ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਨੇ ਮਨਾਈ ਈਕੋ-ਫਰੈਂਡਲੀ ਹੋਲੀ
ਬਹਾਦਰਜੀਤ ਸਿੰਘ/ਰੂਪਨਗਰ,13 ਮਾਰਚ,2025
ਆਈ.ਈ.ਟੀ ਭੱਦਲ ਕੈਂਪਸ ਵਿਖੇ ਰੰਗਾਂ ਦਾ ਤਿਉਹਾਰ ਹੋਲੀ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਕਾਲਜ ਦੀ ਸੱਭਿਆਚਾਰਕ ਕਮੇਟੀ ਵੱਲੋਂ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਵਿੱਚ ਖੁਸ਼ੀਆਂ ਫੈਲਾਉਣ ਅਤੇ ਏਕਤਾ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਸੱਭਿਆਚਾਰਕ ਕਮੇਟੀ ਨੇ ਵਿਦਿਆਰਥੀਆਂ ਨੂੰ ਵੱਖ-2 ਕੁਦਰਤੀ ਤਰੀਕਿਆਂ ਨਾਲ ਰੰਗ ਬਣਾਉਣ ਦੀ ਵਿਧੀ ਸਿਖਾਈ। ਇਨ੍ਹਾਂ ਰੰਗਾਂ ਨੂੰ ਵਿਦਿਆਰਥੀਆਂ ਨੇ ਆਪਣੀ ਹੱਥੀ ਤਿਆਰ ਕੀਤਾ ਜੋ ਕਿ ਸਾਡੀ ਸਿਹਤ ਉੱਪਰ ਬਿਨਾਂ ਕੋਈ ਪ੍ਰਭਾਵ ਸਿਰਜਿਆਂ ਅਨੰਦਮਈ ਖੇਡ ਦਾ ਹਿੱਸਾ ਬਣ ਸਕਦੇ ਹਨ।
ਇਸ ਸਮਾਗਮ ਵਿੱਚ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਇੱਕ ਦੂਜੇ ਨੂੰ ਰੰਗਾਂ ਨਾਲ ਰੰਗਦੇ ਹੋਏ ਅਤੇ ਸੰਗੀਤ ਦੀਆਂ ਬੀਟਾਂ ‘ਤੇ ਨੱਚਦੇ ਹੋਏ ਦਿਖਾਈ ਦਿੱਤੇ। ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ। ਡਾ.ਐਸ.ਐਸ. ਬਿੰਦਰਾ- ਰਜਿਸਟਰਾਰ-ਕਮ-ਡਾਇਰੈਕਟਰ ਨੇ ਸਮਾਗਮ ਦੀ ਸਫਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਟਾਫ਼, ਫੈਕਲਟੀ ਅਤੇ ਵਿਦਿਆਰਥੀਆਂ ਨੂੰ ਹੋਲੀ ਦੇ ਮੌਕੇ ‘ਤੇ ਨਿੱਘੀ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ, “ਹੋਲੀ ਇੱਕ ਅਜਿਹਾ ਤਿਉਹਾਰ ਹੈ ਜੋ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਭਾਈਚਾਰਕ ਸਾਂਝ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਇਸ ਤਿਉਹਾਰ ਨੂੰ ਇੰਨੇ ਉਤਸ਼ਾਹ ਨਾਲ ਮਨਾਉਂਦੇ ਹੋਏ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ, ਮੈਂ ਸਾਰਿਆਂ ਨੂੰ ਖੁਸ਼ੀ ਅਤੇ ਸੁਰੱਖਿਅਤ ਹੋਲੀ ਦੀ ਕਾਮਨਾ ਕਰਦਾ ਹਾਂ।
ਇਹ ਸਮਾਗਮ ਸ਼ਾਨਦਾਰ ਸਫ਼ਲ ਰਿਹਾ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਤਿਉਹਾਰ ਦਾ ਆਨੰਦ ਮਾਣਿਆ ਅਤੇ ਸਥਾਈ ਯਾਦਾਂ ਬਣਾਈਆਂ। ਕਾਲਜ ਪ੍ਰਸ਼ਾਸਨ ਭਵਿੱਖ ਵਿੱਚ ਅਜਿਹੇ ਹੋਰ ਸਮਾਗਮਾਂ ਦਾ ਆਯੋਜਨ ਕਰਨ ਲਈ ਉਤਸੁਕ ਹੈ ਜੋ ਕੈਂਪਸ ਵਿੱਚ ਸੱਭਿਆਚਾਰਕ ਸਦਭਾਵਨਾ ਅਤੇ ਸ਼ਮੂਲੀਅਤ ਨੂੰ ਵਧਾਵਾ ਦੇਣ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਡਾ. ਕੰਚਨ ਸ਼ਰਮਾਂ, ਡਾ. ਪ੍ਰੀਤ ਕੰਵਲ ਕੌਰ, ਆਰਕੀਟੈਕਟ ਗੁਰਪ੍ਰੀਤ ਸਿੰਘ, ਵਿਸ਼ਾਲ ਅਰੋੜਾ, ਉਂਕਾਰ ਸਿੰਘ, ਭਵਨਪ੍ਰੀਤ ਕੌਰ, ਨਿਲੇਸ਼ਵਰ ਟਾਕ, ਕਮਲਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।