ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਬੀਐਸਐਫ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਸਾਦਕੀ ਚੌਂਕੀ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ

119

ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਬੀਐਸਐਫ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਸਾਦਕੀ ਚੌਂਕੀ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ

ਫਾਜ਼ਿਲਕਾ 24 ਜੂਨ,2024
ਨਾਰਕੋਟਿਕਸ ਕੰਟਰੋਲ ਬਿਊਰੋ ਅੰਮ੍ਰਿਤਸਰ ਯੂਨਿਟ ਵੱਲੋਂ ਅੱਜ ਸੀਮਾ ਸੁਰੱਖਿਆ ਬਲ ਅਤੇ ਜਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਸਹਿਯੋਗ ਨਾਲ ਸਾਦਕੀ ਚੌਕੀ ਵਿਖੇ ਰੀਟਰੀਟ ਰਸਮ ਮੌਕੇ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ ।

ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਐਨਸੀਬੀ ਦੇ ਅਸਿਸਟੈਂਟ ਡਾਇਰੈਕਟਰ ਦਾਨਿਸ਼ ਗਿੱਲ ਆਈਆਰਐਸ ਵਿਸ਼ੇਸ਼ ਤੌਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕਿਹਾ ਕਿ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਸਰਕਾਰ ਵੱਲੋਂ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਨੇ ਆਖਿਆ ਕਿ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਜਾ ਰਹੀ ਹੈ ਅਤੇ ਨਸ਼ੇ ਤੋਂ ਪੀੜਤਾਂ ਦੇ ਮੁਫਤ ਇਲਾਜ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਗਈ ਹੈ। ਪਰ ਇਸ ਲੜਾਈ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ ।

ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਸਿਸਟੈਂਟ ਡਾਇਰੈਕਟਰ ਦਾਨਿਸ਼ ਗਿੱਲ ਨੇ ਕਿਹਾ ਕਿ ਇਸੇ ਲਈ ਜਨ ਜਾਗਰੂਕਤਾ ਹਿੱਤ ਐਨਸੀਬੀ ਵੱਲੋਂ ਇੱਕ ਮੁਹਿੰਮ ਆਰੰਭ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਐਨਸੀਬੀ ਵੱਲੋਂ ਅਟਾਰੀ ਵਿਖੇ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰਕਾਰ ਦੇ ਨਸ਼ੇ ਸਬੰਧੀ ਸੂਚਨਾ ਦੇਣ । ਉਹਨਾਂ ਨੇ ਦੱਸਿਆ ਕਿ 26 ਜੂਨ ਨੂੰ ਐਨਸੀਬੀ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ ਜਿੱਥੇ ਕੋਈ ਵੀ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸੂਚਨਾ ਦੇ ਸਕਦਾ ਹੈ । ਸੂਚਨਾ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਵੇਗੀ।

ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਬੀਐਸਐਫ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਸਾਦਕੀ ਚੌਂਕੀ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ

ਇਸ ਮੌਕੇ ਨਸ਼ਿਆਂ ਦੇ ਖਿਲਾਫ ਰੀਟਰੀਟ ਵੇਖਣ ਆਏ ਲੋਕਾਂ ਦੇ ਨਾਲ ਸਭ ਨੇ ਸੰਹੁ ਚੁੱਕੀ। ਇਸ ਮੌਕੇ ਬੀਐਸਐਫ ਦੇ ਕੰਪਨੀ ਕਮਾਂਡਰ ਆਰਪੀ ਬੱਕਲ, ਐਨਸੀਬੀ ਦੇ ਸੁਪਰੀਡੈਂਟ ਰੋਹਿਤ ਸ੍ਰੀਵਾਸਤਵ, ਇੰਸਪੈਕਟਰ ਪ੍ਰਵੀਨ, ਬਲਵੰਤ ਰਾਏ ਅਤੇ ਅਤੁਲ ਮਿਸ਼ਰਾ ਵੀ ਹਾਜ਼ਰ ਸਨ, ਜਦੋਂ ਸਿਵਲ ਸੁਸਾਇਟੀ ਤੋਂ ਲੀਲਾਧਰ ਸ਼ਰਮਾ ਵੀ ਹਾਜ਼ਰ ਰਹੈ।