ ਗਾਇਨ ਅਤੇ ਗਣੇਸ਼ ਵੰਦਨਾ ਦੀ ਪੇਸ਼ਕਾਰੀ ਦੇ ਨਾਲ ਸਮਾਗਮ ਦਾ ਆਰੰਭ ਕੀਤਾ ਗਿਆ। ਸਕੂਲ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸੱਭਿਆਚਾਰਕ ਵੰਨਗੀਆਂ , ਨੰਨ੍ਹੇ -ਮੁੰਨੇ ਬੱਚਿਆਂ ਦੀਆਂ ਦਿਲਕਸ਼ ਪੇਸ਼ਕਾਰੀਆਂ , ਵੱਖ-ਵੱਖ ਰਾਜਾਂ ਦੇ ਲੋਕ-ਨਾਚਾਂ, ਦੇਸ ਪ੍ਰੇਮ ,ਸਮਾਜਕ ਸਰੋਕਾਰਾਂ ਨਾਲ ਸਬੰਧਤ ਕੋਰੀਓਗ੍ਰਾਫੀਆਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ।
ਭੂਮਰੋ- ਭੂਮਰੋ ਗੀਤ ਤੇ ਕੀਤੇ ਦਿਲਕਸ਼ ਨ੍ਰਿਤ ਨੇ ਦਰਸ਼ਕਾਂ ਦੀ ਚੰਗੀ ਵਾਹ -ਵਾਹ ਖੱਟੀ। ਧੂੰਆਂ- ਧੂੰਆਂ ਗੀਤ ‘ਤੇ ਕੀਤੀ ਗਈ ਰਾਹੀਂ ਵਧਦੇ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਜਾਗਰੂਕ ਕਰ ਕੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਗਈ। ਪਹਿਲਗਾਮ ਹਮਲੇ ਅਤੇ ਆਪਰੇਸ਼ਨ ਸੰਧੂਰ ‘ਤੇ ਕੀਤੀ ਗਈ ਕੋਰਿਓਗ੍ਰਾਫੀ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।
ਪ੍ਰਿੰ. ਪਵਨੀਤ ਕੌਰ ਨੇ ਸਕੂਲ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦਿਨੇਸ਼ ਚੱਢਾ ਨੇ ਕਿਹਾ ਕਿ ਸੀਨੀਅਰ ਡੀ.ਪੀ.ਐਸ ਸਕੂਲ ਸਿੱਖਿਆ ਦੇ ਖੇਤਰ ਵਿੱਚ ਇਲਾਕੇ ‘ਚ ਆਪਣੀ ਨਿਵੇਕਲੀ ਪਹਿਚਾਣ ਬਣਾ ਚੁੱਕਾ ਹੈ।
ਅਸ਼ੋਕ ਵਾਹੀ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਏਸੇ ਤਰ੍ਹਾਂ ਮਿਹਨਤ ਸਦਕਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਦੋਵਾਂ ਮਹਿਮਾਨਾਂ ਦੇ ਨਾਲ -ਨਾਲ ਚੇਅਰਮੈਨ ਜੇ.ਕੇ ਜੱਗੀ ,ਸੀਈਓ ਮਨਮੋਹਨ ਕਾਲੀਆ, ਪ੍ਰਿੰ.ਪਵਨੀਤ ਕੌਰ , ਨਿਤਿਨ ਜੱਗੀ ਨੇ ਵਿਸ਼ੇਸ਼ ਉਪਲੱਬਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ।

ਸਕੂਲ ਦੇ ਚੇਅਰਮੈਨ .ਜੇ .ਕੇ. ਜੱਗੀ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ ਸਮਾਗਮ ਵਿੱਚ ਪਹੁੰਚਣ ‘ਤੇ ਉਚੇਚੇ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸੀਨੀਅਰ ਡੀ .ਪੀ .ਐਸ. ਸਕੂਲ ਵਿੱਚ ਬੱਚਿਆਂ ਨੂੰ ਮਾਹਿਰ ਟੀਚਰਾਂ ਰਾਹੀਂ ਸਿੱਖਿਆ ਦੀਆਂ ਆਧੁਨਿਕ ਤਕਨੀਕਾਂ, ਸਹੂਲਤਾਂ ਤੇ ਵਿਸ਼ੇਸ਼ ਗਤੀਵਿਧੀਆਂ ਰਾਹੀਂ ਪੜ੍ਹਾਇਆ ਜਾ ਰਿਹਾ ਹੈ। .ਪਰਮਿੰਦਰ ਸਿੰਘ ਰੀਹਲ , ਸੁਭਾਸ਼ ਚੰਦਰ , ਭੁਪਿੰਦਰ ਸਿੰਘ ਤੇ ਵਿਜੇ ਕੁਮਾਰ ਉਚੇਚੇ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਏ।
ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬ ਦੇ ਲੋਕ -ਨਾਚ ਭੰਗੜੇ ਦੀ ਪੇਸ਼ਕਾਰੀ ਨੇ ਸਮਾਗਮ ਦੇ ਰੋਮਾਂਚ ਨੂੰ ਸਿਖਰਾਂ ਉੱਤੇ ਪਹੁੰਚਾ ਦਿੱਤਾ ਤੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਮੈਡਮ ਰਾਸ਼ੀ ਜੈਨ ਤੇ ਪੰਜਾਬੀ ਅਧਿਆਪਕ ਜਗਜੀਤ ਸਿੰਘ ਜੀਤੀ ਨੇ ਮੰਚ ਸੰਚਾਲਕ ਦੀ ਭੂਮਿਕਾ ਬਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਵਾਈਸ ਪ੍ਰਿੰਸੀਪਲ ਗੀਤਾ ਖੈਰਾ ਨੇ ਮੁੱਖ ਮਹਿਮਾਨ ,ਵਿਸ਼ੇਸ਼ ਮਹਿਮਾਨ, ਵਿਦਿਆਰਥੀਆਂ ਦੇ ਮਾਤਾ-ਪਿਤਾ ਤੇ ਹੋਰ ਪਤਵੰਤੇ ਸੱਜਣਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਕੁੱਲ ਮਿਲਾ ਕੇ ਸਕੂਲ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ।












