ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਅੱਗੇ ਪੁਰਾਣੀ ਮੋਰਿੰਡਾ ਰੋਡ ਉੱਪਰ ਭਾਰੀ ਵਾਹਨਾਂ ਦੇ ਲੰਘਣ ਤੇ ਪੂਰਣ ਪਾਬੰਦੀ
ਬਹਾਦਰਜੀਤ ਸਿੰਘ /ਰੂਪਨਗਰ/ 5 ਅਪ੍ਰੈਲ,2025
ਦਫਤਰ ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਦੇ ਵਿਦਿਆਰਥੀਆਂ ਦੀ ਸੁਰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲੀ ਸਮੇ ਦੌਰਾਨ (ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ) ਪੁਰਾਣੀ ਮੋਰਿੰਡਾ ਰੋਡ ਉੱਪਰੋਂ ਭਾਰੀ ਵਾਹਨਾਂ (ਟਰੱਕ, ਟਿੱਪਰ ਆਦਿ) ਦੇ ਲੰਘਣ ਤੇ ਪੂਰਣ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਕਤ ਹੁਕਮ ਮੈਡਮ ਪੂਜਾ ਸਿਆਲ ਗਰੇਵਾਲ, ਵਧੀਕ ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਦੁਆਰਾ ਲਾਗੂ ਕੀਤੇ ਗਏ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਨੇ ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਅੱਜ ਤੋਂ ਹੀ ਸਰਬਜੀਤ ਸਿੰਘ (ਐਸ.ਆਈ), ਅਜੈ ਕੁਮਾਰ, (ਏ.ਐਸ.ਆਈ.) ਅਤੇ ਪਵਨ ਕੁਮਾਰ (ਏ.ਐਸ.ਆਈ.), ਟੈ੍ਰਫਿਕ ਪੁਲਿਸ, ਰੂਪਨਗਰ ਨੂੰ ਤਾਇਨਾਤ ਕਰ ਦਿੱਤਾ ਹੈ ਤਾਂ ਜੋ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾ ਸਕਣ।
ਇਸ ਸੜਕ ਉੱਤੇ ਟ੍ਰੈਫਿਕ ਨਿਯੰਤਰਣ ਕਰਨ ਲਈ ਉੱਚ ਰੈਜ਼ੋਲੂਸ਼ਨ ਕੈਮਰੇ ਵੀ ਲਗਾਏ ਗਏ ਹਨ। ਜਿਹਨਾ ਰਾਹੀਂ ਓਵਰ ਸਪੀਡ ਵਾਹਨਾਂ, ਰੇਤਾਂ, ਬਜਰੀ ਅਤੇ ਸੁਆਹ ਆਦਿਕ ਖਿਲਾਰ ਕੇ ਜਾਣ ਵਾਲੇ ਵਾਹਨਾਂ ਤੇ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।