20 ਨਵੰਬਰ ਨੂੰ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਹਾਦਤ ਨੂੰ ਦਰਸਾਉਦਾ ਰੋਸ਼ਨੀ ਅਤੇ ਆਵਾਜ਼ ਪ੍ਰੋਗਰਾਮ ਚਰਨ ਗੰਗਾ ਸਟੇਡੀਅਮ ਵਿਚ ਹੋਵੇਗਾ ਆਯੋਜਿਤ- ਬੈਂਸ
ਬਹਾਦਰਜੀਤ ਸਿੰਘ /royalpatiala.in News/ ਸ੍ਰੀ ਅਨੰਦਪੁਰ ਸਾਹਿਬ 18 ਨਵੰਬਰ,2025
ਪੰਜਾਬ ਸਰਕਾਰ ਵੱਲੋਂ ਨੋਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸ਼ਤਾਬਦੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਹੁਤ ਹੀ ਸ਼ਰਧਾ ਨਾਲ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ, ਜਿਸ ਦੀਆਂ ਅਗਾਓ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਸੰਗਤਾਂ ਦੀ ਵੱਡੇ ਪੱਧਰ ਤੇ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸਾਸ਼ਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਇਹ ਜਾਣਕਾਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਲਈ ਵਿਆਪਕ ਪੱਧਰ ਤੇ ਤਿਆਰੀਆਂ ਕੀਤੀਆ ਜਾ ਰਹੀਆਂ ਹਨ ਇਨ੍ਹਾਂ ਸਮਾਗਮਾਂ ਵਿਚ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿਚ ਪਹੁੰਚਣ ਦੀ ਸੰਭਾਵਨਾ ਹੈ। ਪ੍ਰਸਾਸ਼ਨ ਵੱਲੋਂ ਪਿਛਲੇ ਲਗਭਗ ਦੋ ਮਹੀਨੇ ਤੋਂ ਇਸ ਸਬੰਧ ਵਿਚ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਨੂੰ ਦਰਸਾਉਦੇ ਰੋਸ਼ਨੀ ਅਤੇ ਅਵਾਜ਼ ਦੇ ਪ੍ਰੋਗਰਾਮ 20 ਨਵੰਬਰ ਨੂੰ ਸਥਾਨਕ ਚਰਨ ਗੰਗਾ ਸਟੇਡੀਅਮ ਵਿਚ ਕਰਵਾਏ ਜਾਣਗੇ। ਗੁਰੂ ਨਗਰੀ ਵਿੱਚ 23 ਤੋ 25 ਨਵੰਬਰ ਤੱਕ ਲੜੀਵਾਰ ਵਿਆਪਕ ਪੱਧਰ ਤੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਥਾਨਕ ਚਰਨ ਗੰਗਾ ਸਟੇਡੀਅਮ ਜਿੱਥੇ ਰੋਸ਼ਨੀ ਅਤੇ ਆਵਾਜ ਰਾਹੀ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਨੂੰ ਦਰਸਾਇਆ ਜਾਵੇਗਾ, ਉਸ ਸਥਾਨ ਤੇ ਸਾਫ ਸਫਾਈ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ। ਸੰਗਤਾਂ ਦੀ ਸਹੂਲਤ ਲਈ ਚਰਨ ਗੰਗਾ ਸਟੇਡੀਅਮ ਦੇ ਆਲੇ ਦੁਆਲੇ ਵਾਹਨਾ ਦੀ ਪਾਰਕਿੰਗ ਲਈ ਢੁਕਵੀਆਂ ਥਾਵਾ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾ ਨੇ ਦੱਸਿਆ ਕਿ ਚਰਨ ਗੰਗਾ ਸਟੇਡੀਅਮ ਨੂੰ ਆਉਣ ਵਾਲੇ ਸਾਰੇ ਮਾਰਗਾਂ ਤੇ ਰਾਤ ਸਮੇਂ ਸਟਰੀਟ ਲਾਈਟ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਟੇਡੀਅਮ ਵਿਚ ਰੰਗ ਰੋਗਨ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਜਿਹੜੇ ਸ਼ਰਧਾਲੂ ਇਸ ਸਥਾਨ ਤੇ ਪਹੁੰਚਣਗੇ ਉਨ੍ਹਾਂ ਦੇ ਬੈਠਣ ਲਈ ਢੁਕਵੀ ਵਿਵਸਥਾ ਕੀਤੀ ਜਾ ਰਹੀ ਹੈ, ਇਸ ਸਟੇਡੀਅਮ ਦੇ ਆਲੇ ਦੁਆਲੇ ਸੁਰੱਖਿਆ ਦੇ ਸੁਚਾਰੂ ਪ੍ਰਬੰਧ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਦੀਆਂ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ ਅਤੇ ਸਮਾਗਮ ਵਾਲੇ ਸਥਾਨ ਤੇ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਅੰਤਿਮ ਛੋਹਾ ਦਿੱਤੀਆਂ ਜਾ ਰਹੀਆਂ ਹਨ।












