ਪੱਤਰਕਾਰਾਂ ਨੂੰ ਅਜ਼ਾਦੀ ਦਿਵਸ ਸਮਾਗਮ ਵਿੱਚ ਜਾਣ ਤੋਂ ਰੋਕਣ ਵਿਰੁੱਧ ਰੋਸ

209

ਪੱਤਰਕਾਰਾਂ ਨੂੰ ਅਜ਼ਾਦੀ ਦਿਵਸ ਸਮਾਗਮ ਵਿੱਚ ਜਾਣ ਤੋਂ ਰੋਕਣ ਵਿਰੁੱਧ ਰੋਸ

ਬਹਾਦਰਜੀਤ ਸਿੰਘ /ਰੂਪਨਗਰ, 16 ਅਗਸਤ,2022
ਨਹਿਰੂ ਸਟੇਡੀਅਮ ਰੂਪਨਗਰ ’ਚ 76ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਇਸ ਵਾਰ ਮੀਡੀਆ ਨੂੰ ਸਮਾਗਮ ਕਵਰ ਕਰਨ ਲਈ ਐਂਟਰੀ ਨਾ ਮਿਲ ਸਕੀ। ਐਂਟਰੀ ਗੇਟ ’ਤੇ ਇੱਕ ਡਿਊਟੀ ਥਾਣੇਦਾਰ ਨੇ ਇਹ ਕਹਿ ਕੇ ਮੀਡੀਆ ਕਰਮੀਆਂ ਨੂੰ ਸਮਾਗਮ ’ਚ ਜਾਣ ਤੋਂ ਰੋਕ ਦਿੱਤਾ ਕਿ ਇੱਥੋਂ ਲੰਘਾਉਣ ਲਈ ਉਸ ਕੋਲ ਲਿਖਤੀ ਹੁਕਮ ਨਹੀਂ ਹਨ ਹਾਲਾਂਕਿ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਸਮਾਗਮ ’ਚ ਇੰਨੇ ਮਸਰੂਫ਼ ਸਨ ਕਿ ਉਨ੍ਹਾਂ ਨੇ ਇਸ ਗੇਟ ’ਤੇ ਇੱਕ ਦਰਜਾ ਤਿੰਨ ਕਰਮਚਾਰੀ ਖੜ੍ਹਾਇਆ ਹੋਇਆ ਸੀ ਪਰ ਉਸ ਦੇ ਕਹਿਣ ’ਤੇ ਵੀ ਜਦੋਂ ਮੀਡੀਆ ਕਰਮੀਆਂ ਨੂੰ ਐਂਟਰੀ ਨਾ ਮਿਲੀ ਤਾਂ ਉਹ ਨਿਰਾਸ਼ ਹੋ ਕੇ ਆਪੋ-ਆਪਣੇ ਘਰ ਪਰਤ ਗਏ।

ਪਹਿਲੀ ਵਾਰ ਮੀਡੀਆ ਨੂੰ 75 ਵਰਿ੍ਹਆਂ ਦੀ ਆਜ਼ਾਦੀ ਵਰ੍ਹੇਗੰਢ ਦੇ ਜਸ਼ਨਾਂ ’ਚ ਸ਼ਾਮਲ ਹੋਣ ਦਾ ਮੌਕਾ ਹੀ ਨਾ ਮਿਲ ਸਕਿਆ। ਜਦੋਂ ਅਧਿਕਾਰੀਆਂ ਨੂੰ ਇਸ ਦਾ ਅਹਿਸਾਸ ਹੋਇਆ ਕਿ ਸਮਾਗਮ ’ਚ ਮੀਡੀਆ ਗੈਲਰੀ ਖ਼ਾਲੀ ਹੈ ਤਾਂ ਪੁਲੀਸ ਦੇ ਕਈ ਅਧਿਕਾਰੀ ਪੱਤਰਕਾਰਾਂ ਨੂੰ ਲੱਭਦੇ ਰਹੇ ਅਤੇ ਸਮਾਗਮ ’ਚ ਜਾਣ ਲਈ ਆਖਣ ਲੱਗੇ ਪਰ ਉਦੋਂ ਤੱਕ ਸਮਾਗਮ ਸਮਾਪਤ ਹੋ ਚੁੱਕਾ ਸੀ। ਪੱਤਰਕਾਰ ਭਾਈਚਾਰੇ ਨੇ ਸਿਵਲ ਪ੍ਰਸ਼ਾਸਨ, ਪੁਲੀਸ ਅਤੇ ਲੋਕ ਸੰਪਰਕ ਵਿਭਾਗ ਦੀ ਇਸ ਨਾਲਾਇਕੀ ਬਾਰੇ ਮੁੱਖ ਮੰਤਰੀ, ਪੰਜਾਬ ਨੂੰ ਵੀ ਚਿੱਠੀ ਲਿਖੀ ਹੈ। ਇਸ ਬਾਬਤ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਆਪੋ ਆਪਣੇ ਪੱਧਰ ’ਤੇ ਜਾਂਚ ਅਰੰਭ ਦਿੱਤੀ ਹੈ।

ਪੱਤਰਕਾਰਾਂ ਨੂੰ ਅਜ਼ਾਦੀ ਦਿਵਸ ਸਮਾਗਮ ਵਿੱਚ ਜਾਣ ਤੋਂ ਰੋਕਣ ਵਿਰੁੱਧ ਰੋਸ

ਉਨ੍ਹਾਂ ਪ੍ਰੈੱਸ ਕਲੱਬ ਦੇ ਆਗੂਆਂ ਕੋਲ ਇਸ ਗ਼ਲਤੀ ਬਾਰੇ ਗਹਿਰਾ ਖੇਦ ਵੀ ਪ੍ਰਗਟ ਕੀਤਾ ਅਤੇ ਕਿਹਾ ਕਿ    ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਤਾਂ ਜੋ  ਅੱਗੋਂ ਅਜਿਹੀ ਗ਼ਲਤੀ ਨਾ ਹੋਵੇ  ਪੱਤਰਕਾਰ ਭਾਈਚਾਰੇ ਨੇ ਵੀ ਡੀ.ਸੀ. ਅਤੇ ਐਸ.ਐਸ.ਪੀ. ਕੋਲ ਇਸ ਮਾਮਲੇ ’ਤੇ ਅਫ਼ਸੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ’ਤੇ ਪੁੱਜਣ ਦਾ ਬੜਾ ਚਾਅ ਸੀ ਅਤੇ ਉਹ ਪ੍ਰੈੱਸ ਕਲੱਬ ਭਵਨ ’ਚ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਜ਼ਿਲ੍ਹਾ ਪੱਧਰੀ ਸਮਾਗਮਾਂ ਦੀ ਕਵਰੇਜ ਕਰਨ ਪੁੱਜੇ ਸਨ ਅਤੇ ਬੱਚਿਆਂ ਦੇ ਰੰਗਾਰੰਗ ਪ੍ਰੋਗਰਾਮ ਦਾ ਅਨੰਦ ਲੈਣ ਗਏ ਸਨ।

ਇਸੇ ਦੌਰਾਨ ਅੱਜ ਜਾਰੀ ਪ੍ਰੈੱਸ ਨੋਟ ਅਨੁਸਾਰ ਨਹਿਰੂ ਸਟੇਡੀਅਮ ਰੂਪਨਗਰ ’ਚ ਜ਼ਿਲ੍ਹਾ ਪੱਧਰੀ ਸਮਾਗਮ ’ਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਜ਼ਿਲ੍ਹੇ ’ਚ ਵੱਖ-ਵੱਖ ਵਿਕਾਸ ਕਾਰਜਾਂ ’ਤੇ ਚਾਨਣਾ ਪਾਇਆ। ਇਸ ਮੌਕੇ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ। ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੋਰਿਓਗ੍ਰਾਫ਼ੀ, ਡਾਂਸ ਅਤੇ ਗਿੱਧੇ ਆਦਿ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਰੱਸਾਕਸ਼ੀ, ਰਿਲੇਅ ਰੇਸ ਦੇ ਮੁਕਾਬਲੇ ਵੀ ਹੋਏ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਨਦਾਰਦ ਰਹੇ ਪਰ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਜ਼ਿਲ੍ਹਾ ਸੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।